ਰਘਵੀਰ ਹੈਪੀ, ਬਰਨਾਲਾ 8 ਅਪ੍ਰੈਲ 2024
ਆਜ਼ਾਦ ਨਗਰ ਬਰਨਾਲਾ ਵਿੱਚ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਵਿਖੇ ਇੱਕ ਵਿਸ਼ੇਸ਼ ਸਾਹਿਤਕ ਸਮਾਗਮ ਕੀਤਾ ਗਿਆ। ਜਿਸ ਵਿੱਚ ਉੱਘੇ ਅੰਬੇਡਕਰੀ ਗੀਤਕਾਰ ਅਤੇ ਗਾਇਕ ਹਾਕਮ ਸਿੰਘ ਨੂਰ ਦੁਆਰਾ ਲਿਖੇ ਗੀਤ ‘ ਸੁਣੋ ਦੇਸ਼ ਮੇਰੇ ਦੇ ਦਲਿਤ ਲੋਕੋ’ ਰਿਲੀਜ਼ ਕੀਤਾ ਗਿਆ। ਇਸ ਗੀਤ ਨੂੰ ਸੰਗੀਤ ਸ੍ਰੀ ਸ਼ਿੰਗਾਰਾ ਸਿੰਘ ਚਹਿਲ ਜੀ ਵੱਲੋਂ ਅਤੇ ਆਵਾਜ਼ ਨਵ ਗੁਲਸ਼ਨ ਸਿੰਘ ਗੋਰਕੀ ਤੇ ਹਾਕਮ ਸਿੰਘ ਨੂਰ ਨੇ ਦਿੱਤੀ। ਇਸ ਸਮਾਗਮ ਵਿੱਚ ਲਗਭਗ ਇੱਕ ਸੈਂਕੜੇ ਤੋਂ ਵਧੇਰੇ ਲੋਕ ਗਿਣਤੀ ਵਿੱਚ ਇਕੱਤਰ ਹੋਏ।
ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਸੰਗੀਤਕਾਰ ਸ੍ਰੀ ਸ਼ਿੰਗਾਰਾ ਸਿੰਘ ਚਹਿਲ, ਹਸਨਵੀਰ ਚਹਿਲ, ਲੋਕ ਕਵੀ ਮਾ. ਸੁਰਜੀਤ ਸਿੰਘ ਦਿਹੜ, ਪਰੋੜ ਸਾਹਿਤਕਾਰ ਸਾਗਰ ਸਿੰਘ ਸਾਗਰ, ਸਿੱਖ ਵਿਦਵਾਨ ਰਾਜਵਿੰਦਰ ਸਿੰਘ ਰਾਹੀ ਅਤੇ ਨੂਰ ਦੇ ਮਾਤਾ ਜੀ ਛੋਟੀ ਕੌਰ ਵੱਲੋਂ ਕੀਤੀ ਗਈ। ਮਾ. ਕਰਮਜੀਤ ਸਿੰਘ ਜੱਗੀ ਦੀ ਟੀਮ ਵੱਲੋਂ ਗੀਤ ਦੀ ਵੀਡੀਓ ਨੂੰ ਪਰਦੇ ਤੇ ਬਹੁਤ ਹੀ ਵਧੀਆ ਢੰਗ ਨਾਲ ਦਿਖਾਇਆ। ਇਸ ਉਪਰੰਤ ਨੂਰ ਪਰਿਵਾਰ ਵੱਲੋਂ ਸ੍ਰੀਮਤੀ ਮਿੱਠੋ ਕੌਰ ਅਤੇ ਮਾਤਾ ਛੋਟੀ ਕੌਰ ਜੀ ਨੇ ਸ਼ਿੰਗਾਰਾ ਸਿੰਘ ਚਹਿਲ ਅਤੇ ਚਹਿਲ ਮਿਊਜਿਕ ਕੰਪਨੀ ਦੇ ਡਾਇਰੈਕਟਰ ਹਸਨਵੀਰ ਚਹਿਲ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਸਨਮਾਨ ਕੀਤਾ। ਸਮਾਗਮ ਵਿੱਚ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਸਾਗਰ ਸਿੰਘ ਸਾਗਰ, ਡਾ. ਦਰਸ਼ਨ ਸਿੰਘ ਠੀਕਰੀਵਾਲਾ, ਸੰਗੀਤਕਾਰ ਡਾ. ਮਨਪ੍ਰੀਤ ਸਿੰਘ ਧਾਲੀਵਾਲ, ਸ੍ ਦਰਸ਼ਨ ਸਿੰਘ ਬਾਜਵਾ (ਸੰਪਾਦਕ ਅੰਬੇਡਕਰੀ ਦੀਪ) ਨਾਟਕਕਾਰ ਵਿੰਦਰ ਠੀਕਰੀਵਾਲਾ, ਮਾ. ਸੁਰਜੀਤ ਸਿੰਘ ਦਿਹੜ, ਸ਼ਿੰਗਾਰਾ ਸਿੰਘ ਚਹਿਲ , ਰਾਜਵਿੰਦਰ ਸਿੰਘ ਰਾਹੀ ਅਤੇ ਦਰਸ਼ਨ ਸਿੰਘ ਜਲੂਰ ਨੇ ਕਿਹਾ ਕਿ ਕਿ ਹਰ ਜਬਰ ਜੁਲਮ ਅਤੇ ਅਨਿਆ ਵਿਰੁੱਧ ਲੜਨ ਵਾਲੇ ਲੋਕਾਂ ਦੀ ਮਾਤਭੂਮੀ ਬਰਨਾਲਾ ਨੂੰ ਇਹ ਮਾਣ ਹੈ ਕਿ ਕਿ ਇਸੇ ਧਰਤੀ ਦਾ ਜਾਇਆ ਹਾਕਮ ਸਿੰਘ ਨੂਰ ਸਦੀਆਂ ਤੋਂ ਦੱਬੇ ਕੁਚਲੇ ਅਤੇ ਲਿਤਾੜੇ ਹੋਏ ਲੋਕਾਂ ਦੀ ਆਵਾਜ਼ ਬਣ ਕੇ ਮੈਦਾਨ ਵਿੱਚ ਗੂੰਜਿਆ ਹੈ ।
ਉਹਨਾਂ ਕਿਹਾ ਕਿ ਨੂਰ ਸਿਰਫ ਗਾਇਕ ਅਤੇ ਗੀਤਕਾਰ ਹੀ ਨਹੀਂ ਸਗੋਂ ਸੰਘਰਸ਼ ਦੇ ਮੈਦਾਨ ਵਿੱਚ ਜੂਝਣ ਵਾਲਾ ਨਿਧੜਕ ਵਿਅਕਤੀ ਹੈ। ਇਸੇ ਕਾਰਨ ਉਸਦਾ ਸਾਰਾ ਸਾਹਿਤ ਸਭ ਤੋਂ ਵੱਧ ਦੁਖੀ ਦਲਿਤ ਲੋਕਾਂ ਦੇ ਦੁੱਖਾਂ ਨੂੰ ਲੋਕ ਬੋਲੀ ਰਾਹੀਂ ਪੇਸ਼ ਕਰਦਾ ਹੈ। ਜਦੋਂ ਵੀ ਪੰਜਾਬੀ ਦਲਿਤ ਸਾਹਿਤ ਦੀ ਗੱਲ ਹੋਵੇਗੀ ਹਾਕਮ ਸਿੰਘ ਨੂਰ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਅੰਤ ਵਿੱਚ ਹਾਕਮ ਸਿੰਘ ਨੂਰ ਵੱਲੋਂ ਇਸ ਸਮਾਗਮ ਵਿੱਚ ਪਹੁੰਚੇ ਸਮੁੱਚੇ ਲੋਕਾਂ ਤੇ ਸਮਾਗਮ ਨੂੰ ਸਫਲ ਕਰਨ ਵਾਲੇ ਕਾਰਕੁਨਾਂ ਸਰਬ ਸ੍ਰੀ ਹਰਬੰਸ ਸਿੰਘ ਸੂਬੇਦਾਰ, ਕੌਰ ਸਿੰਘ ਲੈਕਚਰਾਰ, ਕਰਨੈਲ ਸਿੰਘ ਲੈਕਚਰਾਰ, ਜਗਤਾਰ ਸਿੰਘ ਬੀਹਲਾ (ਪ੍ਰੋਪਰਟੀ ਡੀਲਰ) ਮਾ. ਡਾ.ਗੁਰਜੰਟ ਸਿੰਘ ਹਰੀਗੜ੍ਹ, ਮਾ. ਮੇਜਰ ਸਿੰਘ ਅਤੇ ਹਾਕਮ ਸਿੰਘ ਬੀ.ਪੀ.ਈ.ਓ ਆਦਿ ਦਾ ਧੰਨਵਾਦ ਕੀਤਾ ਗਿਆ।