ਅਸ਼ੋਕ ਵਰਮਾ , ਬਠਿੰਡਾ 17 ਦਸੰਬਰ 2023
ਸ੍ਰੀ ਮੁਕਤਸਰ ਸਹਿਬ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ ਪਿੰਡ ਕੋਟ ਭਾਈ ਦੇ ਨੌਜਵਾਨ ਸੰਦੀਪ ਸਿੰਘ ਦੀ ਵਿਆਹ ਤੋਂ ਤੀਸਰੇ ਦਿਨ ਹੋਈ ਮੌਤ ਨੇ ਨਾਂ ਕੇਵਲ ਦੋ ਪ੍ਰੀਵਾਰਾਂ ਬਲਕਿ ਸਮੁੱਚੇ ਪੰਜਾਬ ਨੂੰ ਹਿਲਾਕੇ ਰੱਖ ਦਿੱਤਾ ਹੈ। ਸੰਦੀਪ ਸਿੰਘ ਵਿਆਹ ਵੇਲੇ ਪਹਿਨੀ ਸ਼ੇਰਵਾਨੀ ਵਾਪਿਸ ਕਰਨ ਲਈ ਬਠਿੰਡਾ ਗਿਆ । ਜਿੱਥੋਂ ਪਿੰਡ ਪਰਤਦੇ ਸਮੇਂ ਕਿਲੀ ਨਿਹਾਲ ਸਿੰਘ ਵਾਲਾ ਕੋਲ ਉਸ ਦੀ ਕਾਰ ਅਤੇ ਸਿੰਲਡਰਾਂ ਨਾਲ ਭਰੇ ਟਰੱਕ ਵਿਚਕਾਰ ਟੱਕਰ ਹੋ ਗਈ। ਗੰਭੀਰ ਜਖਮੀ ਸੰਦੀਪ ਸਿੰਘ ਨੂੰ ਸਿਵਲ ਹਸਪਤਾਲ ਬਠਿੰਡਾ ਲਿਆਂਦਾ ਗਿਆ । ਪਰ ਉਸ ਨੂੰ ਬਚਾਇਆ ਨਾਂ ਜਾ ਸਕਿਆ। ਹਾਦਸਿਆਂ ਦਾ ਵਾਪਰ ਜਾਣਾ ਅਤੇ ਮੌਤਾਂ ਪੰਜਾਬ ’ਚ ਲੋਕ ਆਮ ਗੱਲ ਮੰਨਦੇ ਹਨ। ਪਰ ਅਚਾਨਕ ਜ਼ਿੰਦਗੀ ਸੰਦੀਪ ਸਿੰਘ ਨੂੰ ਅਲਵਿਦਾ ਆਖ ਦੇਵੇਗੀ ਕਦੇ ਕਿਸੇ ਨੇ ਤਵੱਕੋ ਵੀ ਨਹੀਂ ਕੀਤੀ ਸੀ।
ਮਾਪਿਆਂ ਦਾ ਆਲਣਾ ਉਸ ਵਕਤ ਤੀਲਾ ਤੀਲਾ ਹੋ ਗਿਆ , ਜਦੋਂ ਬਾਹਰੋਂ ਸੁਨੇਹਾ ਆਇਆ ਕਿ ਉਨਾਂ ਦਾ ਜਾਇਆ ਹੁਣ ਕਦੇ ਘਰ ਨਹੀਂ ਪਰਤੇਗਾ। ਵੱਡੀ ਗੱਲ ਹੈ ਕਿ ਜਿਸ 14 ਦਸੰਬਰ ਨੂੰ ਇਹ ਘਟਨਾਂ ਵਾਪਰੀ ,ਉਹ ਦਿਨ ਦੋ ਪ੍ਰੀਵਾਰਾਂ ’ਚ ਚੜ੍ਹਿਆ ਤਾਂ ਨਵੇਂ ਖਿਆਲਾਂ ਨਾਲ ਸੀ ਪ੍ਰੰਤੂ ਅਰਮਾਨ ਦਿਨ ਦਿਹਾੜੇ ਲੁੱਟੇ ਜਾਣਗੇ ਮਾਪਿਆਂ ਨੂੰ ਇਸ ਦਾ ਇਲਮ ਨਹੀਂ ਸੀ। ਖਾਸ ਤੌਰ ਤੇ ਉਨ੍ਹਾਂ ਮਾਪਿਆਂ ਦੇ ਸੁਪਨੇ ਇੱਕ ਛਿਣ ‘ਚ ਹੀ ਲਹੂ ਲੁਹਾਨ ਹੋ ਗਏ । ਜਿਨਾਂ ਨੇ ਸਿਰਫ ਦੋ ਦਿਨ ਪਹਿਲਾਂ ਧੀਅ ਦਾ ਸਿਰ ਪਲੋਸ ਕੇ ਘਰੋਂ ਤੋਰਿਆ ਸੀ। ਪੀੜਤ ਪ੍ਰੀਵਾਰਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰੀਂ ਦਰਦਾਂ ਦਾ ਦਰਿਆ ਵਗਿਆ ਅਤੇ ਹੰਝੂਆਂ ਤੇ ਹੌਕਿਆਂ ਦੀ ਝੜੀ ਲੱਗੀ ਹੋਈ ਹੈ।
ਅਜੇ ਤਾਂ ਸੰਦੀਪ ਸਿੰਘ ਅਤੇ ਕੋਮਲ ਨੇ ਘਰੋਂ ਭਵਿੱਖ ਦੇ ਨੈਣ ਨਕਸ਼ ਦੇਖਣ ਲਈ ਤੁਰਨਾ ਸੀ ਕਿ ਹੋਣੀ ਰਾਹ ’ਚ ਹੀ ਟੱਕਰ ਗਈ। ਧੀ ਤੋਰ ਕੇ ਖੁਦ ਨੂੰ ਸੁਰਖੁਰੂ ਸਮਝ ਰਹੇ ਮਾਪੇ ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਸਨ । ਪ੍ਰੰਤੂ ਵਕਤ ਨੇ ਉਨਾਾਂ ਦੇ ਸੁਪਨਿਆਂ ਨੂੰ ਹਾਣ ਦੇ ਹੋਣ ਦਾ ਮੌਕਾ ਹੀ ਨਹੀਂ ਦਿੱਤਾ। ਦੋਵਾਂ ਘਰਾਂ ਦੀ ਇੱਕੋ ਚੀਸ ਸਾਂਝੀ ਸੀ । ਜਿਨ੍ਹਾਂ ਨੂੰ ਧਰਵਾਸ ਦੇਣ ਲਈ ਨੇੜਲਿਆਂ ਨੇ ਦਿਲਾਸੇ ਵੀ ਦਿੱਤੇ । ਪ੍ਰੰਤੂ ਦੂਰ ਤੁਰ ਗਏ ਇੱਕ ਘਰ ਦੇ ਪੁੱਤ ਤੇ ਦੂਸਰੇ ਦੇ ਜੁਆਈ ਦਾ ਗਮ , ਇਨ੍ਹਾਂ ਮਾਪਿਆਂ ਨੂੰ ਕਦੇ ਨਹੀਂ ਭੁੱਲ ਸਕੇਗਾ। ਅੱਜ ਜਦੋਂ ਸੰਦੀਪ ਸਿੰਘ ਦਾ ਅੰਗੀਠਾ ਸੰਭਾਲਿਆ ਗਿਆ ਤਾਂ ਸਿਵਿਆਂ ’ਚ ਮਾਸੂਮ ਬੱਚੀ ਕੋਮਲ ਦਾ ਰੋ ਰੋ ਕੇ ਬੁਰਾ ਹਾਲ ਦੇਖਿਆ ਨਹੀਂ ਜਾ ਰਿਹਾ ਸੀ ਤਾਂ ਉਸ ਤੋਂ ਇੱਕ ਦਿਨ ਪਹਿਲਾਂ ਪਾਣੀ ਵਾਰ ਕੇ ਪੀਣ ਵਾਲੀ ਸੰਦੀਪ ਦੀ ਮਾਤਾ ਦੇ ਧਰਤੀ ਦੀ ਹਿੱਕ ਚੀਰਦੇ ਵੈਣ ਝੱਲੇ ਨਹੀਂ ਜਾ ਰਹੇ ਸਨ।
ਲੋਕ ਚਰਚਾ ਕਰ ਰਹੇ ਸਨ ਕਿ ਜਿਨ੍ਹਾਂ ਨੇ ਦਿਨ ਚੜ੍ਹਦੇ ਨਵੀਂ ਆਸ ਦਾ ਸੂਰਜ ਦੇਖਿਆ ਸੀ । ਪ੍ਰੰਤੂ ਕਿਸਮਤ ਨੇ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਹੀ ਜ਼ਿੰਦਗੀ ਦੀ ਢਲਦੀ ਸ਼ਾਮ ਦਿਖਾ ਦਿੱਤੀ। ਦਰਅਸਲ ਮਾਲ ਵਿਭਾਗ ’ਚ ਪਟਵਾਰੀ ਸੰਦੀਪ ਸਿੰਘ ਪੁੱਤਰ ਸੋਮਪਾਲ ਸਿੰਘ ਵਾਸੀ ਕੋਟਭਾਈ ਦਾ ਵਿਆਹ ਬੁਢਲਾਡਾ ਦੇ ਰਾਜ ਕੁਮਾਰ ਵਰਮਾ ਦੀ ਅਧਿਆਪਕ ਪੁੱਤਰੀ ਕੋਮਲ ਨਾਲ 12 ਦਸੰਬਰ ਦਿਨ ਮੰਗਲਵਾਰ ਨੂੰ ਬੁਢਲਾਡਾ ਵਿਖੇ ਹੋਇਆ ਸੀ। ਵਿਆਹ ਵਾਲੇ ਦਿਨ ਦੋਵਾਂ ਪ੍ਰੀਵਾਰਾਂ ਨੇ ਰਿਸ਼ਤੇਦਾਰਾਂ ਅਤੇ ਸਾਕ ਸਬੰਧੀਆਂ ਨਾਲ ਰੱਜ ਕੇ ਖੁਸ਼ੀਆਂ ਮਨਾਈਆਂ ਸਨ।
ਦੇਰ ਸ਼ਾਮ ਤਕਰੀਬਨ ਛੇ ਵਜੇ ਲੜਕੀ ਦੇ ਪ੍ਰੀਵਾਰ ਨੇ ਆਪਣੀ ਧੀਅ ਨੂੰ ਚਾਵਾਂ ਨਾਲ ਡੋਲੀ ’ਚ ਬਿਠਾਕੇ ਵਿਦਾ ਕੀਤਾ ਗਿਆ ਸੀ। ਵਿਆਹ ਉਪਰੰਤ ਸੰਦੀਪ ਸਿੰਘ ਨੇ 15 ਦਸੰਬਰ ਨੂੰ ਸਹੁਰੇ ਘਰ ਬੁਢਲਾਡਾ ਫੇਰਾ ਪਾਉਣ ਲਈ ਜਾਣਾ ਸੀ। ਜਿਸ ਲਈ ਤਿਆਰੀਆਂ ਚੱਲ ਰਹੀਆਂ ਸਨ। ਇਸ ਦੌਰਾਨ ਦੋਵੇਂ ਪ੍ਰੀਵਾਰ ਅਜੇ ਖੁਸ਼ੀਆਂ ਹੀ ਮਨਾ ਰਹੇ ਸਨ ਕਿ 14 ਦਸੰਬਰ ਨੂੰ ਕਿਸੇ ਦੀ ਅਜਿਹੀ ਚੰਦਰੀ ਨਜ਼ਰ ਲੱਗੀ ਜੋ ਸੰਦੀਪ ਸਿੰਘ ਨੂੰ ਸਦਾ ਲਈ ਖੋਹ ਕੇ ਲੈ ਗਈ। ਦੱਸਣਯੋਗ ਹੈ ਕਿ ਕੋਟ ਭਾਈ ਅਬਾਦੀ ਦੇ ਪੱਖ ਤੋਂ ਕਾਫੀ ਵੱਡਾ ਪਿੰਡ ਹੈ । ਜਿੱਥੇ ਇੱਕ ਪਾਸੇ ਵਾਪਰੀ ਘਟਨਾ ਦਾ ਅਕਸਰ ਦੂਸਰੀ ਤਰਫ ਪਤਾ ਨਹੀਂ ਲੱਗਦਾ । ਪਰ ਸੰਦੀਪ ਸਿੰਘ ਦੇ ਇੰਝ ਚਲੇ ਜਾਣ ਨਾਲ ਤੀਸਰੇ ਦਿਨ ਵੀ ਪਿੰਡ ’ਚ ਮਹੌਲ ਗਮਗੀਨ ਅਤੇ ਸਦਮੇ ਵਾਲਾ ਬਣਿਆ ਹੋਇਆ ਹੈ।
ਸੰਦੀਪ ਸਿੰਘ ਦੇ ਪਿਤਾ ਸੋਮਪਾਲ ਸਿੰਘ , ਮਾਲ ਵਿਭਾਗ ’ਚ ਕਾਨੂੰਗੋ ਸਨ । ਜਿੰਨ੍ਹਾਂ ਦਾ ਆਪਣੇ ਮਿਲਣਸਾਰ ਸੁਭਾਅ ਕਾਰਨ ਸਮਾਜ ’ਚ ਚੰਗਾ ਰੁਤਬਾ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਕਰੀਬ ਢਾਈ ਸਾਲ ਪਹਿਲਾਂ ਸੋਮਪਾਲ ਸਿੰਘ ਦੀ ਮੌਤ ਹੋ ਗਈ ਸੀ । ਜਿਸ ਤੋਂ ਬਾਅਦ ਸੰਦੀਪ ਸਿੰਘ ਨੇ ਆਪਣੇ ਪ੍ਰੀਵਾਰ ਨੂੰ ਸੰਭਾਲਿਆ ਅਤੇ ਕਬੀਲਦਾਰੀ ਤੋਰਨੀ ਸ਼ੁਰੂ ਕਰ ਦਿੱਤੀ। ਪੁੱਤ ਗੱਭਰੂ ਹੋਇਆ ਤਾਂ ਵਿਆਹ ਧਰ ਦਿੱਤਾ, ਪਰ ਸ਼ਾਇਦ ਕਿਸਮਤ ਨੂੰ ਇਹ ਮਨਜ਼ੂਰ ਹੀ ਨਹੀਂ ਸੀ।
ਅੰਤਿਮ ਅਰਦਾਸ 24 ਦਸੰਬਰ ਨੂੰ
ਵਿਆਹ ਤੋਂ ਸਿਰਫ ਦੋ ਦਿਨ ਦੇ ਫਰਕ ਨਾਲ ਸੰਦੀਪ ਸਿੰਘ ਦੀ ਹੋਈ ਮੌਤ ਕਾਰਨ ਦੋਵਾਂ ਪ੍ਰੀਵਾਰਾਂ,ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਨਜ਼ਦੀਕੀਆਂ ’ਚ ਡੂੰਘੇ ਗਮ ਦਾ ਮਹੌਲ ਬਣਿਆ ਹੋਇਆ ਹੈ। ਸੰਦੀਪ ਸਿੰਘ ਨਮਿੱਤ ਅੰਤਿਮ ਅਰਦਾਸ ਮਿਤੀ 24 ਦਸੰਬਰ ਦਿਨ ਐਤਵਾਰ ਨੂੰ ਪਿੰਡ ਕੋਟ ਭਾਈ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸਿਆਸੀ ,ਸਮਾਜਿਕ ਅਤੇ ਧਾਰਮਿਕ ਹਸਤੀਆਂ ਤੋਂ ਇਲਾਵਾ ਰਿਸ਼ਤੇਦਾਰ ਭੈਣ ਭਾਈ ਅਤੇ ਇਲਾਕਾ ਵਾਸੀ ਵਿੱਛੜੀ ਰੂਹ ਨੂੰ ਖੈਰਾਜ਼ ਏ ਅਕੀਦਤ ਪੇਸ਼ ਕਰਨਗੇ।