ਭਗਵੰਤ ਮਾਨ ਵੱਲੋਂ ਆਪਣੀ ਧੀ ਨੂੰ ਛੱਡ ਦੇਣ ਬਾਰੇ ਮੇਰੇ ਧੀ ਦੇ ਹੱਕ ਵਿਚ ਬੋਲਣ ਤੋਂ ਦੋ ਦਿਨਾਂ ਬਾਅਦ ਮੈਨੂੰ ਸੰਮਨ ਜਾਰੀ ਕਰਨ ਦੇ ਹੁਕਮ ਮੁੱਖ ਮੰਤਰੀ ਨੇ ਦਿੱਤੇ
ਹਰਿੰਦਰ ਨਿੱਕਾ , ਪਟਿਆਲਾ 18 ਦਸੰਬਰ 2023
ਗਿਆਰਾਂ ਵਰ੍ਹੇ ਪੁਰਾਣੇ ਡਰੱਗ ਕੇਸ ‘ਚ ਸਿੱਟ ਵੱਲੋਂ ਬੁਲਾਉਣ ਤੇ ਪੇਸ਼ੀ ਭੁਗਤਣ ਲਈ ਪਟਿਆਲਾ ਪਹੁੰਚਿਆ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ , ਅੱਜ ਸ਼ਾਹੀ ਸ਼ਹਿਰ ‘ਚ ਖੂਬ ਦਹਾੜਿਆ। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਗਿਆਰਾਂ ਸਾਲ ਪੁਰਾਣੇ ਕੇਸ ਵਿੱਚ ,ਮੈਨੂੰ ਪੁਲਿਸ ਪੁੱਛ-ਗਿੱਛ ਲਈ ਤਲਬ ਕਰ ਕੇ ਸਿਆਸੀ ਬਦਲਾਖੋਰੀ ’ਤੇ ਉਤਰ ਆਏ ਹਨ ਜਦੋਂ ਕਿ ਦੋ ਸਾਲਾਂ ਵਿਚ ਸਰਕਾਰ ਇਸ ਕੇਸ ਵਿਚ ਅਦਾਲਤ ਵਿਚ ਚਲਾਨ ਵੀ ਪੇਸ਼ ਨਹੀਂ ਕਰ ਸਕੀ। ਸੂਬੇ ਦੇ ਸਾਬਕਾ ਕੈਬਨਿਟ ਮੰਤਰੀ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੀਡੀਆ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਜਦੋਂ 9 ਦਸੰਬਰ ਨੂੰ ਉਹਨਾਂ ਸ੍ਰੀ ਭਗਵੰਤ ਮਾਨ ਵੱਲੋਂ ਆਪਣੀ ਧੀ ਨੂੰ ਛੱਡਣ ’ਤੇ ਉਹਨਾਂ ਵੱਲੋਂ ਧੀ ਦੇ ਹੱਕ ਵਿਚ ਬਿਆਨ ਦਿੱਤੇ ਗਏ ਤਾਂ 11 ਦਸੰਬਰ ਨੂੰ ਦੋ ਦਿਨਾਂ ਬਾਅਦ ਹੀ ਉਹਨਾਂ ਨੂੰ ਤਲਬ ਕਰਨ ਦੇ ਹੁਕਮ ਮੁੱਖ ਮੰਤਰੀ ਨੇ ਜਾਰੀ ਕਰ ਦਿੱਤੇ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਕਾਨੂੰਨ ਨੂੰ ਮੰਨਣ ਵਾਲੇ ਵਿਅਕਤੀ ਹਨ । ਇਸ ਲਈ ਉਹਨਾਂ ਐਸ ਆਈ ਟੀ ਅੱਗੇ ਪੇਸ਼ ਹੋਣ ਦਾ ਫੈਸਲਾ ਲਿਆ , ਹਾਲਾਂਕਿ ਉਹ ਜਾਣਦੇ ਹਨ ਕਿ ਏ ਡੀ ਜੀ ਪੀ , ਐਮ ਐਸ ਛੀਨਾ ਜਿਹਨਾਂ ’ਤੇ ਰਾਜ ਸਰਕਾਰ ਨੇ ਬਹੁਤ ਦਬਾਅ ਬਣਾਇਆ ਹੋਇਆ ਹੈ, ਦੇ ਖਿਲਾਫ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿਚ ਕੁਤਾਹੀ ਦੇ ਮਾਮਲੇ ਵਿਚ ਕਾਰਵਾਈ ਦੀ ਸਿਫਾਰਸ਼ ਜਸਟਿਸ ਇੰਦੂ ਮਲਤਹੋਰਾ ਦੀ ਅਗਵਾਈ ਵਾਲੀ ਕਮੇਟੀ ਨੇ ਕੀਤੀ ਹੋਈ ਹੈ। ਉਹਨਾਂ ਕਿਹਾ ਕਿ ਮੈਂ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵਾਂਗੂ ਭੱਜਣ ਵਾਲਾ ਨਹੀਂ ਹਾਂ। ਕੇਜਰੀਵਾਲ ਤਾਂ ਐਨਫੋਰਸਮੈਂਟ ਵੱਲੋਂ ਤਲਬ ਕੀਤੇ ਜਾਣ ਮਗਰੋਂ ਸ੍ਰੀ ਭਗਵੰਤ ਮਾਨ ਦੇ ਨਾਲ ਪੰਜਾਬ ਸਰਕਾਰ ਦੇ ਹਵਾਈ ਜਹਾਜ਼ ਵਿਚ ਫਰਾਰ ਹੋ ਗਏ ਸਨ । ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਤੋਂ ਪ੍ਰੇਰਿਤ ਹਨ । ਜਿਹਨਾਂ ਦਾ ਸ਼ਹੀਦੀ ਸਪਤਾਹ ਪੰਜਾਬ ਭਰ ਵਿਚ ਮਨਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹ ਇਸ ਤਾਨਾਸ਼ਾਹ ਸਰਕਾਰ ਦੇ ਖਿਲਾਫ ਲੜਨ ਵਾਸਤੇ ਗੁਰੂ ਕੇ ਸਿੱਖ ਵਜੋਂ ਦ੍ਰਿੜ੍ਹ ਸੰਕਲਪ ਹਨ । ਕਿਉਂਕਿ ਜਿਹੜਾ ਵੀ ਇਸ ਸਰਕਾਰ ਦੇ ਖਿਲਾਫ ਬੋਲਦਾ ਹੈ। ਉਸ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਤੇ ਇਸੇ ਤਰੀਕੇ ਪ੍ਰੈਸ ਦੀ ਆਜ਼ਾਦੀ ਦਾ ਗਲਾ ਘੁਟਿਆ ਜਾ ਰਿਹਾ ਹੈ। ਮਜੀਠੀਆ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਏ ਡੀ ਜੀ ਪੀ ਸ੍ਰੀ ਛੀਨਾ ਦੀ ਵਰਤੋਂ ਨਾ ਕਰਨ ਕਿਉਂਕਿ ਉਹਨਾਂ ਨੇ 31 ਦਸੰਬਰ ਨੂੰ ਸੇਵਾ ਮੁਕਤ ਹੋ ਜਾਣਾ ਹੈ । ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਆਪ ਐਸ ਆਈ ਟੀ ਦੇ ਮੁਖੀ ਦਾ ਰੋਲ ਸੰਭਾਲਣਾ ਚਾਹੀਦਾ ਹੈ ਤੇ ਅਗਲੀ ਮੀਟਿੰਗ ਆਪਣੀ ਸਰਕਾਰੀ ਰਿਹਾਇਸ਼ ’ਤੇ ਰੱਖਣੀ ਚਾਹੀਦੀ ਹੈ ਤਾਂ ਜੋ ਸਾਰੇ ਸ਼ਹਿਰ ਨੂੰ ਛਾਉਣੀ ਵਿਚ ਬਦਲਣ ਜਿਵੇਂ ਕਿ ਅੱਜ ਕੀਤਾ ਗਿਆ, ਨਾਲ ਆਮ ਲੋਕਾਂ ਨੂੰ ਹੁੰਦੀ ਖਜੱਲ ਖੁਆਰੀ ਤੋਂ ਬਚਿਆ ਜਾ ਸਕੇ। ਮਜੀਠੀਆ ਨੇ ਕਿਹਾ ਕਿ ਰਾਜ ਸਰਕਾਰ ਕੋਲ ਜੇਕਰ ਕੋਈ ਸਬੂਤ ਹੈ ਤਾਂ ਉਹ ਸਬੂਤ ਅਦਾਲਤ ਵਿਚ ਪੇਸ਼ ਕਰੇ ਨਾ ਕਿ ਵਾਰ-ਵਾਰ ਉਹਨਾਂ ਨੂੰ ਤਲਬ ਕਰਨ ਦਾ ਡਰਾਮਾ ਕਰੇ । ਉਹਨਾਂ ਕਿਹਾ ਕਿ ਸਾਰਾ ਕੇਸ ਸਿਆਸਤ ਤੋਂ ਪ੍ਰੇਰਿਤ ਹੈ ਤੇ ਇਸ ਦੀ ਜਾਂਚ ਲਈ ਐਸ ਆਈ ਟੀ ਗਠਿਤ ਕਰਨਾ ਨਿੰਦਣਯੋਗ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਪੁਲਿਸ ਅਫਸਰ ਸਾਬਕਾ ਡੀ ਜੀ ਪੀ ਐਸ ਚਟੋਪਾਧਿਆਏ ,ਜਿਸ ਨੇ ਉਹਨਾਂ ਖਿਲਾਫ ਦੋ ਸਾਲ ਪਹਿਲਾਂ ਕੇਸ ਦਰਜ ਕੀਤਾ ਸੀ, ਦੇ ਖਿਲਾਫ ਵੀ ਸੁਪਰੀਮ ਕੋਰਟ ਦੀ ਕਮੇਟੀ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਹੋਈ ਕੁਤਾਹੀ ਦੀ ਸਿਫਾਰਸ਼ ਕੀਤੀ ਹੋਈ ਹੈ, ਜਿਸ ਤੋਂ ਉਸ ਦੇ ਵਤੀਰੇ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਪੰਜਾਬ ਵਿਚ ਮੌਜੂਦਾ ਦੌਰ ਵਿਚ ਨਸ਼ਿਆਂ ਦੇ ਵਗ ਰਹੇ ਦਰਿਆ ਦੀ ਗੱਲ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਹਾਈਕੋਰਟ, ਬੀ ਐਸ ਐਫ ਅਤੇ ਇਸਦੇ ਨਾਲ ਹੀ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਦੱਸ ਚੁੱਕੇ ਹਨ ਕਿ ਕਿਵੇਂ ਨਸ਼ਾ ਪੰਜਾਬ ਲਈ ਖ਼ਤਰਨਾਕ ਬਣ ਚੁੱਕਾ ਹੈ ਤੇ ਨਸ਼ੇ ਦੀ ਓਵਰਡੋਜ਼ ਨਾਲ ਰੋਜ਼ ਮੌਤਾਂ ਹੋ ਰਹੀਆਂ ਹਨ । ਪਰ ਇਸ ਨੂੰ ਨਕੇਲ ਪਾਉਣ ਦੀ ਥਾਂ ਆਪ ਸਰਕਾਰ ਤੇ ਮੁੱਖ ਮੰਤਰੀ ਇਸ ਮੁੱਦੇ ਦਾ ਸਿਆਸੀਕਰਨ ਕਰਨ ਵਿਚ ਲੱਗੇ ਹਨ।