ਸੀਸੀਟੀਵੀ ਕੈਮਰੇ ਦੀ ਫੁਟੇਜ਼ ਤੋਂ ਪੁਲਿਸ ਕਰੇਗੀ ਦੋਸ਼ੀਆਂ ਦੀ ਸ਼ਿਨਾਖਤ
ਡਾਕਟਰਾਂ ਨੂੰ ਪੁਲਿਸ ਦਾ ਭੋਰਸਾ, ਦੋਸ਼ੀਆਂ ਦੀ ਸ਼ਿਨਾਖਤ ਤੋਂ ਬਾਅਦ ਹੋਵੇਗੀ ਗਿਰਫਤਾਰੀ
ਹਰਿੰਦਰ ਨਿੱਕਾ ਬਰਨਾਲਾ 26 ਜੂਨ 2020
ਕਰਜ਼ੇ ਤੋਂ ਤੰਗ ਆ ਕੇ ਆਤਮ ਹੱਤਿਆ ਕਰਨ ਵਾਲੇ ਸ਼ਹਿਰ ਦੇ ਸੰਧੂ ਪੱਤੀ ਖੇਤਰ ਦੇ ਕਿਸਾਨ ਬਲਵਿੰਦਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਨ ਚ, ਹੋ ਰਹੀ ਦੇਰੀ ਤੋਂ ਭੜ੍ਹਕੇ ਲੋਕਾਂ ਵੱਲੋਂ ਐਸਐਮਉ ਸਣੇ ਮੈਡੀਕਲ ਬੋਰਡ ਦੇ ਡਾਕਟਰਾਂ ਨੂੰ ਦਫਤਰ ਵਿੱਚ ਹੀ ਬੰਦੀ ਬਣਾ ਕੇ ਅਤੇ ਮੌਰਚਰੀ ਦਾ ਜਿੰਦਾ ਤੋੜਕੇ ਲਾਸ਼ ਚੁੱਕ ਕੇ ਲੈ ਜਾਣ ਵਾਲੇ ਅਣਪਛਾਤੇ ਬੰਦਿਆਂ ਦੇ ਖਿਲਾਫ ਪੁਲਿਸ ਨੇ ਕੇਸ ਦਰਜ਼ ਕਰਕੇ ਸਿਹਤ ਵਿਭਾਗ ਦੇ ਮੁਲਾਜਮਾਂ ਨੂੰ ਇੱਕ ਵਾਰ ਸ਼ਾਂਤ ਕਰ ਦਿੱਤਾ ਹੈ।
ਐਸਐਮਉ ਡਾਕਟਰ ਤਪਿੰਦਰਜੋਤ ਜੋਤੀ ਕੌਸ਼ਲ ਵੱਲੋਂ ਥਾਣਾ ਸਿਟੀ ਚ, ਦਰਜ਼ ਕਰਵਾਈ ਐਫਆਈਆਰ ਨੰਬਰ 326 ਚ, ਕਿਹਾ ਗਿਆ ਹੈ ਕਿ 24 ਜੂਨ ਦੀ ਦੇਰ ਸ਼ਾਮ ਨੂੰ ਪੋਸਟਮਾਰਟਮ ਚ, ਦੇਰੀ ਦਾ ਇਲਜ਼ਾਮ ਲਾਉਂਦੇ ਲੋਕਾਂ ਦੀ ਭੀੜ ਨੇ ਪਹਿਲਾਂ ਹਸਪਤਾਲ ਮੂਹਰੇ ਧਰਨਾ ਦੇ ਕੇ ਡਾਕਟਰਾਂ ਖਿਲਾਫ ਨਾਰੇਬਾਜ਼ੀ ਕੀਤੀ ਅਤੇ ਬਾਅਦ ਚ, ਅਣਪਛਾਤੇ ਬੰਦਿਆਂ ਨੇ ਉਨ੍ਹਾਂ ਦੇ ਦਫਤਰ ਚ, ਬੈਠੇ ਪੋਸਟਮਾਰਟਮ ਲਈ ਬਣਾਏ ਮੈਡੀਕਲ ਬੋਰਡ ਦੇ ਡਾਕਟਰਾਂ ਨੂੰ ਦਫਤਰ ਅੰਦਰ ਬੰਦ ਕਰਕੇ ਬਾਹਰੋਂ ਜਿੰਦਾ ਲਾ ਦਿੱਤਾ ਗਿਆ ਸੀ । ਇਸੇ ਦੌਰਾਨ ਕੁਝ ਅਣਪਛਾਤੇ ਬੰਦੇ ਮੌਰਚਰੀ ਦਾ ਜਿੰਦਾ ਤੋੜ ਕੇ ਮ੍ਰਿਤਕ ਦੇਹ ਨੂੰ ਹੀ ਚੁੱਕ ਕੇ ਲੈ ਗਏ। ਅਜਿਹਾ ਕਰਕੇ ਅਪਰਾਧਿਕ ਸਾਜਿਸ਼ ਤਹਿਤ ਅਣਪਛਾਤੇ ਬੰਦਿਆਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਸਰਕਾਰੀ ਡਿਊਟੀ ਚ, ਵਿਘਨ ਪਾਇਆ ਅਤੇ ਸਰਕਾਰੀ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਅਤੇ ਥਾਣਾ ਸਿਟੀ 1 ਦੇ ਐਸਐਚਉ ਬਲਜੀਤ ਸਿੰਘ ਨੇ ਐਸਐਮਉ ਦੇ ਬਿਆਨ ਦੇ ਅਧਾਰ ਦੇ ਅਣਪਛਾਤੇ ਦੋਸ਼ੀਆਂ ਖਿਲਾਫ ਅਧੀਨ ਜੁਰਮ 297/454/353/186/342/120 ਬੀ/ 188 ਆਈਪੀਸੀ ਤੇ ਪ੍ਰੀਵੈਂਸ਼ਨ ਆਫ ਡੈਮੇਜ ਟੂ ਪਬਲਿਕ ਪ੍ਰੋਪਰਟੀ ਐਕਟ 1984 ਦੀ ਸੈਕਸ਼ਨ 4 ਦੇ ਤਹਿਤ ਅਣਪਛਾਤੇ ਦੋਸ਼ੀਆਂ ਦੇ ਖਿਲਾਫ ਕੇਸ ਦਰਜ਼ ਕਰ ਦਿੱਤਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਸਪਤਾਲ ਚ, ਹੋਈ ਇਸ ਘਟਨਾ ਮੌਕੇ ਦੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਦੇ ਵਿੱਚੋਂ ਦੋਸ਼ੀਆਂ ਦੀ ਸ਼ਿਨਾਖਤ ਕਰਕੇ ਉਨ੍ਹਾਂ ਨੂੰ ਜਲਦ ਹੀ ਗਿਰਫਤਾਰ ਕਰ ਲਿਆ ਜਾਵੇਗਾ।
ਵਰਣਨਯੋਗ ਹੈ ਕਿ 25 ਜੂਨ ਨੂੰ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸਿਹਤ ਸੇਵਾਵਾਂ ਠੱਪ ਕਰਕੇ ਦਿਨ ਭਰ ਹਸਪਤਾਲ ਵਿੱਚ ਰੋਸ ਧਰਨਾ ਦੇ ਕੇ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਕੇ ਉਨ੍ਹਾਂ ਨੂੰ ਗਿਰਫਤਾਰ ਕਰਨ ਲਈ ਪੁਲਿਸ ਤੇ ਕਾਰਵਾਈ ਕਰਵਾਉਣ ਲਈ ਦਬਾਅ ਪਾਇਆ ਗਿਆ ਸੀ। ਮੌਕੇ ਤੇ ਪਹੁੰਚੇ ਐਸਪੀਡੀ ਸੁਖਦੇਵ ਸਿੰਘ ਵਿਰਕ ਨੇ ਪ੍ਰਦਰਸ਼ਨਕਾਰੀ ਸਿਹਤ ਕਰਮਚਾਰੀਆਂ ਦੇ ਅਧਿਕਾਰੀਆਂ ਨੂੰ ਭੋਰਸਾ ਦਿੱਤਾ ਗਿਆ ਸੀ ਕਿ ਦੋਸ਼ੀਆਂ ਖਿਲਾਫ ਕੇਸ ਦਰਜ਼ ਕੀਤਾ ਜਾਵੇਗਾ। ਜਿਸ ਉਪਰੰਤ ਸਿਹਤ ਕਰਮਚਾਰੀਆਂ ਨੇ ਹੜਤਾਲ ਸਮਾਪਤ ਕਰ ਦਿੱਤੀ ਸੀ।