ਸੇਖਾ (ਬਰਨਾਲਾ) ਵਿਖੇ ਰੇਲ ਰੋਕ ਕੇ ਮੋਦੀ ਸਰਕਾਰ ਵਿਰੁੱਧ ਕੀਤੀ ਜੋਰਦਾਰ ਨਾਅਰੇਬਾਜੀ
ਅਦੀਸ਼ ਗੋਇਲ, ਬਰਨਾਲਾ 4 ਮਾਰਚ 2024
ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਕਿਸਾਨਾਂ ਅਤੇ ਬੰਦੀ ਸਿੰਘਾਂ ਤੋਂ ਇਲਾਵਾ ਪੰਜਾਬ ਦੇ ਹੋਰ ਅਹਿਮ ਮੁੱਦਿਆਂ ਨੂੰ ਲੈ ਕੇ ਰੇਲ ਰੋਕੋ ਅੰਦੋਲਨ ਦੇ ਦਿੱਤੇ ਗਏ ਸੱਦੇ ਨੂੰ ਅਸਫ਼ਲ ਬਨਾਉਣ ਲਈ ਪੁਲਿਸ ਵੱਲੋਂ ਕੀਤੇ ਸਖਤ ਪ੍ਰਬੰਧਾਂ ਦੇ ਬਾਵਜੂਦ ਪਾਰਟੀ ਦੇ ਜੁਝਾਰੂ ਆਗੂ ਅਤੇ ਵਰਕਰ ਰੇਲ ਰੋਕ ਅੰਦੋਲਨ ਕਰਨ ਵਿੱਚ ਸਫਲ ਰਹੇ, ਹਾਲਾਂਕਿ ਬਾਅਦ ਵਿੱਚ ਪੁਲਿਸ ਵੱਲੋਂ ਪਾਰਟੀ ਦੇ ਵੱਡੀ ਗਿਣਤੀ ਆਗੂਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ।
ਪਾਰਟੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੇ ਰੇਲ ਰੋਕੋ ਅੰਦੋਲਨ ਦੇ ਸੱਦੇ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚੋਂ ਪਾਰਟੀ ਆਗੂਆਂ ਅਤੇ ਵਰਕਰਾਂ ਦੇ ਜਥੇ ਰੇਲਾਂ ਰੋਕਣ ਲਈ ਵੱਖ-ਵੱਖ ਸਥਾਨਾਂ ਵੱਲ ਨੂੰ ਰਵਾਨਾ ਹੋਏ, ਜਿਨ੍ਹਾਂ ਨੂੰ ਪੁਲਿਸ ਵੱਲੋਂ ਥਾਂ-ਥਾਂ ‘ਤੇ ਨਾਕਾਬੰਦੀ ਕਰਕੇ ਗਿ੍ਫ਼ਤਾਰ ਕੀਤਾ ਗਿਆ ਪਰ ਪਾਰਟੀ ਦੇ ਜੁਝਾਰੂ ਆਗੂ ਅਤੇ ਵਰਕਰਾਂ ਨੇ ਹੌਂਸਲਾ ਨਹੀਂ ਛੱਡਿਆ ਅਤੇ ਸੇਖਾ (ਜ਼ਿਲ੍ਹਾ ਬਰਨਾਲਾ) ਵਿਖੇ ਰੇਲਵੇ ਲਾਈਨ ‘ਤੇ ਪਹੁੰਚ ਕੇ ਧਰਨਾ ਦਿੰਦੇ ਹੋਏ ਰੇਲ ਨੂੰ ਰੋਕਣ ਵਿੱਚ ਸਫਲਤਾ ਹਾਸਲ ਕੀਤੀ। ਧਰਨੇ ਵਿੱਚ ਸ਼ਾਮਲ ਨੌਜਵਾਨਾਂ ਵਿੱਚ ਜੋਸ਼ ਦੇਖਦੇ ਹੀ ਬਣਦਾ ਸੀ, ਜਿਨ੍ਹਾਂ ਵੱਲੋਂ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜੀ ਕੀਤੀ ਗਈ। ਪਾਰਟੀ ਆਗੂਆਂ ਵੱਲੋਂ ਰੇਲਵੇ ਲਾਈਨ ‘ਤੇ ਧਰਨੇ ਦੀ ਸੂਚਨਾ ਮਿਲਦੇ ਹੀ ਪੁਲਿਸ ਵੱਡੀ ਗਿਣਤੀ ਵਿੱਚ ਉਪਰੋਕਤ ਸਥਾਨ ‘ਤੇ ਪੁੱਜੀ ਅਤੇ ਧਰਨਾਕਾਰੀ ਆਗੂਆਂ ਅਤੇ ਵਰਕਰਾਂ ਨੂੰ ਗਿ੍ਫ਼ਤਾਰ ਕਰ ਲਿਆ।
ਇਸ ਮੌਕੇ ਪੀਏਸੀ ਮੈਂਬਰ ਬਹਾਦਰ ਸਿੰਘ ਭਸੌੜ, ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਓਕਾਂਰ ਸਿੰਘ ਬਰਾੜ, ਗੁਰਤੇਜ ਸਿੰਘ ਅਸਪਾਲ, ਪ੍ਰਬੰਧਕੀ ਸਕੱਤਰ ਹਰਿੰਦਰ ਸਿੰਘ ਔਲਖ, ਬੀਬੀ ਮੰਨਤ ਕੌਰ ਮਾਲੇਰਕੋਟਲਾ, ਯੂਥ ਆਗੂ ਗੁਰਪ੍ਰੀਤ ਸਿੰਘ ਖੁੱਡੀ, ਲਖਵੀਰ ਸਿੰਘ ਖੁੱਡੀ, ਬੀਬੀ ਮਨਵੀਰ ਕੌਰ ਰਾਹੀ, ਜੱਸਾ ਸਿੰਘ ਮਾਣਕੀ, ਕੁਲਵਿੰਦਰ ਸਿੰਘ ਕਰਮਗੜ੍ਹ, ਡਾ. ਜਸਵੀਰ ਸਿੰਘ ਬਿੱਲਾ, ਮਨਜੀਤ ਸਿੰਘ ਸੰਘੇੜਾ, ਸੁਖਚੈਨ ਸਿੰਘ ਸੰਘੇੜਾ, ਕਾਲਾ ਸਿੰਘ ਉਗੋਕੇ, ਗੁਰਜੀਤ ਸਿੰਘ ਸ਼ਹਿਣਾ, ਅਜਾਇਬ ਸਿੰਘ ਭੈਣੀ ਫੱਤਾ, ਕੁਲਵਿੰਦਰ ਸਿੰਘ ਕਾਹਨੇਕੇ ਸਮੇਤ ਸੈਂਕੜੇ ਆਗੂ ਅਤੇ ਵਰਕਰ ਹਾਜਰ ਸਨ, ਜਿਨ੍ਹਾਂ ਨੂੰ ਧਰਨੇ ਦੌਰਾਨ ਗਿ੍ਫ਼ਤਾਰ ਕਰ ਲਿਆ ਗਿਆ ਹੈ ।