ਤਿੰਨ ਕਿੱਲੋ ਸੋਨੇ ਦੀ ਲੁੱਟ ਮਾਮਲੇ ’ਚ ਪੰਜਾਬ ਪੁਲਿਸ ਦਾ ਸਿਪਾਹੀ ਗ੍ਰਿਫਤਾਰ
ਅਸ਼ੋਕ ਵਰਮਾ ,ਬਠਿੰਡਾ 5 ਦਸੰਬਰ 2023
ਬਠਿੰਡਾ ਪੁਲਿਸ ਨੇ ਸੰਗਰੂਰ ਦੇ ਰੇਲਵੇ ਸਟੇਸ਼ਨ ਤੋਂ ਇੱਕ ਵਿਅਕਤੀ ਤੋਂ ਲੁੱਟਿਆ ਗਿਆ 3 ਕਿਲੋ 765 ਗ੍ਰਾਮ ਸੋਨਾ ਬਰਾਮਦ ਕਰਨ ਦੇ ਮਾਮਲੇ ’ਚ ਦੋਸ਼ੀ ਵਜੋਂ ਨਾਮਜਦ ਕੀਤੇ ਗਏ 5 ਮੁਲਜਮਾਂ ਚੋਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿ੍ਰਫਤਾਰ ਮੁਲਜਮ ਦੀ ਪਛਾਣ ਆਸੀਸ ਕੁਮਾਰ ਪੁੱਤਰ ਬਿਕਰਮਜੀਤ ਪੁੱਤਰ ਬਿਰਜ ਲਾਲ ਵਾਸੀ ਪਿੰਡ ਰਾਮਸਰਾ ਤਹਿਸੀਲ ਅਬੋਹਰ ਜਿਲ੍ਹਾ ਫਾਜ਼ਿਲਕਾ ਵਜੋਂ ਕੀਤੀ ਗਈ ਹੈ। ਅਸੀਸ ਕੁਮਾਰ ਪੰਜਾਬ ਪੁਲਿਸ ਦਾ ਸਿਪਾਹੀ ਹੈ ਜਿਸ ਤੋਂ ਪੁਲਿਸ ਨੇ ਵਰਦੀ ਵੀ ਬਰਾਮਦ ਕੀਤੀ ਹੈ ਜੋ ਉਸ ਨੇ ਸੋਨਾ ਲੁੱਟਣ ਮੌਕੇ ਪਹਿਨੀ ਹੋਈ ਸੀ। ਪੁਲਿਸ ਨੇ ਵਾਰਦਾਤ ਦੌਰਾਨ ਵਰਤੀ ਇਟੋਸ ਕਾਰ ਨੂੰ ਵੀ ਕਬਜੇ ’ਚ ਲਿਆ ਹੈ। ਪੁਲਿਸ ਹੁਣ ਬਾਕੀ ਮੁਲਜਮਾਂ ਦੀ ਤਲਾਸ਼ ਵਿੱਚ ਛਾਪੇਮਾਰੀ ਕਰ ਰਹੀ ਹੈ।
ਥਾਣਾ ਸਿਵਲ ਲਾਈਨ ਪੁਲਿਸ ਨੇ ਮੁਦਈ ਸਾਹਿਲ ਖਿੱਪਲ ਪੁੱਤਰ ਮਨਮੋਹਨ ਸਿੰਘ ਵਾਸੀਵਿਸ਼ਾਲ ਨਗਰ ਬਠਿੰਡਾ ਦੇ ਬਿਆਨਾਂ ਦੇ ਅਧਾਰ ਤੇ ਅਸੀਸ ਕੁਮਾਰ ਪੁੱਤਰ ਬਿਕਰਮਜੀਤ ਵਾਸੀ ਰਾਮਸਰਾ, ਜੈਰਾਮ ਪੁੱਤਰ ਰਾਮਜੱਸ ਵਾਸੀ ਰਾਏਪੁਰ ਜਿਲ੍ਹਾ ਫਾਜ਼ਿਲਕਾ, ਵਿਨੋਦ ਕੁਮਾਰ ਪੁੱਤਰ ਸੱਤਪਾਲ ਵਾਸੀ ਸੀਤੋ ਗੁੰਨੋ ਜਿਲ੍ਹਾ ਫਾਜ਼ਿਲਕਾ,ਨਿਸ਼ਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਸਰਾਵਾਂ ਬੋਦਲਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਇੱਕ ਅਣਪਛਾਤੇ ਵਿਅਕਤੀ ਨੂੰ ਨਾਮਜਦ ਕੀਤਾ ਸੀ। ਥਾਣਾ ਸਿਵਲ ਲਾਈਨ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸੰਗਰੂਰ ਤੋਂ ਸੋਨਾ ਲੁੱਟਣ ਉਪਰੰਤ ਪੰਜਾਬ ’ਚ ਅਲਰਟ ਤੇ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਗਗਨ ਗੈਸਟਰੋ ਹਸਪਤਾਲ ਕੋਲ ਇਟੋਸ ਕਾਰ ਦੀ ਸ਼ੱਕ ਦੇ ਅਧਾਰ ਤੇ ਤਲਾਸ਼ੀ ਲਈ ਤਾਂ 3 ਕਿੱਲੋ 765 ਗਰਾਮ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ ਸਨ।
ਪੁਲਿਸ ਵੱਲੋਂ ਬਰਾਮਦ ਕੀਤੇ ਗਏ ਸੋਨੇ ਦੇ ਗਹਿਣੇ 54 ਡੱਬਿਆਂ ਵਿੱਚ ਬੰਦ ਸਨ ਅਤੇ ਸੋਨੇ ਦੀ ਕੀਮਤ 1 ਕਰੋੜ 75 ਲੱਖ ਰੁਪਏ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਲੁਟੇਰੇ ਆਪਣੀ ਕਾਰ ਅਤੇ ਗਹਿਣਿਆ ਵਾਲਾ ਬੈਗ ਛੱਡ ਕੇ ਫਰਾਰ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਮੁਲਜਮਾਂ ਚੋਂ ਅੱਜ ਪੰਜਾਬ ਪੁਲਿਸ ਦੇ ਸਿਪਾਹੀ ਅਸੀਸ ਕੁਮਾਰ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀਆਂ ਹੁਣ ਬਾਕੀ ਚਾਰ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇਮਾਰ ਰਹੀਆਂ ਹਨ ਅਤੇ ਮੁਲਜਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਏਗਾ। ਉਨ੍ਹਾਂ ਦੱਸਿਆ ਕਿ ਮੁਲਜਮ ਆਸੀਸ ਕੁਮਾਰ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਜਿਸ ਦੌਰਾਨ ਹੋਰ ਵੀ ਭੇਦ ਸਾਹਮਣੇ ਆਉਣ ਦੀ ਸੰਭਾਵਨਾ ਹੈ।
ਗੌਰਤਲਬ ਹੈ ਕਿ ਸਾਹਿਲ ਖਿੱਪਲ ਪੁੱਤਰ ਮਨਮੋਹਣ ਸਿੰਘ ਦੀ ਸੂਰਤ ਸਥਿਤ ਕੰਪਨੀ ਸ੍ਰੀ ਬਰਾਈਟ ਮੈਜਿਸਟਕ ਹੈ ਜਿਸ ਦਾ ਕੰਮ ਸੁਨਿਆਰਿਆਂ ਨੂੰ ਆਰਡਰ ਤੇ ਸੋਨਾ ਸਪਲਾਈ ਕਰਨਾ ਹੈ। ਸਾਹਿਲ ਮੁਤਾਬਕ ਕੰਪਨੀ ਦਾ ਇੱਕ ਕਰਮਚਾਰੀ ਰਾਜੂ ਪੁੱਤਰ ਗੋਵਰਧਨ ਵਾਸੀ ਬੀਕਾਨੇਰ ਦਿੱਲੀ ਤੋਂ ਸੋਨੇ ਵਾਲਾ ਬੈਗ ਲੈਕੇ ਬਠਿੰਡਾ ਆ ਰਿਹਾ ਸੀ ਜਿਸ ਤੋਂ ਲੁਟੇਰਿਆਂ ਨੇ ਸੰਗਰੂਰ ਰੇਲਵੇ ਸਟੇਸ਼ਨ ਤੇ ਬੈਗ ਖੋਹ ਲਿਆ। ਥਾਣਾ ਸਿਵਲ ਲਾਈਨ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਗਸ਼ਤ ਦੌਰਾਨ ਕਾਰ ਵਿੱਚੋਂ ਸੋਨਾ ਬਰਾਮਦ ਕੀਤਾ ਸੀ। ਲੁਟੇਰੇ ਚਾਰ ਸਨ ਜਿੰਨ੍ਹਾਂ ਚੋ ਦੋ ਪੁਲਿਸ ਦੀ ਵਰਦੀ ਵਿੱਚ ਸਨ। ਮੁਢਲੇ ਤੌਰ ਤੇ ਸ਼ੱਕ ਸੀ ਕਿ ਦੋ ਲੁਟੇਰਿਆਂ ਦਾ ਸਬੰਧ ਰੇਲਵੇ ਪੁਲਿਸ ਨਾਲ ਹੋ ਸਕਦਾ ਹੈ ਪਰ ਇੰਨ੍ਹਾਂ ਚੋ ਇੱਕ ਪੰਜਾਬ ਪੁਲਿਸ ਦਾ ਸਿਪਾਹੀ ਨਿਕਲਿਆ ਹੈ।