‘ਸਰਕਾਰੀ ਸਕੂਲ ਜਿੰਦਾਬਾਦ’ ਦਾ ਨਾਅਰਾ ਬੁਲੰਦ ਕਰ ਰਿਹਾ ਰਜਿੰਦਰ ਸਿੰਘ
ਅਸ਼ੋਕ ਵਰਮਾ , ਬਠਿੰਡਾ 22 ਦਸੰਬਰ 2023
ਬਠਿੰਡਾ ਜਿਲ੍ਹੇ ਦੇ ਗੋਨਿਆਣਾ ਬਲਾਕ ਅਧੀਨ ਪੈਂਦੇ ਪਿੰਡ ਕੋਠੇ ਇੰਦਰਵਾਲਾ ਦੇ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ’ਚ ਤਾਇਨਾਤ ਅਧਿਆਪਕ ਰਜਿੰਦਰ ਸਿੰਘ ਨੇ ‘ਸਰਕਾਰੀ ਸਕੂਲ-ਜ਼ਿੰਦਾਬਾਦ’ ਦਾ ਨਾਅਰਾ ਬੁਲੰਦ ਕੀਤਾ ਹੈ। ਇਹ ਗੱਲ ਵੱਖਰੀ ਹੈ ਕਿ ਸਰਕਾਰੀ ਸਕੂਲਾਂ ਦੀ ਮਮਟੀ ’ਤੇ ਮਾਣ ਦਾ ਦੀਵਾ ਜਗਾਉਣ ਵਾਲੇ ਵਿਰਲੇ ਹਨ ਪਰ ਇੰਨ੍ਹਾਂ ਚੋਂ ਰਜਿੰਦਰ ਸਿੰਘ ਨੇ ਵਰਿ੍ਹਆਂ ਦੇ ਖੱਪੇ ਨੂੰ ਭਰਿਆ ਅਤੇ ਬੱਚਿਆਂ ਨੂੰ ਨਵਾਂ ਜਾਗ ਲਾਉਣ ਦੀ ਠਾਣੀ ਹੋਈ ਹੈ। ਪੰਜਾਬ ਦਾ ਦੂਸਰਾ ਅਤੇ ਬਠਿੰਡਾ ਜ਼ਿਲ੍ਹੇ ਦਾ ਕੋਠੇ ਇੰਦਰ ਵਾਲੇ ਦਾ ਇਹ ਇਕਲੌਤਾ ਪ੍ਰਾਇਮਰੀ ਸਕੂਲ ਹੈ, ਜਿੱਥੇ ਸਕੂਲ ਦੇ ਖੁੱਲਣ ਦਾ ਤਾਂ ਸਮਾਂ ਤੈਅ ਹੈ ਪਰ ਬੰਦ ਹੋਣ ਦੀ ਕੋਈ ਸੀਮਾਂ ਨਿਸਚਿਤ ਨਹੀਂ ਹੈ।
ਨਵੇਂ ਕਦਮ ਚੁੱਕ ਕੇ ਇਸ ਅਧਿਆਪਕ ਨੇ ਲੋਕਾਂ ਦੇ ਉਲਾਂਭੇ ਵੀ ਲਾਹੇ ਅਤੇ ਮਿਹਣੇ ਮਾਰਨ ਵਾਲਿਆਂ ਦੀ ਮੜ੍ਹਕ ਵੀ ਭੰਨੀ ਹੈ ਜੋ ਸਰਕਾਰੀ ਸਕੂਲਾਂ ਨੂੰ ਘਿਰਣਾ ਦੀ ਨਜ਼ਰ ਨਾਲ ਦੇਖਦੇ ਸਨ। ਮਹੱਤਵਪੂਰਨ ਤੱਥ ਹੈ ਕਿ ਸਰਕਾਰੀ ਅਤੇ ਪ੍ਰਾਈਵੇਟ ਪ੍ਰਾਇਮਰੀ, ਮਿਡਲ, ਹਾਈ ਅਤੇ ਸੈਕੰਡਰੀ ਸਕੂਲ ਸਾਢੇ ਤਿੰਨ ਵਜੇ ਛੁੱਟੀ ਹੋਣ ਉਪਰੰਤ ਬੰਦ ਹੋ ਜਾਂਦੇ ਹਨ ਪਰ ਪਿੰਡ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲੇ ਦੇ ਵਿਦਿਆਰਥੀ ਛੁੱਟੀ ਹੋਣ ਉਪਰੰਤ ਚਾਹ ਪਾਣੀ ਪੀ ਕੇ ਪੜ੍ਹਨ ਲਈ ਮੁੜ ਸਕੂਲ ਵਿੱਚ ਆ ਜਾਂਦੇ ਹਨ ਜਿੱਥੇ ਇਹ ਦੌਰ ਦੇਰ ਸ਼ਾਮ ਤੱਕ ਚਲਦਾ ਹੈ। ਸਭ ਤੋਂ ਪਹਿਲਾਂ ਸੰਗਰੂਰ ਜਿਲ੍ਹੇ ਦੇ ਪਿੰਡ ਰੱਤੋਕੇ ਦਾ ਪ੍ਰਾਇਮਰੀ ਸਕੂਲ ਵੀ ਵਿਦਿਆਰਥੀਆਂ ਨੂੰ ਦੇਰ ਸ਼ਾਮ ਤੱਕ ਪੜ੍ਹਾਈ ਕਰਵਾਉਣ ਦੇ ਮਾਮਲੇ ’ਚ ਚਰਚਾ ਦਾ ਵਿਸ਼ਾ ਬਣਿਆ ਸੀ।
ਇਸ ਤੋਂ ਬਾਅਦ ਬਠਿੰਡਾ ਜ਼ਿਲ੍ਹੇ ਦਾ ਪਿੰਡ ਕੋਠੇ ਇੰਦਰ ਸਿੰਘ ਵਾਲਾ ਨੇ ਦੂਸਰੀ ਮਿਸਾਲ ਪੇਸ਼ ਕੀਤੀ ਹੈ ਜਿੱਥੇ ਅਧਿਆਪਕ ਰਾਜਿੰਦਰ ਸਿੰਘ ਵੱਲੋਂ ਗੋਨਿਆਣਾ ਮੰਡੀ ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲ ਸਮੇਂ ਤੋਂ ਮਗਰੋਂ ਨਵੋਦਿਆ ਪ੍ਰੀਖਿਆ ਦੇ ਨਾਲ ਨਾਲ ਦੂਸਰੇ ਵਿੱਦਿਅਕ ਟੈਸਟਾਂ ਦੀ ਤਿਆਰੀ ਅਤੇ ਕਮਜ਼ੋਰ ਵਿਦਿਆਰਥੀਆਂ ਦੀ ਸਹਾਇਤਾ ਲਈ ਮੁਫ਼ਤ ਟਿਊਸ਼ਨ ਕਲਾਸਾਂ ਲਾਈਆਂ ਜਾ ਰਹੀਆਂ ਹਨ। ਦਿਲਚਸਪ ਗੱਲ ਇਹ ਵੀ ਹੈ ਦੇਰ ਸ਼ਾਮ ਤੱਕ ਕਲਾਸਾਂ ਲਾਉਣ ਵਾਲਿਆਂ ’ਚ ਸਿਰਫ਼ ਪਿੰਡ ਦੇ ਹੀ ਨਹੀਂ ਬਲਕਿ ਕਈ ਵਿਦਿਆਰਥੀ ਬਾਹਰਲੇ ਪਿੰਡਾਂ ਤੋਂ ਵੀ ਆਉਂਦੇ ਹਨ ਜਿੰਨ੍ਹਾਂ ਦੇ ਮਾਪੇ ਪੜ੍ਹਾਈ ਖਤਮ ਹੋਣ ਪਿੱਛੇ ਆਪਣੇ ਬੱਚਿਆਂ ਨੂੰ ਲੈ ਜਾਂਦੇ ਹਨ।
ਇਹ ਕਲਾਸਾਂ ਪਿਛਲੇ ਕਈ ਮਹੀਨਿਆਂ ਤੋਂ ਲਾਈਆਂ ਜਾ ਰਹੀਆਂ ਹਨ ਜਿੰਨ੍ਹਾਂ ਕਾਰਨ ਬੱਚਿਆਂ ’ਚ ਸਿੱਖਿਆ ਪ੍ਰਤੀ ਲਗਨ ’ਚ ਵਾਧਾ ਹੋਇਆ ਹੈ। ਰਾਜਿੰਦਰ ਸਿੰਘ ਦੇ ਮਾਮਲੇ ’ਚ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਇਸ ਅਧਿਆਪਕ ਨੇ ਪਿਛਲੇ 5-6 ਸਾਲਾਂ ਦੀਆਂ ਗਰਮੀਆਂ ਅਤੇ ਸਰਦੀਆਂ ਦੀਆਂ ਛੁੱਟੀਆਂ ਵੀ ਆਪਣੇ ਵਿਦਿਆਰਥੀਆਂ ਦੀ ਸਿੱਖਿਆ ਸੁਆਰਨ ਲਈ ਸਕੂਲ ਵਿੱਚ ਹੀ ਬਿਤਾਈਆਂ ਹਨ। ਹੁਣ ਤਾਂ ਜਦੋਂ ਨਮੂਨੇ ਦਾ ਸਕੂਲ ਦਿਖਾਉਣਾ ਹੋਵੇ ਤਾਂ ਸਿੱਖਿਆ ਮਹਿਕਮਾ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲਾ ਵੱਲ ਮੂੰਹ ਕਰ ਲੈਂਦਾ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀ ਖੁਦ ਮੰਨਦੇ ਹਨ ਕਿ ਇਹ ਇਹ ਉਹ ਆਲ੍ਹਣਾ ਹੈ ਜੋ ਸਿੱਖਿਆ ਦੇ ਪੱਖੋਂ ਕੰਮਜੋਰ ਸ਼ਾਗਿਰਦਾਂ ਨੂੰ ਪਨਾਹ ਦੇ ਰਿਹਾ ਹੈ।
ਕਮਜੋਰ ਬੱਚਿਆਂ ਲਈ ਵਿਸ਼ੇਸ਼ ਯਤਨ
ਅਧਿਆਪਕ ਰਾਜਿੰਦਰ ਸਿੰਘ ਦਾ ਕਹਿਣਾ ਸੀ ਕਿ ਕਰੋਨਾ ਕਾਲ ਦੌਰਾਨ ਲਗਾਤਾਰ ਦੋ ਸਾਲ ਵਿਦਿਆਰਥੀਆਂ ਦੀ ਸਿੱਖਿਆ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਹੈ। ਹਾਲਾਂਕਿ ਇਸ ਅਰਸੇ ਦੌਰਾਨ ਉਨ੍ਹਾਂ ਨੇ ਆਨਲਾਈਨ ਕਲਾਸਾਂ ਲਾਈਆਂ ਪਰ ਸਕੂਲ ਵਰਗਾ ਮਹੌਲ ਨਹੀਂ ਬਣ ਸਕਿਆ । ਉਨ੍ਹਾਂ ਦੱਸਿਆ ਕਿ ਇਸ ਮੌਕੇ ਕਈ ਬੱਚੇ ਢੁੱਕਵਾਂ ਫੋਨ ਅਤੇ ਇੰਟਰਨੈਟ ਦੀ ਸਹੂਲਤ ਨਾਂ ਹੋਣ ਕਾਰਨ ਆਨਲਾਈਨ ਸਿੱਖਿਆ ਨਾਲ ਜੁੜ ਨਾਂ ਸਕੇ। ਇਸ ਕਾਰਨ ਬੱਚਿਆਂ ’ਚ ਸਿੱਖਿਆ ਪ੍ਰਤੀ ਆਈ ਕਮਜੋਰੀ ਦੂਰ ਕਰਨ ਲਈ ਉਨਾਂ ਨੇ ਸਕੂਲ ਸਮੇਂ ਤੋਂ ਬਾਅਦ ਵੀ 2-3 ਘੰਟੇ ਦਾ ਵਾਧੂ ਸਮਾਂ ਬੱਚਿਆਂ ਨੂੰ ਦੇਣਾ ਸ਼ੁਰੂ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬੱਚੇ ਇਸ ਸਮੇਂ ਦੌਰਾਨ ਨਵੋਦਿਆ ਪ੍ਰੀਖਿਆ ਅਤੇ ਕਈ ਹੋਰਨਾਂ ਵਿੱਦਿਅਕ ਟੈਸਟਾਂ ਤਿਆਰੀ ਕਰਦੇ ਹਨ ਹੈ।
ਮਾਪਿਆਂ ਨੂੰ ਆਰਥਿਕ ਹੁੰਗਾਰਾ
ਵਿਦਿਆਰਥਣ ਹਰਸ਼ਵੀਰ ਕੌਰ ਦੇ ਪਿਤਾ ਰਾਜਿੰਦਰ ਸਿੰਘ ਤੇ ਜਸਪ੍ਰੀਤ ਕੌਰ ਦੇ ਪਿਤਾ ਭਿੰਦਰ ਸਿੰਘ ਵਾਸੀਅਨ ਕੋਠੇ ਇੰਦਰ ਸਿੰਘ ਵਾਲਾ, ਰਮਾਨ ਧਾਲੀਵਾਲ ਦੇ ਪਿਤਾ ਹਰਦੀਪ ਸਿੰਘ ਆਕਲੀਆ ਕਲਾਂ ਅਤੇ ਖੁਸ਼ਦੀਪ ਸਿੰਘ ਦੇ ਪਿਤਾ ਵਕੀਲ ਸਿੰਘ ਮਹਿਮਾ ਸਰਕਾਰੀ ਆਦਿ ਮਾਪਿਆਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਜਿੱਥੇ ਬੱਚਿਆਂ ਦੀ ਪੜਾਈ ਸਬੰਧੀ ਕਮਜੋਰੀ ਦੂਰ ਕਰਨ ਲਈ ਮਹਿੰਗੀਆਂ ਟਿਊਸ਼ਨਾਂ ਦੇ ਦੌਰ ਦੌਰਾਨ ਅਧਿਆਪਕ ਰਾਜਿੰਦਰ ਸਿੰਘ ਵੱਲੋਂ ਲਾਈਆਂ ਜਾ ਰਹੀਆਂ ਮੁਫ਼ਤ ਕਲਾਸਾਂ ਨਾਲ ਜਿੱਥੇ ਵਿਦਿਆਰਥੀਆਂ ਦੀ ਸਿੱਖਿਆ ਦਾ ਪੱਧਰ ਉੱਚਾ ਹੋ ਰਿਹਾ ਹੈ ਉੱਥੇ ਨਾਲ ਹੀ ਮੂਫਤ ਕਲਾਸਾਂ ਕਾਰਨ ਮਾਪਿਆਂ ਨੂੰ ਇਸਦਾ ਵੱਡਾ ਆਰਥਿਕ ਫਾਇਦਾ ਵੀ ਮਿਲਣ ਲੱਗਿਆ ਹੈ। ਸਭਨਾਂ ਮਾਪਿਆਂ ਨੇ ਇਸ ਮੌਕੇ ਇਹੋ ਆਖਿਆ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਸਕੂਲ ਅਤੇ ਅਧਿਆਪਕ ਰਜਿੰਦਰ ਸਿੰਘ ’ਤੇ ਫਖਰ ਹੈ ਜਿਸ ਨੇ ਪਹਿਲ ਕਰ ਕੇ ਵਿਦਿਆਰਥੀਆਂ ਦੀ ਸਿੱਖਿਆ ਖਾਤਰ ਨਵਾਂ ਰਾਹ ਬਣਾ ਦਿੱਤਾ ਹੈ।
ਹੋਰ ਸਕੂਲ ਵੀ ਸੇਧ ਲੈਣ-ਡਿਪਟੀ ਡੀਈਓ
ਉੱਪ ਜਿਲ੍ਹਾ ਸਿੱਖਿਆ ਅਫਸਰ ਮਹਿੰਦਰਪਾਲ ਸਿੰਘ ਦਾ ਕਹਿਣਾ ਸੀ ਕਿ ਜਿਸ ਰਸਤੇ ਤੇ ਅਧਿਆਪਕ ਰਜਿੰਦਰ ਸਿੰਘ ਤੁਰਿਆ ਹੈ,ਉਸ ਨਾਲ ਮੁਢਲੀ ਸਿੱਖਿਆ ਨੂੰ ਹੋਰ ਵੀ ਬੁਲੰਦੀਆਂ ਛੂਹਣ ਤੋਂ ਕੋਈ ਨਹੀਂ ਰੋਕ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿੱਦਿਆਂ ਦੀਆਂ ਮਹਿਕਾਂ ਵੰਡਣ ਲੱਗੇ ਕੋਠੇ ਇੰਦਰ ਸਿੰਘ ਵਾਲਾ ਦੇ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਤੋਂ ਹੋਰਨਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ।