ਅਸ਼ੋਕ ਵਰਮਾ . ਬਠਿੰਡਾ 22 ਦਸੰਬਰ 2023
ਬਠਿੰਡਾ ਪੁਲੀਸ ਨੇ ਚੋਰੀਆਂ ਦੀ ਝੜੀ ਲਾਉਣ ਵਾਲੇ ਨੌਜਵਾਨ ਨੂੰ ਕਾਬੂ ਕਰਕੇ ਐਕਟਿਵਾ ਸਕੂਟਰਾਂ ਅਤੇ ਮੋਟਰਸਾਈਕਲ ਚੋਰੀਆਂ ਦਾ ਭਾਂਡਾ ਭੰਨਣ ’ਚ ਸਫਲਤਾ ਹਾਸਲ ਕੀਤੀ ਹੈ। ਸੀਆਈਏ ਸਟਾਫ ਵਨ ਬਠਿੰਡਾ ਵੱਲੋਂ ਗ੍ਰਿਫਤਾਰ ਮੁਲਜਮ ਦੀ ਪਛਾਣ ਗੁਰਵਿੰਦਰ ਸਿੰਘ ਉਰਫ ਰਾਜੂ ਪੁੱਤਰ ਜੋਗਿੰਦਰ ਸਿੰਘ ਵਾਸੀ ਗਲੀ ਨੰਬਰ 6 ਕੋਠੇ ਅਮਰਪੁਰਾ ਜੋਗਾਨੰਦ ਰੋਡ ਬਠਿੰਂਡਾ ਦੇ ਤੌਰ ਤੇ ਕੀਤੀ ਗਈ ਹੈ। ਪੁਲਿਸ ਨੇ ਰਾਜੂ ਦੀ ਨਿਸ਼ਾਨਦੇਹੀ ਤੇ ਵੱਖ ਵੱਖ ਕੰਪਨੀਆਂ ਦੇ 17 ਮੋਟਰਸਾਈਕਲ ਅਤੇ 7 ਐਕਟਿਵਾ ਸਕੂਟਰ ਬਰਾਮਦ ਕੀਤੇ ਹਨ। ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਮੁਲਜਮ ਨੇ ਚੋਰੀ ਦੇ ਮਾਟਰਸਾਈਕਲ ਆਦਿ ਖੜ੍ਹੇ ਕਰਨ ਲਈ ਊਧਮ ਸਿੰਘ ਨਗਰ ’ਚ ਕਿਰਾਏ ਤੇ ਗੋਦਾਮ ਲੈ ਰੱਖਿਆ ਸੀ ਜਿੱਥੇ ਇਹ ਗੱਡੀਆਂ ਬਰਾਮਦ ਹੋਈਆਂ ਹਨ।
ਹਾਲਾਂਕਿ ਪੁਲਿਸ ਵੱਲੋਂ ਅਜੇ ਇਹ ਪਤਾ ਲਾਉਣਾ ਬਾਕੀ ਹੈ ਕਿ ਗੁਰਵਿੰਦਰ ਸਿੰਘ ਦੁਪਹੀਆ ਵਾਹਨਾਂ ਨੂੰ ਕਿਸ ਤਰਾਂ ਨਿਸ਼ਾਨਾ ਬਣਾਉਂਦਾ ਸੀ ਪਰ ਉਸ ਤੋਂ ਬਰਾਮਦ ਚੋਰੀ ਦੇ ਮਾਲ ਨੂੰ ਦੇਖਕੇ ਇੱਕ ਵਾਰ ਤਾਂ ਪੁਲਿਸ ਅਧਿਕਾਰੀ ਵੀ ਦੰਗ ਰਹਿ ਗਏ ਸਨ। ਰਾਜੂ ਦੀ ਉਮਰ ਕਰੀਬ 30-35 ਸਾਲ ਦੇ ਕਰੀਬ ਹੈ ਅਤੇ ਉਹ ਮੰਡ ਫਾਇਨਾਂਸ ਕੰਪਨੀ ਵਿੱਚ ਕੰਮ ਕਰਦਾ ਸੀ। ਸੀਨੀਅਰ ਪੁਲਿਸ ਕਪਤਾਨ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਜਿਲ੍ਹੇ ’ਚ ਵਾਹਨ ਚੋਰੀ ਦੀਆਂ ਹੋਈਆਂ ਵਾਰਦਾਤਾਂ ਨੂੰ ਦੇਖਦਿਆਂ ਸਮੂਹ ਥਾਣਿਆਂ ਅਤੇ ਸੀਆਈਏ ਸਟਾਫ ਸਰਗਰਮ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਐਸ ਪੀ ਡੀ ਬਠਿੰਡਾ ਅਜੇ ਗਾਂਧੀ ਅਤੇ ਡੀਐਸਪੀ ਡੀ ਮਨਮੋਹਨ ਸਿੰਘ ਸਰਨਾ ਦੀ ਦੇਖ ਰੇਖ ਸੀਆਈਏ ਸਟਾਫ ਵਨ ਦੀ ਟੀਮ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਗੁਰਵਿੰਦਰ ਸਿੰਘ ਉਰਫ ਰਾਜੂ ਚੋਰੀਆਂ ਕਰਨ ਦਾ ਆਦੀ ਹੈ
ਜਾਣਕਾਰੀ ਦੇਣ ਵਾਲੇ ਨੇ ਇਹ ਵੀ ਦੱਸਿਆ ਸੀ ਕਿ ਉਸ ਨੇ ਚੋਰੀ ਦੇ ਮੋਟਰਸਾਈਕਲ ਖੜ੍ਹੇ ਕਰਨ ਲਈ ਕਿਰਾਏ ਤੇ ਗੁਦਾਮ ਲਿਆ ਹੋਇਆ ਹੈ। ਐਸਐਸਪੀ ਨੇ ਦੱਸਿਆ ਕਿ ਇਸ ਸਬੰਧ ’ਚ 21 ਦਸੰਬਰ ਨੂੰ ਥਾਣਾ ਕੈਨਾਲ ਕਲੋਨੀ ’ਚ ਮੁਕੱਦਮਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਅਧਾਰ ਤੇ ਬਠਿੰਡਾ ਦੀ ਰੇਲਵੇ ਕਲੋਨੀ ਲਾਗੇ ਠੰਢੀ ਸੜਕ ਤੇ ਨਾਕਾਬੰਦੀ ਦੌਰਾਨ ਗੁਰਵਿੰਦਰ ਸਿੰਘ ਉਰਫ ਰਾਜੂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ।ਉਨ੍ਹਾਂ ਦੱਸਿਆ ਕਿ ਮੁਲਜਮ ਤੋਂ ਮੁਢਲੀ ਪੁੱਛ ਪੜਤਾਲ ਦੌਰਾਨ ਸਾਹਮਣੇ ਆਏ ਤੱਥਾਂ ਦੇ ਅਧਾਰ ਤੇ ਇਹ ਮੋਟਰਸਾਈਕਲ ਆਦਿ ਬਰਾਮਦ ਹੋਏ ਹਨ। ਐਸਐਸਪੀ ਨੇ ਦੱਸਿਆ ਕਿ ਮੁਲਜਮਾਂ ਦਾ ਰਿਮਾਂਡ ਹਾਸਿਲ ਕਰਨ ਮਗਰੋਂ ਕੀਤੀ ਜਾਣ ਵਾਲੀ ਪੁੱਛ ਪੜਤਾਲ ਉਪਰੰਤ ਚੋਰੀ ਕੀਤੇ ਹੋਰ ਵਹੀਕਲ ਵੀ ਬਰਾਮਦ ਹੋਣ ਦੀ ਸੰਭਾਵਨਾ ਹੈ।
ਹਾਲਾਂਕਿ ਪੁਲਿਸ ਨੇ ਇਹ ਜਾਣਕਾਰੀ ਤਾਂ ਨਹੀਂ ਦਿੱਤੀ ਕਿ ਗੁਰਵਿੰਦਰ ਸਿੰਘ ਉਰਫ ਰਾਜੂ ਇਹ ਚੋਰੀ ਦੇ ਵਹੀਕਲ ਕਿਸ ਤਰਾਂ ਵੇਚਦਾ ਸੀ ਪਰ ਸ਼ੱਕ ਕੀਤਾ ਜਾਂਦਾ ਕਿ ਜਾਅਲੀ ਨੰਬਰ ਪਲੇਟਾਂ ਅਤੇ ਜਾਅਲੀ ਕਾਗਜਾਤ ਤਿਆਰ ਕਰਕੇ ਮੋਟਰਸਾਈਕਲ ਅੱਗੇ ਵੇਚਣ ਦਾ ਮਾਹਿਰ ਹੈ। ਵੱਡੀ ਪੱਧਰ ਤੇ ਚੋਰੀ ਕਰਨ ਸਬੰਧੀ ਤੱਥ ਸਾਹਮਣੇ ਆਉਣ ਨੂੰ ਦੇਖਦਿਆਂ ਪੁਲਿਸ ਦੀਆਂ ਸ਼ੱਕੀ ਨਜ਼ਰਾਂ ਨੂੰ ਗੁਰਵਿੰਦਰ ਸਿੰਘ ਦੇ ਸਬੰਧ ਹੋਰਨਾਂ ਚੋਰ ਗਿਰੋਹਾਂ ਨਾਲ ਵੀ ਹੋਣ ਦੀ ਉਮੀਦ ਹੈ।ਕਿਉਂਕਿ ਗੁਰਵਿੰਦਰ ਸਿੰਘ ਮੰਡ ਫਾਇਨਾਂਸ ਕੰਪਨੀ ’ਚ ਕੰਮ ਕਰਦਾ ਸੀ ਪੁਲਿਸ ਇਸ ਨੁਕਤੇ ਨੂੰ ਧਿਆਨ ’ਚ ਰੱਖਕੇ ਵੀ ਮਾਮਲੇ ਦੀ ਜਾਂਚ ਕਰ ਰਹੀ ਦੱਸੀ ਜਾ ਰਹੀ ਹੈ। ਪੁਲਿਸ ਅਨੁਸਾਰ ਗੁਰਵਿੰਦਰ ਸਿੰਘ ਦਾ ਇਸ ਤੋਂ ਪਹਿਲਾਂ ਵੀ ਅਪਰਾਧਿਕ ਰਿਕਾਰਡ ਹੈ।
ਗੁਰਵਿੰਦਰ ਸਿੰਘ ਨੇ ਆਪਣੇ ਸਾਥੀ ਨਾਲ ਮਿਲਕੇ ਇੱਕ ਪਲਾਟ ਵੇਚਣ ਨੂੰ ਲੈਕੇ 6 ਲੱਖ ਦੀ ਠੱਗੀ ਮਾਰੀ ਸੀ ਜਿਸ ਨੂੰ ਲੈਕੇ ਥਾਣਾ ਕੈਂਟ ’ਚ 26 ਜੂਨ 2017 ਨੂੰ ਮੁਕੱਦਮਾ ਦਰਜ ਹੋਇਆ ਸੀ। ਇਸੇ ਤਰਾਂ ਹੀ ਗੁਰਵਿੰਦਰ ਸਿੰਘ ਅਤੇ ਉਸ ਦੇ ਸਾਥੀ ਤੋਂ 18 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ ਜਿਸ ਨੂੰ ਲੈਕੇ ਥਾਣਾ ਕੋਤਵਾਲੀ ਪੁਲਿਸ ਨੇ 14 ਮਈ 2018 ਨੂੰ ਨਸ਼ਾ ਤਸਕਰੀ ਦੇ ਕੇਸ ਦਰਜ ਕੀਤਾ ਸੀ। ਗੁਰਵਿੰਦਰ ਸਿੰਘ ਖਿਲਾਫ ਥਾਣਾ ਫੂਲ ’ਚ 30 ਦਸੰਬਰ 2020 ਨੂੰ 5 ਗਰਾਮ ਹੈਰੋਇਨ ਬਰਾਮਦਗੀ ਸਬੰਧੀ ਕੇਸ ਦਰਜ ਹੋਇਆ ਸੀ। ਦਿਲਚਸਪ ਗੱਲ ਇਹ ਵੀ ਹੈ ਕਿ ਨਸ਼ਾ ਤਸਕਰੀ ਦੇ ਦੋਵਾਂ ਮਾਮਲਿਆਂ ’ਚ ਉਸ ਦੇ ਨਾਲ ਇੱਕ ਹੀ ਵਿਅਕਤੀ ਸ਼ਾਮਲ ਸੀ ਜੋ ਗੁਰਵਿੰਦਰ ਸਿੰਘ ਦੇ ਘਰ ਤੋਂ ਥੋਹੜੀ ਦੂਰ ਸਥਿਤ ਨੈਸ਼ਨਲ ਕਲੋਨੀ ਦੇ ਰਹਿਣ ਵਾਲਾ ਹੈ। ਗੁਰਵਿੰਦਰ ਸਿੰਘ ਖਿਲਾਫ 24 ਜੁਲਾਈ 2023 ਨੂੰ ਥਾਣਾ ਥਰਮਲ ਬਠਿੰਡਾ ’ਚ ਮੋਟਰਸਾਈਕਲ ਅਤੇ ਸਕੂਟਰ ਚੋਰੀਆਂ ਕਰਨ ਸਬੰਧੀ ਵੀ ਮੁਕੱਦਮਾ ਦਰਜ ਹੋਇਆ ਹੈ।