ਔਰਤ ਦੇ ਕੰਡਿਆਲ਼ੇ ਸਫ਼ਰ ਦੀ ਚਾਨਣੀ ਮੰਜ਼ਿਲ-ਨਾਬਰ

Advertisement
Spread information

ਪਬਲਿਸ਼ਰ: ਚੇਤਨਾ ਪ੍ਰਕਾਸ਼ਨ                                  

ਸਫ਼ੇ:147

Advertisement

      ਸੁਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ ਨਵਾਂ ਨਾਵਲ ਨਾਬਰ’ ਆਪਣੀ ਤਰ੍ਹਾਂ ਦਾ ਸ਼ਾਹਕਾਰ ਹੈ,ਜਿਸ ਦੇ ਸਰਵਰਕ ਉੱਤੇ ਜਰਨੈਲ ਸਿੰਘ ਆਰਟਿਸਟ ਦੀ ਸਿਰਜੀ ਖ਼ੂਬਸੂਰਤ ਤਸਵੀਰ ਇਸ ਨੂੰ ਇਕੱਠੀਆਂ ਪਈਆਂ ਕਿਤਾਬਾਂ ਵਿੱਚ ਉੱਘੜਵਾਂ ਤੇ ਦਿਲਕਸ਼ ਬਣਾ ਦਿੰਦੀ ਹੈ।                                                                          ਇਹ ਨਾਵਲ ਔਰਤ ਦੇ ਸਫ਼ਰ ਦੀ ਦਰਦ-ਭਿੰਨੀ ਕਹਾਣੀ ਵੀ ਹੈ,ਉਸ ਦੀ ਜਾਗ੍ਰੂਕਤਾ ਦੀਸਮਰੱਥਾ ਦੀ,ਦਲੇਰੀ ਦੀ ਮਿਸਾਲ ਵੀ।ਪਹਿਲੇ ਸਫ਼ੇ ਤੇ ਹੀ ਮਾਂ ਵੱਲੋਂ ਮੁੰਡੇ ਦਾ ਪੱਲਾ ਧੀ ਨੂੰ ਫੜਾ ਕੇ ਸਮਾਜ ਨੂੰ ਦਿੱਤੀ ਗਈ ਚੁਣੌਤੀ ਪਾਠਕ ਨੂੰ ਨਾਵਲ ਦਾ ਅੰਦਰ ਫਰੋਲਣ ਲਈ ਉਤਸੁਕ ਕਰ ਦਿੰਦੀ ਹੈਜਿਉਂ ਜਿਉਂ ਸਫ਼ੇ ਪਰਤਦੇ ਜਾਓ,ਇਹ ਉਤਸੁਕਤਾ ਵਧਦੀ ਹੀ ਜਾਂਦੀ ਹੈ ਤੇ ਓਦੋਂ ਤੱਕ ਟੇਕ ਨਹੀਂ ਆਉਂਦੀ,ਜਦੋਂ ਤੱਕ ਪਾਠਕ ਆਖ਼ਰੀ ਸਫ਼ੇ ਤੇ ਨਹੀਂ ਪਹੁੰਚ ਜਾਂਦਾ।ਇਹ ਨਾਵਲਕਾਰ ਦੀ ਲਿਖਣ-ਸ਼ੈਲੀਅਮੀਰ ਸ਼ਬਦਾਵਲੀ,ਹੁਨਰਵੰਦ ਬੁਣਤਰ ਤੇ ਉਸ ਦੇ ਗਹਿਰੇ ਅਨੁਭਵਾਂ ਕਰਕੇ ਹੀ ਸੰਭਵ ਹੋਇਆ ਹੈ। ਵੱਡੀ ਗੱਲ ਇਹ ਕਿ ਇੱਕ ਮਰਦ ਨੇ ਬੜੀ ਇਮਾਨਦਾਰੀ ਨਾਲ਼ ਔਰਤ ਦੇ ਸੰਤਾਪ ਦੀ ਗਾਥਾ ਸੁਣਾਈ ਹੈ ਤੇ ਕਿਤੇ ਵੀ ਮਰਦ ਦਾ ਲਿਹਾਜ਼ ਨਹੀਂ ਕੀਤਾ।ਇਹ ਸੰਤਾਪ ਇਸ ਨਾਵਲ ਦੀ ਨਾਇਕਾ ਤਾਂ ਹੰਢਾਉਂਦੀ ਹੀ ਹੈ,ਪਰ ਇਸਦੇ ਨਾਲ਼ ਨਾਲ਼ ਦੂਜੀਆਂ ਪਾਤਰ ਔਰਤਾਂ ਦੀ ਹੱਡਬੀਤੀ ਇਸ ਸੰਤਾਪ ਨੂੰ ਹੋਰ ਗੂੜ੍ਹਾ ਕਰਦੀ ਹੈ।ਢਾਈ ਕੁ ਸਾਲ ਪਹਿਲਾਂ ਵਿਆਹੀ ਭਰ ਜੋਬਨ ਮੁਟਿਆਰ ਸ਼ਾਮ ਕੌਰ ਦਾ ਪਤੀ ਅਜਾਇਬ ਸਿੰਘ ਘਰ ਦੀਆਂ ਥੁੜਾਂ ਪੂਰਨ ਲਈ ਪਹਿਲਾਂ ਇੰਗਲੈਂਡ ਤੇ ਓਥੋਂ ਕੈਨੇਡਾ ਚਲਿਆ ਜਾਂਦਾ ਹੈ।ਪਿੱਛੋਂ ਉਸ ਦੇ ਛੋਟੇ ਭਰਾ ਨਾਇਬ ਦੀ ਕਾਮ-ਭੁੱਖ ਸ਼ਾਮ ਕੌਰ ਦੇ ਮਾਣ-ਸਵੈਮਾਨ ਨੂੰ ਲੀਰਾਂ ਲੀਰਾਂ ਕਰ ਦਿੰਦੀ ਹੈ। ਇਸ ਕੁਕਰਮ ਵਿੱਚ ਉਹਦੀ ਸੱਸ ਵੀ ਸ਼ਾਮਿਲ ਹੈ,ਉਸ ਨੂੰ ਇਸ ਵਰਤਾਰੇ ਵਿੱਚ ਕੋਈ ਅਣਹੋਣੀ ਨਹੀਂ ਲੱਗਦੀ,ਕਿਉਂਕਿ ਉਹ ਆਪ ਵੀ ਜਵਾਨੀ ਵੇਲ਼ੇ ਲੱਗਭਗ ਇਹੋ ਜਿਹੀਆਂ ਸਿਤਮਜ਼ਰੀਫੀਆਂ ਦਾ ਸ਼ਿਕਾਰ ਹੋ ਚੁੱਕੀ ਹੈ।ਇਸ ਗੱਲ ਲਈ ਲੇਖਕ ਦਾ ਸ਼ੁਕਰੀਆ ਕਰਨਾ ਬਣਦਾ ਹੈ ਕਿ ਉਸ ਨੇ ਇਸ ਕਥਨ, ‘ਔਰਤ ਔਰਤ ਦੀ ਦੁਸ਼ਮਣ ਹੁੰਦੀ ਹੈ’ ਦੇ ਕਾਰਨ ਵਜੋਂ ਉਹਦਾ ਹੰਢਾਇਆ ਦਰਦਨਾਕ ਪਿਛੋਕੜ ਸਮੇਂ ਦੇ ਰੂਬਰੂ ਕਰ ਦਿੱਤਾ ਹੈ।ਸਿਰਫ਼ ਏਹੀ ਨਹੀਂ,ਔਰਤ ਇਹੋ ਜਿਹੇ ਸਮਝੌਤੇ ਕਰਨ ਲਈ ਕਿਉਂ ਰਾਜ਼ੀ ਹੋ ਜਾਂਦੀ ਹੈ,ਇਸ ਵਜ੍ਹਾ ਨੂੰ ਵੀ ਸ਼ਾਮ ਕੌਰ ਦੇ ਲਫ਼ਜ਼ਾਂ,“ਨਿੱਤ ਦਿਨ ਬਲਾਤਕਾਰ ਦੀ ਪੀੜ ਝੱਲਣੀ ਬਹੁਤ ਔਖੀ ਸੀ,ਰਾਜੀ ਦੇ ਪਾਪਾ!ਮੈਂ ਕਿੰਨਾ ਕੁ ਚਿਰ ਉਹਦਾ ਧੱਕਾ ਸਹਿਣ ਕਰਦੀ ਰਹਿੰਦੀ!” ਰਾਹੀਂ ਸਪੱਸ਼ਟ ਕਰ ਦਿੱਤਾ ਹੈ।ਮੈਨੂੰ ਨਹੀਂ ਜਾਪਦਾ ਹੋਰ ਕਿਸੇ ਨੇ ਔਰਤ ਦੇ ਮਨ ਨੂੰ ਏਨੀ ਡੂੰਘਾਈ ਨਾਲ਼ ਪੜ੍ਹਿਆ ਹੋਵੇ!

      ਔਰਤ ਨੂੰ ਆਪਣੇ ਹਿਤਾਂ ਲਈ ਕਿਵੇਂ ਵਰਤਿਆ ਜਾਂਦੈ,ਇਹ ਦੁਖਾਂਤ ਤਾਂ ਵਾਰ ਵਾਰ ਪਾਠਕ ਦੇ ਸਾਹਮਣੇ ਆਉਂਦੈ,ਪਹਿਲਾਂ ਸ਼ਾਮ ਕੌਰ ਦੀ ਸੱਸ ਹਰ ਕੌਰ ਦਾ ਜ਼ਮੀਨ ਬਚਾਉਣ ਲਈ ਵਰਤਿਆ ਜਾਣਾਫਿਰ ਸ਼ਾਮ ਕੌਰ ਦਾ ਦਿਉਰ ਦੀ ਵਾਸਨਾ-ਪੂਰਤੀ ਲਈ ਵਰਤਿਆ ਜਾਣਾ,ਉਹਦੀ ਧੀ ਰਾਜਬੀਰ ਦਾ ਪੀ.ਆਰ.ਲੈਣ ਲਈ ਤੇ ਅੱਗੋਂ ਉਹਦੀ ਧੀ ਰਿਸ਼ਮ ਦੀ ਮਾਡਲੰਿਗ ਤੇ ਸੁੰਦਰਤਾ ਮੁਕਾਬਲੇ ਦੀ ਤਿਆਰੀ ਸਮੇਂ ਜਿਸਮਾਨੀ ਛੇੜ-ਛਾੜ,ਪ੍ਰਬੰਧਕਾਂ ਵੱਲੋਂ ਉਹਦੇ ਜਿਸਮ ਨੂੰ ਵਰਤਣ ਦੀ ਘਿਨਾਉਣੀ ਕੋਸ਼ਿਸ਼ ਔਰਤ ਦੇ ਪੀੜ੍ਹੀ ਦਰ ਪੀੜ੍ਹੀ ਸਫ਼ਰ ਦੀ ਹੌਲਨਾਕ ਵਿਿਥਆ ਹੈ।ਇਸ ਸਾਹ ਸੂਤਵੇਂ ਹਨ੍ਹੇਰੇ ਵਿੱਚ ਚਾਨਣ ਦੀ ਕਿਰਨ ਝਲਕਾਰਾ ਮਾਰਦੀ ਹੈ,ਜਦੋਂ ਆਪਣੀ ਮਾਂ ਨੂੰ ਕੁੱਟ ਰਹੇ ਬਾਪ ਨੂੰ ਧੱਕਾ ਮਾਰ ਕੇ ਸੁੱਟਦੀ ਹੋਈ ਗਿਆਰਵੀਂ ਵਿੱਚ ਪੜ੍ਹਦੀ ਰਾਜੀ ਦਹਾੜਦੀ ਹੈ,“ਹੁਣ ਮਾਰ ਕੇ ਦੇਖ!ਤੂੰ ਮੇਰੀ ਮੰਮੀ ਨੂੰ ਨਿੱਤ ਕੁੱਟਦਾਂ!ਮੈਂ ਪੁਲੀਸ ਨੂੰ ਫੋਨ ਕਰਨ ਲੱਗੀ ਆਂ।” ਤੇ ਬਾਅਦ ਵਿੱਚ ਰਾਜੀ ਦਾ ਆਪਣੀ ਮਾਂ ਨੂੰ ਤਲਾਕ ਦੇ ਕਾਗ਼ਜ਼ਾਂ ਤੇ ਦਸਖ਼ਤ ਕਰਨ ਲਈ ਕਹਿਣਾ,ਰੋਂਦੀ ਵਿਲਕਦੀ ਮਾਂ ਨੂੰ ਧਰਵਾਸ ਦੇਣਾ,“ਮੰਮੀ ਰੋਣਾ ਨਹੀਂ।ਜੇ ਉਸਨੇ ਸਾਡੇ ਬਾਰੇ ਨਹੀਂ ਸੋਚਿਆ ਤਾਂ ਅਸੀਂ ਉਸ ਬਾਰੇ ਕਿਉਂ ਸੋਚੀਏ….” ਇਹ ਸਭ ਸਕੂਲ ਪੜ੍ਹਦੀ ਬੱਚੀ ਦੇ ਅੰਦਰ ਜਗ ਰਹੀਆਂ ਜਾਗ੍ਰਤੀ ਦੀਆਂ ਲਹਿਰਾਂ ਹਨ।

       ਲਾਵਾਂ ਫੇਰੇ ਲੈ ਕੇ ਉਮਰਾਂ ਦੇ ਸਾਥ ਦਾ ਵਾਅਦਾ ਕਰਨ ਵਾਲ਼ਾ ਆਪਣੀ ਪਤਨੀ ਦੀ ਵੇਦਨਾ ਨੂੰਉਹਦੀ ਮਜਬੂਰੀ ਨੂੰ,ਉਹਦੀ ਰੂਹ ਦੇ ਸੁੱਚਮ ਨੁੰ ਸਮਝਣ ਦੀ ਥਾਂ ਉਹਦੀ ਦਾਗੀ ਕਾਇਆ ਨੂੰ ਵੱਡਾ ਮਹੱਤਵ ਦੇ ਕੇ ਬੇਦਰਦੀ ਦੀਆਂ ਹੱਦਾਂ ਕਿਵੇਂ ਟੱਪ ਜਾਂਦੈ,ਸ਼ਾਮ ਕੌਰ ਦਾ ਪਤੀ ਅਜਾਇਬ ਸਿੰਘ ਇਹਦੀ ਸਪੱਸ਼ਟ ਉਦਾਹਰਣ ਹੋ ਨਿੱਬੜਦੈ।ਬਾਅਦ ਵਿੱਚ ਏਹੋ ਭਾਣਾ ਉਹਨਾਂ ਦੀ ਧੀ ਰਾਜਬੀਰ ਨਾਲ ਵਾਪਰਦੈਜਦੋਂ ਉਹਦਾ ਪਤੀ ਗੁਰਚੇਤ ਵਿਆਹ-ਬੰਧਨ ਤੋਂ ਆਜ਼ਾਦ ਹੋ ਕੇ ਰੰਗਰਲੀਆਂ ਮਨਾਉਣ ਲਈ,ਉਹਦੇ ਦੋਸਤ ਰਣਜੋਧ ਅਨੁਸਾਰ ਹਰੀਆਂ ਅੰਗੂਰੀਆਂਚਰਨ ਲਈ,ਆਪਣੀ ਸੁਘੜ ਸਿਆਣੀ ਤੇ ਸਮੱਰਪਿਤ ਪਤਨੀ ਨੂੰ ਉਹਦੇ ਬਚਪਨ ਦੇ ਦੋਸਤ ਚੰਦਨ ਦੀ ਚਿੱਠੀ ਦੇ ਬਹਾਨੇ ਹਮੇਸ਼ਾ ਲਈ ਛੱਡ ਦਿੰਦਾ ਹੈ।ਉਹਨੂੰ ਭਟਕਦੇ ਨੂੰ ਪੱਕਾ ਕਰਾਉਣ ਵਾਲ਼ੀ ਤੇ ਹੋਰ ਸੁੱਖ ਸਹੂਲਤਾਂ ਦੇਣ ਵਾਲ਼ੀ ਰਾਜਬੀਰ ਦੇ ਗਰਭਵਤੀ ਹੋਣ ਤੇ ਬੇਰੁਖੀ ਨਾਲ਼ ਪੇਸ਼ ਆਉਣਾ,ਆਪਣੀ ਨਵਜੰਮੀ ਧੀ ਦਾ ਚਾਅ ਕਰਨ ਦੀ ਥਾਂ ਉਹਨੂੰ ਇਸ ਤਰ੍ਹਾਂ ਵਧਾਈ ਦੇਣਾ ਜਿਵੇਂ ਕੁੜੀ ਜੰਮਣਾ ਲਾਹਨਤ ਹੋਵੇ,ਕੁੜੀ ਨੂੰ ਬਿਨਾਂ ਕਿਸੇ ਅਧਾਰ ਤੋਂ ਚੰਦਨ ਦੀ ਧੀ ਗਰਦਾਨਣਾ ਤੇ ਫਿਰ ਸਾਰਾ ਗਹਿਣਾ-ਗੱਟਾ ਚੋਰੀ ਕਰਕੇ ਜੱਚਾ-ਬੱਚਾ ਨੂੰ ਹਮੇਸ਼ਾ ਲਈ ਉਹਨਾਂ ਦੇ ਹਾਲ ਤੇ ਛੱਡ ਜਾਣਾ ਕਿਸੇ ਅੱਤਿਆਚਾਰ ਤੋਂ ਘੱਟ ਨਹੀਂ ਹੈ।ਗੁਰਚੇਤ ਦਾ ਇਹ ਕਾਰਾ ਇਹੋ ਜਿਹੇ ਸਾਰੇ ਪੱਥਰਦਿਲ ਮਰਦਾਂ ਤੋਂ ਜਵਾਬਦੇਹੀ ਮੰਗਦਾ ਹੈ।ਇਸ ਕਰੂਰ ਵਰਤਾਰੇ ਨਾਲ਼ ਜੱਚਗੀ ਦੇ ਨਾਜ਼ੁਕ ਮੌਕੇ ਜੰਮਣ-ਪੀੜਾਂ ਨਾਲ਼ ਭੰਨੀ ਮਾਂ ਦੇ ਦਿਲ ਤੇ ਕੀ ਬੀਤਦੀ ਹੈ,ਇਸਨੂੰ ਇੱਕ ਔਰਤ ਹੀ ਸਮਝ ਸਕਦੀ ਹੈ,ਸ਼ਾਇਦ ਕੋਈ ਮਰਦ ਵੀ,ਲੇਖਕ ਨੇ ਸਮਝਿਆ ਹੈ ਤੇ ਇਸੇ ਲਈ ਰਾਜਬੀਰ ਦੇ ਹੱਥ ਵਿੱਚ ਨਾਬਰੀ ਦੀ ਮਸ਼ਾਲ ਫੜਾ ਦਿੱਤੀ ਹੈ,ਉਸ ਦੇ ਮੱਥੇ ਵਿੱਚ ਚੇਤਨਾ ਦੇ ਦੀਵੇ ਬਾਲ਼ ਦਿੱਤੇ ਹਨ,ਉਹ ਫ਼ੈਸਲਾ ਲੈਂਦੀ ਹੈ,“ਮੈਂ ਇਸ ਨੂੰ ਇੰਨੀ ਖੁੱਲ੍ਹ ਤੇ ਆਜ਼ਾਦੀ ਦਿਆਂਗੀ ਕਿ ਕਿਸੇ ਮਾਂ ਨੇ ਆਪਣੀ ਧੀ ਨੂੰ ਨਹੀਂ ਦਿੱਤੀ ਹੋਵੇਗੀ….ਮੈਂ ਅਜੇਹੇ ਹਾਲਾਤ ਪੈਦਾ ਨਹੀਂ ਹੋਣ ਦਿਆਂਗੀ ਕਿ ਇਹ ਮੇਰੀ ਮਾਂ ਵਾਂਗ ਪਰ-ਅਧੀਨ ਰਹੇ ਤੇ ਮੇਰੇ ਵਾਂਗ ਅਣਚਾਹੇ ਫ਼ੈਸਲੇ ਕਰਨ ਲਈ ਮਜਬੂਰ ਹੋਵੇ।’ ਨਤੀਜੇ ਵਜੋਂ ਉਹ ਆਪਣੀ ਇਸ ਬੱਚੀ ਰਿਸ਼ਮ ਨੂੰ ਇੱਕ ਆਤਮ-ਨਿਰਭਰ,ਚੇਤੰਨ,ਸੂਝਵਾਨ,ਸਮਰੱਥ ਤੇ ਆਪਣੇ ਫ਼ੈਸਲੇ ਖ਼ੁਦ ਲੈਣ ਦੇ ਕਾਬਲ ਕੁੜੀ ਵਜੋਂ ਘੜ ਲੈਂਦੀ ਹੈ।

      ਰਾਜਬੀਰ ਏਨੀ ਦਬੰਗ ਹੋ ਗਈ ਹੈ ਕਿ ਮਾਂ ਵੱਲੋਂ ਦੁਬਾਰਾ ਸ਼ਾਦੀ ਕਰ ਲੈਣ ਦੇ ਸੁਝਾਅ ਤੇ ਉਸਦਾ ਜਵਾਬ ਝੰਜੋੜ ਕੇ ਰੱਖ ਦਿੰਦਾ ਹੈ,“ਮਾਂ ਮੇਰੀਏ,ਪਹਿਲਾਂ ਵੀ ਤਾਂ ਤੇਰੇ ਕਹਿਣ ਤੇ ਹੀ ਘਰ ਵਸਾਇਆ ਸੀ……………ਮੈਂ ਸੋਚਦੀ ਆਂ ਕਿ ਮੇਰੇ ਨਾਲੋਂ ਤੈਨੂੰ ਮਰਦਾਵੇਂ ਸਾਥ ਦੀ ਵੱਧ ਲੋੜ ਐ…….ਜੇ ਕਹੇਂ ਤਾਂ ਮੈਂ ਅਖ਼ਬਾਰ ਵਿੱਚ ਇਸ਼ਤਹਾਰ ਦੇ ਦੇਵਾਂ ਕਿ ਇੱਕ ਇਕੱਲੀ ਬਵੰਜਾ ਸਾਲਾ ਇਸਤਰੀ ਨੂੰ ਹਾਣ ਦੇ ਵਰ ਦੀ ਲੋੜ ਹੈ।

       ਇੱਕ ਹੋਰ ਉਪਕਾਰ ਸੇਖਾ ਸਾਹਿਬ ਨੇ ਕੀਤਾ ਹੈ,ਗਵਾਂਢੀ ਹੁਕਮ ਦੇਵ ਦੇ ਮੂੰਹੋਂ ਇਹ ਕਢਵਾ ਕੇ, “ਜੇ ਪਤੀਬ੍ਰਤਾ ਹੋਣਾ ਔਰਤ ਦਾ ਧਰਮ ਐ ਤਾਂ ਬੰਦੇ ਦਾ ਧਰਮ ਵੀ ਪਤਨੀਬ੍ਰਤਾ ਹੋਣਾ ਚਾਹੀਦਾ ਹੈ।” ਵੱਖਰੇ ਸ਼ਬਦਾਂ ਰਾਹੀਂ ਏਹੋ ਗੱਲ ਅਜਾਇਬ ਸਿੰਘ ਦਾ ਦੋਸਤ ਹਮੀਰ ਸ਼ਾਮ ਕੌਰ ਦੇ ਸਬੰਧ ਵਿੱਚ ਕਹਿੰਦਾ ਹੈ,“ਬੇਵਸੀ ਵਿੱਚ ਉਹਦੇ ਨਾਲ਼ ਕੋਈ ਭਾਣਾ ਵਾਪਰ ਵੀ ਗਿਆ ਹੋਇਆ ਤਾਂ ਉਸ ਤੇ ਮਿੱਟੀ ਪਾ… ਸਾਨੂੰ ਆਪਣੇ ਵੱਲ ਵੀ ਝਾਤੀ ਮਾਰਨੀ ਚਾਹੀਦੀ ਐ,ਕਿ ਆਪਾਂ ਇੰਗਲੈਂਡ ਵਿੱਚ ਕੀ ਕਰਦੇ ਰਹੇ ਸੀ……” ਇਸ ਸੰਦਰਭ ਵਿੱਚ ਸਮਝੌਤੀਆਂ ਦਿੰਦਾ ਸਫ਼ਾ 29-30 ਦਾ ਸਾਰਾ ਬਿਰਤਾਂਤ ਹੀ ਪੜ੍ਹਨ ਵਾਲ਼ਾ ਹੈ।ਬੇਸ਼ੱਕ ਇਸ ਗੱਲ ਨੇ ਅਜਾਇਬ ਸਿੰਘ ਦੇ ਮਨ ਉੱਤੇ ਕੋਈ ਪ੍ਰਭਾਵ ਨਹੀਂ ਪਾਇਆ,ਉਲਟਾ ਪਤਨੀ ਨਾਲ਼ ਕਲੇਸ਼ ਕਰਨ ਲੱਗਿਆ,ਬਾਹਰ ਸਬੰਧ ਬਣਾ ਲਏ ਤੇ ਆਖ਼ਿਰ ਆਪਣੀ ਬੇਕਸੂਰ ਪਤਨੀ ਨੂੰ ਤਲਾਕ ਦੇ ਦਿੱਤਾ,ਪਰ ਉਮੀਦ ਬੱਝਦੀ ਹੈ ਕਿ ਇਹ ਗੱਲ ਕਿਸੇ ਨਾ ਕਿਸੇ ਮਰਦ-ਮਨ ਨੂੰ ਤਾਂ ਹਲੂਣੇਗੀ ਹੀ,ਕਿਸੇ ਨੂੰ ਤਾਂ ਔਰਤ ਦੇ ਥਾਂ ਖੜ੍ਹੇ ਹੋ ਕੇ ਹਾਲਾਤ ਨੂੰ ਸਮਝਣ ਦੀ ਸੂਝ ਆਵੇਗੀ ਹੀ,ਉਹ ਆਪਣੀ ਜੀਵਨ-ਸਾਥਣ ਨਾਲ਼ ਇਨਸਾਫ਼ ਕਰੇਗਾ ਹੀ,ਇੱਕ ਹੀ ਕਿਉਂ ਸ਼ਾਇਦ ਕਈ ਮਰਦ,ਸ਼ਾਇਦ ਬਹੁਤ ਸਾਰੇ ਮਰਦ,ਲਿਖਤਾਂ ਸੋਚ ਨੂੰ ਏਦਾਂ ਹੀ ਬਦਲਿਆ ਕਰਦੀਆਂ ਨੇ,ਸਮਾਜ ਨੂੰ ਸੋਹਣਾ ਇਹੋ ਜਿਹੀਆਂ ਲਿਖਤਾਂ ਰਾਹੀਂ ਹੀ ਬਣਾਇਆ ਜਾ ਸਕਦਾ ਹੈ।

      ਇਸ ਦੇ ਨਾਲ਼ ਨਾਲ਼ ਲੇਖਕ ਨੇ ਆਲ਼ੇ ਦਵਾਲ਼ੇ ਵਾਪਰ ਰਹੀਆਂ ਘਟਨਾਵਾਂ ਤੇ ਉਹਨਾਂ ਦੇ ਮਨੁੱਖੀ ਸਬੰਧਾਂ ਉੱਤੇ ਪੈ ਰਹੇ ਅਸਰ ਦਾ ਵੀ ਖੁੱਲ਼੍ਹ ਕੇ ਜ਼ਿਕਰ ਕੀਤਾ ਹੈ,ਸੰਤ ਭਿੰਡਰਾਂਵਾਲ਼ਾ,ਉਹਦੇ ਪ੍ਰਭਾਵ ਹੇਠ ਆਏ ਨੌਜਵਾਨ,ਉਹਨਾਂ ਵਿੱਚੋਂ ਕੁਝ ਦਾ ਜਾਨ ਬਚਾਉਣ ਲਈ ਕੈਨੇਡਾ ਜਾਂ ਹੋਰ ਦੇਸ਼ਾਂ ਵੱਲ ਪਲਾਇਨਪੁਲੀਸ ਤੇ ਖਾੜਕੂ-ਜੱਥੇਬੰਦੀਆਂ ਵੱਲੋਂ ਕੀਤੀਆਂ ਜਾਂਦੀਆਂ ਹੱਤਿਆਵਾਂ,ਆਪਰੇਸ਼ਨ ਨੀਲ-ਤਾਰਾ,ਨਵੰਬਰ ਚੁਰਾਸੀ ਦਾ ਕਤਲੇਆਮ,ਜਹਾਜ਼ ਕਨਿਸ਼ਕ ਦਾ ਹਾਦਸਾ ਤੇ ਇਹਨਾਂ ਸਭ ਦਾ ਹਿੰਦੂ-ਸਿੱਖ ਸਬੰਧਾਂਦੋਸਤੀਆਂ-ਰਿਸ਼ਤੇਦਾਰੀਆਂ ਵਿੱਚ ਤ੍ਰੇੜਾਂ ਪਾਉਣਾ ਸਭ ਕੁਝ ਊੱਘੜ ਕੇ ਸਾਹਮਣੇ ਆਉਂਦਾ ਹੈ। ਗੁਰਦਵਾਰਿਆਂ ਦੇ ਸ਼ਰਧਾਲੂ ਸੇਵਾਦਾਰਾਂ ਵਿੱਚ ਕਿਸੇ ਨਾ ਕਿਸੇ ਰਣਜੋਧ ਵਰਗੇ ਬਹੁਰੂਪੀਏ ਸਵਾਰਥੀ ਸ਼ਖ਼ਸ ਦਾ ਹੋਣਾ,ਜਿਹੜਾ ਸੰਗਤਾਂ ਦੀਆਂ ਭਾਵਨਾਵਾਂ ਨਾਲ਼ ਖੇਡਦਾ ਹੈ,ਗੁਰੂ ਘਰ ਨੂੰ ਧੋਖਾ ਦਿੰਦਾ ਹੈ। ਸਕੂਲਾਂ ਵਿੱਚ ਨਸਲੀ ਭੇਦ-ਭਾਵ ਕਾਰਨ ਸਹਿਪਾਠੀਆਂ ਵੱਲੋਂ ਗ਼ਲਤ ਸਲੂਕ ਤੇ ਉਸਦਾ ਉਹਨਾਂ ਦੀ ਪੜ੍ਹਾਈ,ਸ਼ਖ਼ਸੀਅਤ,ਭਵਿੱਖ ਤੇ ਅਸਰ ਰੂਪਮਾਨ ਹੁੰਦਾ ਹੈ।

       ਲੇਖਕ ਨੇ ਇਹ ਕੌੜਾ ਸੱਚ ਵੀ ਸਾਹਮਣੇ ਲਿਆਂਦੈ ਕਿ ਮੰਡੀ ਮਾਨਸਿਕਤਾ ਜ਼ਿੰਦਗੀ ਦੇ ਹਰ ਪਹਿਲੂ ਤੇ ਹਾਵੀ ਹੋ ਗਈ ਹੈ,ਸਕੂਲਾਂ ਵਿੱਚ ਪਜਾਮਾ ਡੇ,ਪਿੰਕ ਸ਼ਰਟ ਡੇਹੈਲੋਵੀਨ ਡੇ ਤੇ ਸੱਭਿਆਚਾਰ ਦੇ ਬਹਾਨੇ ਇਹੋ ਜਿਹੇ ਹੋਰ ਡੇ ਮਨਾਉਣ ਨਾਲ਼ ਵੰਨ ਸਵੰਨੇ ਕੱਪੜਿਆਂ ਤੇ ਹੋਰ ਸਮੱਗਰੀ ਨੂੰ ਬਾਲਾਂ ਦੀ ਲੋੜ ਬਣਾ ਦਿੱਤਾ ਜਾਂਦੈ ਤਾਂ ਕਿ ਵੱਡੇ ਹੋ ਕੇ ਵੀ ਉਹ ਇਸ ਆਦਤ ਅਧੀਨ ਖਰੀਦ-ਦਾਰੀਆਂ ਕਰਦੇ ਰਹਿਣ ਤੇ ਵਪਾਰੀਆਂ ਦਾ ਮੁਨਾਫਾ ਹੁੰਦਾ ਰਹੇ,ਮੰਡੀਕਰਨ ਦੀਆਂ ਲੁਕਵੀਂਆਂ ਸਾਜਿਸ਼ਾਂ ਤੋਂ ਪਰਦਾ ਲਾਹੁੰਦੀ ਰਾਜਬੀਰ ਤੇ ਰਿਸ਼ਮ ਦੀ ਗੂਫ਼ਤਗੂ ਵਿਸ਼ੇਸ਼ ਧਿਆਨ ਮੰਗਦੀ ਹੈ-ਸਫ਼ਾ 133-134,ਜਿਸ ਵਿੱਚੋਂ ਇਹ ਹਕੀਕਤ ਨਿੱਤਰ ਕੇ ਸਾਹਮਣੇ ਆਉਂਦੀ ਹੈ ਕਿ ਸੁੰਦਰਤਾ ਮੁਕਾਬਲਿਆਂ ਰਾਹੀਂ ਜਿੱਥੇ ਔਰਤ ਨੂੰ ਇਸ਼ਤਹਾਰੀ ਸਮੱਗਰੀ ਬਣਾਇਆ ਜਾਂਦੈ ਓਥੇ ਹੀ ਉਹਦਾ ਸਰੀਰਕ ਵੀ ਸ਼ੋਸ਼ਣ ਹੁੰਦੈ।ਧੀ ਆਪਣੇ ਪ੍ਰੋਫੈਸਰ ਦਾ ਬਿਆਨ ਸੁਣਾ ਕੇ ਸਭ ਨਾਰੀਆਂ ਦੀਆਂ ਅੱਖਾਂ ਖੋਲ੍ਹਦੀ ਹੈ: ਇਸ ਸਮੇਂ ਪੂੰਜੀਵਾਦੀ ਸਿਸਟਮ,ਜਿਸ ਉੱਪਰ ਮਰਦ ਮਾਨਸਿਕਤਾ ਕਾਬਜ਼ ਹੈ,ਨੇ ਔਰਤ ਦੀ ਮਰਦ ਤੋਂ ਸੁਤੰਤਤਰਤਾ ਦਾ ਭਰਮ ਸਿਰਜ ਕੇ ਉਸ ਨੂੰ ਆਪਣੀ ਇੱਛਾ ਅਨੁਸਾਰ ਵਰਤਣ ਦੀ ਵਿਧੀ ਹੀ ਵਿਕਸਤ ਕੀਤੀ ਹੋਈ ਹੈਸੁੰਦਰਤਾ ਮੁਕਾਬਲੇ,ਮਾਡਲੰਿਗ,ਇਸ਼ਤਹਾਰਾਂ ਵਿੱਚ ਨਾਰੀ ਨੂੰ ਮਨ ਚਾਹੇ ਰੂਪਾਂ ਵਿੱਚ ਦਿਖਾਉਣਾ ਵੀ ਨਾਰੀ ਸੁਤੰਤਰਤਾ ਦੀ ਕੁਢੱਬੀ ਵਰਤੋਂ ਹੈ,ਜਿਸ ਦਾ ਨਾਰੀ ਨੂੰ ਅਹਿਸਾਸ ਹੀ ਨਹੀਂ।” 

    ਫਾਰਮ ਹਾਊਸ ਦੇ ਮਾਲਕਾਂ ਵੱਲੋਂ ਕਾਮਿਆਂ ਦਾ ਸੋਸ਼ਣ,ਸੱਟ ਲੱਗਣ ਤੇ ਮੁਆਵਜ਼ੇ ਤੋਂ ਬਚਣ ਲਈ ਧੋਖਾ-ਧੜੀਆਂ ਸਾਹਮਣੇ ਲਿਆਂਦੀਆਂ ਨੇ।ਕੈਨੇਡਾ ਵਰਗੇ ਅਗਾਂਹਵਧੂ ਮੁਲਕਾਂ ਵਿੱਚ ਆ ਕੇ ਵੀ ਮਾਪਿਆਂ ਵੱਲੋਂ ਆਪਣੀ ਮਰਜ਼ੀ ਦੀ ਥਾਂ ਧੀ-ਪੁੱਤ ਦਾ ਵਿਆਹ ਕਰਨ ਲਈ ਆਤਮਘਾਤ ਦਾ ਡਰ ਦੇ ਕੇ ਜਾਂ ਹੱਤਕ ਇੱਜ਼ਤ ਦਾ ਸਵਾਲ ਬਣਾ ਕੇ ਬਲੈਕਮੇਲ ਕਰਨਾ ਵੀ ਪਿਆਰ ਦਾ ਕਾਤਿਲ ਬਣਿਆ ਹੋਇਐ,ਸੱਤ ਸਮੁੰਦਰ ਟੱਪ ਕੇ ਖ਼ੁਸ਼ੀਆਂ ਨੂੰ ਨਿਗਲ਼ ਰਹੇ ਜ਼ਾਤ-ਪਾਤ ਦੇ ਅਜਗਰ ਦੀ ਫੁੰਕਾਰ ਚੰਦਨ ਤੇ ਉਹਦੀ ਮਾਂ ਸੱਤਿਆਵਤੀ ਦੇੇ ਵਾਰਤਾਲਾਪ ਵਿੱਚੋਂ ਸਾਫ਼ ਸੁਣੀਂਦੀ ਹੈ:

     “ਸਰਸਵਤ ਬਰਾਹਮਣਾਂ ਦੇ ਘਰ ਸ਼ੂਦਰਾਂ ਦੀ ਕੁੜੀ ਬਹੂ ਬਣ ਕੇ ਕਦੀ ਵੀ ਨਹੀਂ ਆ ਸਕਦੀ

     ਪਰ ਉਹ ਸ਼ੂਦਰ ਨਹੀਂ,ਜੱਟ ਨੇ।

    ਜੱਟ ਵੀ ਸ਼ੂਦਰ ਹੁੰਦੇ ਐ । ਤੂੰ ਮਨੂੁਸਿਮ੍ਰਤੀ ਪੜ੍ਹ ਕੇ ਦੇਖ ਲਈਂ।

       ਜਿਉਂ ਜਿਉਂ ਨਾਵਲ ਅੱਗੇ ਵਧਦਾ ਹੈ,ਕੰਡਿਆਲ਼ੇ ਰਾਹਾਂ ਉੱਤੇ ਰਾਜਬੀਰ ਦੇ ਕਦਮ ਹੋਰ ਮਜ਼ਬੂਤ ਹੁੰਦੇ ਜਾਂਦੇ ਹਨ,ਆਪਣੀ ਸਹਿਕਰਮੀ ਐਲੀਸਾ ਰਾਹੀਂ ਉਹ ਨਾਰੀ ਮੁਕਤੀ ਸਭਾ’ ਦੀ ਸਰਗਰਮ ਮੈਂਬਰ ਬਣ ਜਾਂਦੀ ਹੈ,ਪਰ ਇਹ ਸਭਾ ਵਿਆਹ-ਪ੍ਰਬੰਧ’ ਨੂੰ ਅਸਲੋਂ ਹੀ ਨਕਾਰਦੀ ਹੈ,ਇਸ ਦੀਆਂ ਮੀਟਿੰਗਾਂ ਵਿੱਚ ਇਸੇ ਗੱਲ ਤੇ ਜ਼ੋਰ ਦਿੱਤਾ ਜਾਂਦੈ: ਵਿਆਹ ਕਰਵਾ ਕੇ ਨਾਰੀ ਇੱਕ ਬੰਧਨ ਵਿੱਚ ਬੱਝ ਜਾਂਦੀ ਹੈਨਾਰੀ ਦੀ ਆਜ਼ਾਦੀ ਮਰਦ ਦੇ ਦਬਦਬੇ ਤੋਂ ਮੁਕਤ ਹੋਣ ਵਿੱਚ ਹੈ।” ਤੇ ਰਾਜਬੀਰ ਔਰਤ ਨੂੰ ਬਰਾਬਰ ਦਾ ਦਰਜਾ ਦੇਣ ਵਾਲ਼ੇ ਮੁਹੱਬਤੀ ਮਰਦ ਨੂੰ ਵੀ ਜ਼ਿੰਦਗੀ ਵਿੱਚੋਂ ਮਨਫ਼ੀ ਕਰਨਾ ਲੋਚਦੀ ਹੈ।ਏਥੇ ਰਾਜਬੀਰ ਥਿੜਕ ਗਈ ਹੈ,ਪਰ ਉਹਦੀ ਧੀ ਰਿਸ਼ਮ ਮਾਨਵਤਾ ਤੇ ਸਮਾਜ ਲਈ ਅਣਪੁੱਗਦੇ ਇਸ ਵਿਚਾਰ ਨੂੰ ਨਕਾਰ ਕੇ ਆਪਣੇ ਮਨਪਸੰਦ ਸਾਥੀ ਨਾਲ਼ ਵਿਆਹ ਕਰਨ ਦੀ ਰੀਝ ਪ੍ਰਗਟ ਕਰਦੀ ਹੈ।ਰਾਜਬੀਰ ਰਾਜ਼ੀ ਤਾਂ ਹੋ ਜਾਂਦੀ ਹੈ,ਪਰ ਕਹਿੰਦੀ ਹੈ,“ਇੱਕ ਸ਼ਰਤ ਮੇਰੀ ਵੀ ਆ,ਤੈਨੂੰ ਪੱਲਾ ਮੈਂ ਫੜਾਊਂਗੀ ਤੇ ਗੁਰੂ ਗ੍ਰੰਥ ਸਾਹਿਬ ਦੁਆਲ਼ੇ ਤੁਸੀਂ ਦੋਹਾਂ ਨੇ ਬਰਾਬਰ ਤੁਰ ਕੇ ਲਾਵਾਂ ਲੈਣੀਆਂ!” ਤੇ ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਮਰਿਯਾਦਾ ਉਲੰਘਣ ਦੇ ਵਿਰੋਧ ਤੇ ਮਹਿਮਾਨਾਂ ਦੇ ਇਤਰਾਜ਼ ਦੀ ਪਰਵਾਹ ਨਾ ਕਰਦੀ ਹੋਈ ਓਵੇਂ ਹੀ ਕਰਦੀ ਹੈ,ਜਿਵੇਂ ਉਹਨੇ ਚਿਤਵਿਆ ਸੀ।ਇਸ ਤਰ੍ਹਾਂ ਰਿਸ਼ਮ ਖ਼ੁਸ਼ਨੁਮਾ ਗ੍ਰਹਿਸਤ ਜੀਵਨ ਵਿੱਚ ਪ੍ਰਵੇਸ਼ ਕਰ ਜਾਂਦੀ ਹੈ,ਰਿਸ਼ਮ ਦਾ ਇਹ ਪ੍ਰਵੇਸ਼,ਇਸ ਪ੍ਰਵੇਸ਼ ਵਿੱਚੋਂ ਉਗਮਦਾ ਸੰਗੀਤ,ਸੁੱਚੀਆਂ ਪ੍ਰੀਤਾਂ ਦੀ ਮਹਿਕ,ਨਿਰਛਲ ਹਾਸੇ ਦੀ ਛਣਕਾਰ,ਰਾਜਬੀਰ ਦੇ ਜ਼ਿੰਦਗੀ ਚੋਂ ਮਰਦ ਨੂੰ ਤਿਆਗਣ ਦੇ ਇਰਾਦੇ ਨੂੰ ਢਹਿਢੇਰੀ ਕਰ ਦਿੰਦੇ ਹਨ ਤੇ ਉਹ ਉਡੀਕ ਰਹੇ ਚੰਦਨ ਦੇ ਮੁਹੱਬਤੀ ਸਾਥ ਨੂੰ ਸਵੀਕਾਰ ਕਰਨ ਦੇ ਰਾਹ ਤੁਰ ਪੈਂਦੀ ਹੈ।ਨਾਵਲ ਦਾ ਇਹ ਖ਼ੁਸ਼ਨੁਮਾ ਅੰਤ ਪਾਠਕ ਨੂੰ ਸਰਸ਼ਾਰ ਕਰਦਾ ਹੈ ਤੇ ਉਹ ਅਜਬ ਕਿਸਮ ਦੇ ਅਨੰਦ ਵਿੱਚ ਭਿੱਜ ਕੇ,ਬਹੁਤ ਸਾਰੇ ਚਾਨਣ-ਰੰਗੇ ਵਿਚਾਰਾਂ ਨਾਲ਼ ਅਮੀਰ ਹੋ ਕੇ ਕਿਤਾਬ ਬੰਦ ਕਰਦਾ ਹੈ।

     ਰਵਾਂ ਰਵੀਂ ਤੁਰ ਰਹੇ ਇਸ ਖ਼ੂਬਸੂਰਤ ਨਾਵਲ ਵਿੱਚ ਕਿਤੇ ਕਿਤੇ ਪਰੂਫ ਰੀਡਿੰਗ ਦੀਆਂ ਗ਼ਲਤੀਆਂ ਅਟਕਾ ਪਾਉਂਦੀਆਂ ਹਨ,ਪਰ ਉਸ ਤੋਂ ਵੀ ਵੱਧ ਅੱਖਰਦਾ ਹੈ ਸ਼ਾਮ ਕੌਰ ਨੂੰ ਰਿਸ਼ਮ ਦੀ ਦਾਦੀ ਵਜੋਂ ਪੇਸ਼ ਕਰਨਾ,ਕਿਉਂਕਿ ਅਸਲ ਵਿੱਚ ਤਾਂ ਉਹ ਨਾਨੀ ਲੱਗਦੀ ਹੈ।ਇਸ ਦੀ ਵਜ੍ਹਾ ਚਾਹੇ ਕੋਈ ਵੀ ਹੋਵੇ,ਪਰ ਸਮੁੱਚੇ ਰੂਪ ਵਿੱਚ ਇਹ ਨਾਵਲ ਸਮਾਜ ਲਈ ਰਾਹ-ਦਸੇਰਾ ਹੈ,ਸੋਹਣੀ ਸੁਹਾਵਣੀ ਜ਼ਿੰਦਗੀ ਦੀ ਉਮੀਦ ਹੈ,ਔਰਤ ਦੇ ਹੱਕ ਵਿੱਚ ਭੁਗਤਦਾ ਇੱਕ ਨਾਯਾਬ ਤੋਹਫ਼ਾ ਹੈ।ਮੈਂ ਵੀਰ ਜਰਨੈਲ ਸਿੰਘ ਸੇਖਾ ਨੂੰ ਮੁਬਾਰਕ ਦਿੰਦੀ ਹੋਈ ਸਮੁੱਚੀ ਔਰਤ-ਜ਼ਾਤ ਵੱਲੋਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਤੇ ਆਸ ਕਰਦੀ ਹਾਂ ਕਿ ਉਹ ਏਹੋ ਜਿਹੀਆਂ ਲਿਖਤਾਂ ਨਾਲ਼ ਔਰਤ ਦੇ ਕੰਡਿਆਲ਼ੇ ਰਾਹਾਂ ਵਿੱਚ ਚਾਨਣ ਬੀਜਦੇ ਰਹਿਣਗੇ।

ਡਾ.ਗੁਰਮਿੰਦਰ ਸਿੱਧੂ

Advertisement
Advertisement
Advertisement
Advertisement
Advertisement
error: Content is protected !!