ਬਿੱਟੂ ਜਲਾਲਾਬਾਦੀ, ਫਾਜਿਲਕਾ 15 ਨਵੰਬਰ 2023
ਸਰਕਾਰੀ ਕਾਲਜ ਲੜਕੀਆ ਜਲਾਲਾਬਾਦ ਵਿਖੇ ਜੋਤੀ ਫਾਊਂਡੇਸ਼ਨ ਵੱਲੋਂ ਬਾਲ ਦਿਵਸ ਮੌਕੇ ਵਿਜ਼ਨ ਪੰਜਾਬ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਥੀਮ ਸੁਨਹਿਰੇ ਭਵਿੱਖ ਲਈ ਸਪੱਸ਼ਟ ਦ੍ਰਿਸ਼ਟੀ ਦੇਣਾ ਹੈ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਜਲਾਲਾਬਾਦ ਜਗਦੀਪ ਕੰਬੋਜ ਗੋਲਡੀ ਅਤੇ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਅਰੋੜਾ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਇਸ ਦੌਰਾਨ ਮੈਡਮ ਰਵੀ ਪੰਧੇਰ ਮੰਚ ਤੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ, ਵਿਧਾਇਕ ਜਲਾਲਾਬਾਦ ਸ੍ਰੀ. ਜਗਦੀਪ ਕੰਬੋਜ ਗੋਲਡੀ, ਰਿਟਾ. ਜਸਟਿਸ ਪੰਜਾਬ ਹਰਿਆਣਾ ਹਾਈਕੋਰਟ ਸ੍ਰੀ. ਹਰਿੰਦਰ ਸਿੰਘ ਸਿੱਧੂ, ਸਟੇਟ ਕਮਿਸ਼ਨ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ ਕਮਿਸ਼ਨ ਦੇ ਚੇਅਰਮੈਨ ਸ੍ਰੀ ਕੰਵਰਦੀਪ ਸਿੰਘ, ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜੀਵ ਸੂਦ, ਜੋਤੀ ਫਾਊਂਡੇਸ਼ਨ ਦੇ ਟਰੱਸਟੀ ਸ੍ਰੀ ਅਜੀਤ ਬਰਾੜ ਅਤੇ ਚੇਅਰਮੈਨ ਪ੍ਰਭ ਕਿਰਨ ਬਰਾੜ ਪੈਨਲ ਚਰਚਾ (ਸਿੱਧਾ ਸੰਵਾਦ) ਨਾਲ ਜੁੜੇ। ਜਿਸ ਦਾ ਵਿਸ਼ਾ ‘ਪੇਂਡੂ ਪੰਜਾਬ ਨੂੰ ਟਿਕਾਊ, ਲਚਕੀਲਾ ਅਤੇ ਜੀਵੰਤ ਬਣਾਉਣਾ’ ਦੇ ਮਹੱਤਵਪੂਰਨ ਮੁੱਦਿਆਂ ਨੂੰ ਛੂਹਣਾ ਸੀ।
ਸੰਵਾਦ ਨਾਲ ਜੁੜੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਉਪਰੰਤ ਕੈਬਨਿਟ ਮੰਤਰੀ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਖਾਸ ਕਰ ਨੌਜਵਾਨਾਂ ਨੂੰ ਸਿਹਤ ਪੱਖੋਂ ਤੰਦਰੁਸਤ ਬਣਾਉਣ ਲਈ ਲਗਾਤਾਰ ਸਿਰਤੋੜ ਯਤਨ ਕਰ ਰਹੀ ਹੈ ਤੇ ਸਿਹਤ ਸੁਵਿਧਾਵਾਂ ਵਿੱਚ ਹੋਰ ਵਾਧਾ ਕੀਤਾ ਜਾਵੇਗਾ। ਉਨ੍ਹਾਂ ਜੋਤੀ ਫਾਊਂਡੇਸ਼ਨ ਵੱਲੋਂ ਨੇਤਰਹੀਣਾਂ ਦਾ ਇਲਾਜ ਕਰਵਾਉਣਾ ਜਾਂ ਅੱਖਾਂ ਦੀਆਂ ਐਨਕਾਂ ਮੁਹੱਈਆਂ ਕਰਵਾਉਣ ਦੇ ਕੀਤੇ ਜਾ ਰਹੇ ਕਾਰਜ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਸਰਕਾਰ ਵੱਲੋਂ ਇਸ ਕਾਰਜ ਲਈ ਦਿੱਤੇ ਜਾ ਰਹੇ ਫੰਡਾਂ ਦਾ ਲਾਭ ਵੀ ਉਠਾਇਆ ਜਾਵੇ। ਇਸ ਮੌਕੇ ਉਨ੍ਹਾਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਦੀਆਂ 160 ਬੱਚੀਆਂ ਨੂੰ ਜੋਤੀ ਫਾਊਂਡੇਸ਼ਨ ਦੀ ਸਹਾਇਤਾ ਨਾਲ ਐਨਕਾਂ ਵੀ ਵੰਡੀਆਂ। ਇਸ ਤੋਂ ਪਹਿਲਾ ਉਨ੍ਹਾਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਪੇਸ਼ ਕੀਤੀਆਂ ਪੁਰਾਤਨ ਵਿਰਸੇ ਤੇ ਝਾਂਤ ਪਾਉਂਦੀਆਂ ਪ੍ਰਦਰਸ਼ਨੀਆਂ ਦਾ ਵੀ ਆਨੰਦ ਮਾਣਿਆ।
ਵਿਧਾਇਕ ਜਲਾਲਾਬਾਦ ਜਗਦੀਪ ਸਿੰਘ ਗੋਲਡੀ ਕੰਬੋਜ ਨੇ ਸੰਵਾਦ ਨਾਲ ਜੁੜਦਿਆਂ ਪੰਜਾਬ ਨੂੰ ਟਿਕਾਊ ਤੇ ਖੁਸ਼ਹਾਲ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਜੋਤੀ ਫਾਊਂਡੇਸ਼ਨ ਵੱਲੋਂ ਨੇਤਰਹੀਣਾਂ ਦੀ ਭਾਲ ਕਰਕੇ ਨਿਗਾਹ ਚੈੱਕ ਕਰਕੇ ਮੁਫ਼ਤ ਐਨਕਾਂ ਲਗਾਈਆਂ ਜਾਂਦੀਆਂ ਹਨ ਤੇ ਉਨ੍ਹਾਂ ਦਾ ਇਲਾਜ ਵੀ ਕਰਵਾਇਆ ਜਾਂਦਾ ਹੈ ਜੋ ਕਿ ਇਹ ਬਹੁਤ ਹੀ ਨੇਕ ਤੇ ਭਲੇ ਵਾਲਾ ਕਾਰਜ ਹੈ। ਉਨ੍ਹਾਂ ਕਿਹਾ ਕਿ ਜੋਤੀ ਫਾਊਂਡੇਸ਼ਨ ਦੇ ਇਸ ਉਪਰਾਲੇ ਕਰਕੇ ਅਨੇਕਾਂ ਹੀ ਨੇਤਰਹੀਣ ਦਾ ਜੀਵਨ ਰੌਸ਼ਨਾਇਆ ਹੈ।
ਵਿਧਾਇਕ ਗੋਲਡੀ ਕੰਬੋਜ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਦੇਖਦਿਆਂ ਜਲਾਲਾਬਾਦ ਦੇ ਸਰਕਾਰੀ ਸਕੂਲਾਂ ਦੀ ਟੈਸਟਿੰਗ ਰਿਪੋਰਟ ਤੋਂ ਪਤਾ ਲੱਗਾ ਕਿ ਲਗਭਗ 3400 ਜਲਾਲਾਬਾਦ ਦੇ ਬੱਚੇ ਅਜਿਹੇ ਪਾਏ ਗਏ ਜਿਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਘੱਟ ਹੈ ਤੇ ਇਹ ਕਾਰਜ ਜਲਾਲਾਬਾਦ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਰੌਸ਼ਨੀ ਘੱਟ ਹੋਣ ਕਾਰਨ ਇਨ੍ਹਾਂ ਬੱਚਿਆਂ ਨੂੰ ਪੜਨ ਤੇ ਲਿਖਣ ਵਿੱਚ ਕਾਫੀ ਮੁਸਕਲ ਹੁੰਦੀ ਹੈ ਤੇ ਮਾਪੇ ਵੀ ਇਸ ਤੋਂ ਜਾਣੂੰ ਨਹੀਂ ਹੁੰਦੇ ਜਿਸ ਨੂੰ ਮੱਦੇਨਜ਼ਰ ਰੱਖਦੇ ਇਹ ਟੈਸਟਿੰਗ ਕਰਵਾਈ ਗਈ ਹੈ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਡਾ.ਸੁਖਵੀਰ ਬੱਲ, ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਡਾ. ਦੌਲਤ ਰਾਮ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਦੇ ਪ੍ਰਿੰਸੀਪਲ ਅਮਿਤ ਗਗਨੇਜਾ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਪ੍ਰਦੀਪ ਚੁੱਗ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਜਲਾਲਾਬਾਦ ਦੇ ਪ੍ਰਿੰਸੀਪਲ ਗੌਤਮ ਖੁਰਾਣਾ, ਸਿਵਲ ਸਰਜਨ ਡਾ. ਕਵਿਤਾ ਸਿੰਘ, ਐਸ.ਐਮ.ਓ ਫਾਜਿਲਕਾ ਡਾ ਐਰਿਕ ਐਡੀਸਨ, ਐਸ.ਐਮ.ਓ ਜਲਾਲਾਬਾਦ ਸੁਮਿਤ ਲੂਨਾ, ਮਾਰਕਿਟ ਕਮੇਟੀ ਚੇਅਰਮੈਨ ਦੇਵ ਰਾਜ ਸਰਮਾ, ਟਰੱਕ ਯੂਨੀਅਨ ਪ੍ਰਧਾਨ ਅੰਕੁਸ਼ ਮੁਟਨੇਜਾ, ਖੜਕ ਸਿੰਘ ਓਐਸਡੀ, ਸੁਖਵਿੰਦਰ ਸਿੰਘ ਜ਼ਿਲ੍ਹਾ ਯੂਥ ਪ੍ਰਧਾਨ, ਬੱਬੂ ਡੋਡਾ ਵਪਾਰ ਮੰਡਲ ਪ੍ਰਧਾਨ ਜਲਾਲਾਬਾਦ, ਮਲਕੀਤ ਥਿੰਦ ਜ਼ਿਲ੍ਹਾ ਪ੍ਰਧਾਨ ਫਿਰੋਜਪੁਰ, ਸਾਜਨ ਖੇੜਾ ਜੋਨ ਇੰਚਾਰਜ ਅਰਨੀਵਾਲਾ ਸਮੇਤ ਸਕੂਲ ਦਾ ਸਟਾਫ ਅਤੇ ਸਕੂਲੀ ਬੱਚੇ ਆਦਿ ਹਾਜ਼ਰ ਸਨ।