ਪੈ ਗਿਆ ਅੜਿੱਕਾ ,Abhey Oswal ਟਾਊਨਸ਼ਿਪ ਦੀ ਉਸਾਰੀ ‘ਚ,,,!
ਹਰਿੰਦਰ ਨਿੱਕਾ , ਬਰਨਾਲਾ 3 ਦਸੰਬਰ 2023
ਸ਼ਹਿਰ ਦੇ ਰਾਏਕੋਟ ਰੋਡ ਤੇ ਮਾਲਵਾ ਕੌਟਨ ਮਿੱਲ ਵਾਲੀ ਜਗ੍ਹਾ ਉੱਪਰ ਨਵੀਂ ਉੱਸਰ ਰਹੀ ਅਭੈ ਓਸਵਾਲ ਟਾਊਨਸ਼ਿਪ ਕਲੋਨੀ ਦੀ ਉਸਾਰੀ ਲਈ ਹੁਣ ਅਦਾਲਤ ਨੇ Status quo ਸਟੇਟਸ ਕੋ ਲਾਗੂ ਕਰਕੇ, ਕਲੋਨਾਈਜਰ ਨੂੰ ਹੋਰ ਉਸਾਰੀ ਕਰਨ ਤੋਂ ਰੋਕ ਦਿੱਤਾ ਹੈ। ਇਸ ਸਬੰਧੀ ਮੁੜ ਸੁਣਵਾਈ ਮੈਡਮ ਸੁਖਮੀਤ ਕੌਰ ਸਿਵਲ ਜੱਜ ਜੂਨੀਅਰ ਡਿਵੀਜ਼ਨ ਬਰਨਾਲਾ ਦੀ ਅਦਾਲਤ ਵਿੱਚ 4 ਦਸੰਬਰ ਨੂੰ ਹੋਣੀ ਹੈ।
ਅਭੈ ਓਸਵਾਲ ਟਾਊਨਸ਼ਿਪ ਕਲੋਨੀ ਬਰਨਾਲਾ ਦੀ ਉਸਾਰੀ ਉੱਤੇ ਰੋਕ ਲਾਉਣ ਲਈ ਜਸਟਿਸ ਕਰਤਾਰ ਸਿੰਘ ਦੇ ਪੋਤਰੇ ਇੰਦਰਜੀਤ ਸਿੰਘ ਨੇ ਆਪਣੇ ਵਕੀਲ ਰਾਹੀਂ ਕੇਸ ਦਾਇਰ ਕੀਤਾ ਹੈ। ਮਾਨਯੋਗ ਅਦਾਲਤ ‘ਚ ਦਾਇਰ ਕੇਸ ਦੇ ਮੁਦਈ ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ 15 ਸਤੰਬਰ 1979 ਨੂੰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ, ਉਸ ਦੇ ਪੁਰਖਿਆਂ ਦੀ ਜਮੀਨ ਐਕਵਾਇਰ ਕਰਕੇ, ਮਾਲਵਾ ਕੌਟਨ ਮਿੱਲ ਦੇ ਮਾਲਿਕਾਂ ਨੂੰ ਧਾਗਾ ਫੈਕਟਰੀ ਲਗਾਉਣ ਲਈ ਦੇ ਦਿੱਤੀ ਸੀ। ਪਰੰਤੂ ਸਾਡੀ ਐਕਵਾਇਰ ਹੋਈ ਜਮੀਨ ਦਾ ਸਾਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਸੀ । ਮੁਦਈ ਦਾ ਕਹਿਣਾ ਹੈ ਕਿ ਹੁਣ ਸਰਕਾਰ ਵੱਲੋਂ ਮਾਲਵਾ ਸਪਿੰਨਿੰਗ ਮਿੱਲ ਨੂੰ ਐਕਵਾਇਰ ਕਰਕੇ ਦਿੱਤੀ ਗਈ ਜਮੀਨ ਅੱਗੇ ਅਭੈ ਓਸਵਾਲ ਟਾਊਨਸ਼ਿਪ ਕੰਪਨੀ ਨੂੰ ਕਰੋੜਾਂ ਰੁਪਏ ਵਿੱਚ ਵੇਚ ਦਿੱਤੀ ਹੈ। ਇਹੋ ਐਕਵਾਇਰ ਕੀਤੀ ਜਮੀਨ ਉੱਪਰ ਹੁਣ ਫੈਕਟਰੀ ਨੂੰ ਢਾਹ ਕੇ, ਕਲੋਨੀ ਦੀ ਉਸਾਰੀ ਸ਼ੁਰੂ ਕਰ ਦਿੱਤੀ ਹੈ। ਇਹ ਕਲੋਨੀ ਵਾਲੀ ਜਮੀਨ ਵਿੱਚ , ਮੇਰੇ ਪੁਰਖਿਆਂ ਤੋਂ ਵਿਰਾਸਤ ਵਿੱਚ ਮਿਲੀ ਜਮੀਨ ਦਾ ਹਿੱਸਾ ਮੇਰੀ ਮਾਲਕੀ ਦਾ ਵੀ ਹੈ। ਜਿਹੜਾ ਕਲੋਨੀ ਦੀ ਉਸਾਰੀ ਕਰਦਿਆਂ , ਕਲੋਨੀ ਦੇ ਮਾਲਿਕਾਂ ਵੱਲੋਂ ਮੁੱਖ ਸੜਕ ਵਾਲੇ ਰਾਸਤੇ ਤੇ ਕਬਜ਼ਾਇਆ ਜਾ ਰਿਹਾ ਹੈ। ਇਸ ਨਾਲ ਮੇਰਾ ਨਾ ਪੂਰਾ ਹੋਣ ਵਾਲਾ ਆਰਥਿਕ ਨੁਕਸਾਨ ਹੋ ਰਿਹਾ ਹੈ। ਦਾਇਰ ਕੀਤੇ ਕੇਸ ਦੇ ਦਸਤਾਵੇਜੀ ਤੱਥਾਂ ਅਤੇ ਮੁਦਈ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮਾਨਯੋਗ ਜੱਜ ਸੁਖਮੀਤ ਕੌਰ ਦੀ ਅਦਾਲਤ ਵੱਲੋਂ ਇਕਤਰਫਾ ਫੈਸਲਾ ਲੈਂਦਿਆਂ ਚਾਰ ਦਸੰਬਰ ਤੱਕ ਸਟੇਟਸ ਕੋ ਯਾਨੀ, ਜਮੀਨ ਦੀ ਹਾਲਤ ਜਿਵੇਂ ਹੈ,ਉਵੇਂ ਹੀ ਰੱਖਣ ਦਾ ਹੁਕਮ ਦੇ ਦਿੱਤਾ ਹੈ। ਮਾਮਲਾ ਅਦਾਲਤ ਵਿੱਚ ਚਲੇ ਜਾਣ ਕਾਰਣ, ਨਿਵੇਸ਼ਕਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ ਅਤੇ ਕਲੋਨੀ ਵਿੱਚ ਪਲਾਟ ਖਰੀਦਣ ਲਈ ਬਹੁਤੇ ਕਾਹਲਿਆਂ ਨੇ ਵੀ ਤੇਲ ਦੇਖੋ ਤੇ ਤੇਲ ਦੀ ਧਾਰ ਵੇਖੋ ਦੀ ਤਰ੍ਹਾਂ ਨੀਤੀ ਅਪਣਾਉਣੀ ਸ਼ੁਰੂ ਕਰ ਦਿੱਤੀ ਹੈ। ਲੋਕਾਂ ਦੀਆਂ ਨਜ਼ਰਾਂ ਹੁਣ ਭਲ੍ਹਕੇ ਅਦਾਲਤ ਵਿੱਚ ਹੋਣ ਵਾਲੀ ਸੁਣਵਾਈ ਟਿਕੀਆਂ ਹੋਈਆਂ ਹਨ।