ਹਰਿੰਦਰ ਨਿੱਕਾ , ਬਰਨਾਲਾ 10 ਅਪ੍ਰੈਲ 2024
ਬਰਨਾਲਾ ਸ਼ਹਿਰ ਦੇ ਅੰਦਰੂਨ ਧਨੌਲਾ ਰੋਡ ਤੇ ਸਥਿਤ ਜੀ ਐਂਡ ਜੀ ਮੋਟਰ ਸਟੋਰ ਦਾ ਮਾਲਿਕ ਵਿਕਾਸ ਗਰਗ ਉਰਫ ਜੋਨੀ ਭੇਦਭਰੀ ਹਾਲਤ ਵਿੱਚ ਗੁੰਮ ਹੋ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਉਹ ਆਪਣੇ ਸਾਂਢੂ ਅਤੇ ਰਿਸ਼ਤੇਦਾਰਾਂ ਤੋਂ ਕਾਫੀ ਦਿਨਾਂ ਤੋਂ ਪ੍ਰੇਸ਼ਾਨ ਚੱਲ ਰਿਹਾ ਹੀ। ਲਾਪਤਾ ਜੋਨੀ ਦੇ ਪਰਿਵਾਰਿਕ ਮੈਂਬਰਾਂ ਨੇ ਜਿੱਥੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਉੱਥੇ ਹੀ ਜੋਨੀ ਨੂੰ ਕਥਿਤ ਤੌਰ ਤੇ ਪ੍ਰੇਸ਼ਾਨ ਕਰ ਰਹੇ ਉਸ ਦੇ ਸਾਢੂ ਦੀ ਗੈਸ ਏਜੰਸੀ ਦੇ ਬਾਹਰ, ਧਰਨਾ ਲਾ ਕੇ ਨਾਅਰੇਬਾਜੀ ਵੀ ਸ਼ੁਰੂ ਕਰ ਦਿੱਤੀ ਹੈ। ਪਰਿਵਾਰਿਕ ਮੈਂਬਰ ਮੰਗ ਕਰ ਰਹੇ ਹਨ ਕਿ ਜੋਨੀ ਨੂੰ ਪ੍ਰੇਸ਼ਾਨ ਕਰ ਰਹੇ ਉਸ ਦੇ ਸਾਂਢੂ ਵਰਿੰਦਰ ਕੁਮਾਰ ਸਿੰਗਲਾ @ ਕਾਕਾ ਵਾਸੀ ਬਰਨਾਲਾ ਅਤੇ ਹੋਰਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉੱਧਰ ਵਰਿੰਦਰ ਕੁਮਾਰ ਕਾਕਾ ਨੇ ਖੁਦ ਤੇ ਲੱਗੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਮੇਰਾ, ਜੋਨੀ ਨੂੰ ਲਾਪਤਾ ਕਰਨ ਵਿੱਚ ਕੋਈ ਰੋਲ ਨਹੀਂ, ਬਿਨ੍ਹਾਂ ਵਜ੍ਹਾ ਹੀ , ਜੋਨੀ ਦੇ ਪਰਿਵਾਰਿਕ ਮੈਂਬਰ ਮੈਨੂੰ ਝੂਠੇ ਦੋਸ਼ ਲਾ ਕੇ, ਬਦਨਾਮ ਕਰ ਰਹੇ ਹਨ। ਅਸੀਂ ਵੀ ਚਾਹੁੰਦੇ ਹਾਂ ਕਿ ਉਹ ਜਲਦ ਤੋਂ ਜਲਦ ਘਰ ਪਰਤ ਆਵੇ, ਅਸੀਂ ਵੀ ਉਸ ਦੀ ਭਾਲ ਕਰ ਰਹੇ ਹਾਂ।
ਗੈਸ ਏਜੰਸੀ ਖਿਲਾਫ ਧਰਨਾ ਦੇ ਰਹੇ ਵਿਅਕਤੀ ਵਰਿੰਦਰ ਕੁਮਾਰ ਨੇ ਕਿਹਾ ਕਿ ਮੇਰੀ ਭੂਆ ਦੇ ਬੇਟਾ ਵਿਕਾਸ ਗਰਗ ਜੋਨੀ (42) ਪੁੱਤਰ ਜੀਵਨ ਲਾਲ ਗਰਗ ਵਾਸੀ ਬਰਨਾਲਾ ,ਕਾਫੀ ਸਮੇਂ ਤੋਂ ਬਰਨਾਲਾ ਵਿਖੇ ਹੀ ਜੀ ਐਂਡ ਜੀ ਸਪੇਅਰ ਪਾਰਟਸ ਦਾ ਕੰਮ ਕਰਦਾ ਸੀ। ਪਰੰਤੂ ਗਹਿਰੀ ਸਾਜਿਸ਼ ਤਹਿਤ ਵਿਕਾਸ ਜੋਨੀ ਦੇ ਸਾਂਢੂ ਵਰਿੰਦਰ ਕੁਮਾਰ ਸਿੰਗਲਾ @ ਕਾਕਾ ਅਤੇ ਰਿਸ਼ਤੇਦਾਰ ਅਮਿਤ ਕਾਂਸਲ ਅਤੇ ਅਰੁਣ ਕਾਂਸਲ @ ਰਿਸ਼ੂ ਵਾਸੀ ਡੇਰਾ ਬਸੀ ਨੇ ਉਸ ਨੂੰ ਵਰਗਲਾ ਕੇ, ਉਸ ਦਾ ਇੱਥੋਂ (ਬਰਨਾਲਾ ) ਵਾਲਾ ਸਪੇਅਰ ਪਾਰਟਸ ਦਾ ਕੰਮ ਬੰਦ ਕਰਕੇ,ਉਸ ਵਿੱਚ ਪਿਆ ਲੱਖਾਂ ਰੁਪਏ ਦਾ ਸਮਾਨ ਕੌੜੀਆਂ ਦੇ ਭਾਅ ਕਬਾੜੀਆਂ ਨੂੰ ਵੇਚ ਦਿੱਤਾ। ਉਕਤ ਤਿੰਨੋਂ ਜਣੇ ਹੀ, ਕਰੀਬ 6 ਮਹੀਨੇ ਪਹਿਲਾਂ ਉਸ ਨੂੰ ਬਹਿਲਾ ਫੁਸਲਾ ਕੇ ਪੰਚਕੂਲਾ ਵਿਖੇ ਹੋਰ ਕੰਮ ਕਰਵਾਉਣ ਦੇ ਬਹਾਨੇ ਲੈ ਗਏ। ਉੱਥੇ ਕੰਮ ਵਿੱਚ ਉਸ ਨੇ ਕਰੀਬ ਕਰੋੜ ਰੁਪੱਇਆ ਖਰਚ ਕਰਵਾਕੇ ਕਥਿਤ ਤੌਰ ਤੇ ਬਰਬਾਦ ਕਰਵਾ ਦਿੱਤਾ । ਪਰੰਤੂ ਹੁਣ ਕਾਫੀ ਸਮੇਂ ਤੋਂ ਉਕਤ ਸਾਰੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਦੇ ਆ ਰਹੇ ਸਨ । ਵਿਕਾਸ ਗਰਗ ਜੋਨੀ ਦੇ ਭਰਾ ਅਤੇ ਸੀਨੀਅਰ ਅਕਾਲੀ ਆਗੂ ਨੀਰਜ ਜਿੰਦਲ ਨੇ ਕਿਹਾ ਕਿ ਲੰਘੀ ਦਿਨ, ਉਸ ਦੇ ਭਰਾ ਵਿਕਾਸ ਜੋਨੀ ਨੇ ਮੋਬਾਇਲ ਤੇ ਮੈਸਜ ਕਰਕੇ, ਕਿਹਾ ਕਿ, ” ਵੀਰ ਮੈਨੂੰ ਕਾਕੇ ਅਤੇ ਰਿਸ਼ੂ ਨੇ ਬਰਬਾਦ ਕਰ ਦਿੱਤਾ, ਮੈਂ ਕਿਸੇ ਪਾਸੇ ਦਾ ਨਹੀਂ ਰਿਹਾ “ ਇਸ ਮੈਸਜ ਤੋਂ ਬਾਅਦ ਉਹ ਲੰਘੇ ਐਤਵਾਰ ਨੂੰ ਲਾਪਤਾ ਹੋ ਗਿਆ। ਜਿਸ ਦਾ ਹਾਲੇ ਤੱਕ ਕੋਈ ਅਤਾ ਪਤਾ ਨਹੀਂ ਲੱਗ ਰਿਹਾ। ਕਾਕਾ, ਅਮਿਤ ਅਤੇ ਅਰੁਣ ਰਿਸ਼ੂ ਵੀ, ਕੋਈ ਗੱਲ ਥੜ੍ਹੇ ਥੂਹ ਨਹੀਂ ਲੱਗਣ ਦਿੰਦੇ। ਉਨ੍ਹਾਂ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਉਕਤ ਤਿੰਨੋਂ ਜਣਿਆਂ ਨੇ ਜਾਂ ਤਾਂ ਉਸ ਨੂੰ ਅਗਵਾ ਕਰਕੇ, ਕਿਤੇ ਲੁਕਾ ਛਿਪਾ ਰੱਖਿਆ ਹੈ। ਜ਼ਾ ਫਿਰ ਉਸ ਨੇ ਇੱਨ੍ਹਾਂ ਤੋਂ ਤੰਗ ਪ੍ਰੇਸ਼ਾਨ ਹੋ ਕੇ, ਕੋਈ ਗਲਤ ਕਦਮ ਚੁੱਕ ਲਿਆ ਹੈ। ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਵਰਿੰਦਰ ਕਾਕਾ, ਅਮਿਤ ਅਤੇ ਅਰੁਣ ਰਿਸ਼ੂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਕੇ, ਵਿਕਾਸ ਨੂੰ ਬਰਾਮਦ ਕਰਵਾਇਆ ਜਾਵੇ।
ਵਰਿੰਦਰ ਕਾਕਾ ਨੇ ਦੋਸ਼ਾਂ ਨੂੰ ਨਕਾਰਿਆ…
ਵਰਿੰਦਰ ਕੁਮਾਰ ਸਿੰਗਲਾ @ ਕਾਕਾ ਨੇ ਵਿਕਾਸ ਗਰਗ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਵਿਕਾਸ ਗਰਗ ਮੇਰਾ ਸਾਂਢੂ ਜਰੂਰ ਹੈ,ਅਸੀਂ ਵਿਕਾਸ, ਅਮਿਤ ਅਤੇ ਅਰੁਣ ਰਿਸ਼ੂ ਨੇ ਮਿਲ ਕੇ, ਸਾਂਝਾ ਕਾਰੋਬਾਰ ਪੰਚਕੂਲਾ ਵਿਖੇ ਕੀਤਾ ਸੀ, ਜਿਸ ਨੂੰ ਸਿਰਫ ਵਿਕਾਸ ਹੀ ਸੰਭਾਲਦਾ ਸੀ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ, ਉਹ ਘਰੋਂ ਲਾਪਤਾ ਹੋ ਗਿਆ, ਅਸੀਂ ਪਹਿਲਾਂ, ਉਸਦੀ ਆਪਣੇ ਪੱਧਰ ਤੇ ਭਾਲ ਕੀਤੀ, ਫਿਰ ਪੰਚਕੂਲਾ ਵਿਖੇ ਹੀ, ਕੰਪਲੇਂਟ ਦਰਜ ਕਰਵਾਈ ਹੈ। ਹਾਲੇ ਵੀ, ਅਸੀਂ ਉਸ ਦੀ ਤਲਾਸ਼ ਕਰ ਰਹੇ ਹਾਂ।