ਗਾਇਕਾਂ ਦਾ ਗੀਤਾਂ ’ਚ ਹਥਿਆਰਾਂ ਤੇ ਜ਼ੋਰ , ਕੇਸ ਦਰਜ਼ ਕਰਕੇ ਪੁਲਿਸ ਤੁਰਦੀ ਮਟਕਣੀ ਤੋਰ
ਅਸ਼ੋਕ ਵਰਮਾ ਚੰਡੀਗੜ੍ਹ
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮ ਉਪਰੰਤ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਨੂੰ ਟਿੱਚ ਜਾਣਦਿਆਂ ਪੰੰਜਾਬੀ ਗਾਇਕਾਂ ਨੇ ਅਸਲੇ ਦਾ ਗੁਣਗਾਣ ਪਹਿਲਾਂ ਤੋਂ ਵੀ ਹੋਰ ਵਧਾ ਦਿੱਤਾ ਹੈ। ਰੌਚਕ ਤੱਥ ਹੈ ਕਿ ਸਿੱਧੂ ਮੂਸੇਵਾਲਾ ਸਮੇਤ ਹੋਰ ਵੀ ਕਈ ਗਾਇਕਾਂ ਖਿਲਾਫ ਦਰਜ ਕੀਤੇ ਮਾਮਲਿਆਂ ਦਾ ਇਸ ਰੁਝਾਨ ਤੇ ਭੋਰਾ ਵੀ ਅਸਰ ਨਹੀਂ ਪਿਆ ਹੈ। ਖਾਸ ਤੌਰ ਤੇ ਮੂਸੇ ਵਾਲਾ ਮਾਮਲੇ ਨੇ ਤਾਂ ਗਾਇਕੀ ਦੇ ਹੌਂਸਲੇ ਬੁਲੰਦ ਕਰ ਦਿੱਤੇ ਹਨ। ਤਾਜਾ ਮਾਮਲਾ ਤਿੰਨ ਅਜਿਹੇ ਗੀਤਾਂ ਦਾ ਹੈ ਜਿੰਨ੍ਹਾਂ ’ਚ ਕਾਨੂੰਨ ਦੀਆਂ ਧੱਜੀਆਂ ਉਡਦੀਆਂ ਦਿਖਾਈ ਦੇ ਰਹੀਆਂ ਹਨ। ਇੰਨ੍ਹਾਂ ਚੋਂ ਪਹਿਲਾ ਗੀਤ ‘ਬਾਪੂ ਦਾ ਪਿਆਰ ’ਹੈ ਜੋਕਿ ਸਿੰਗਾ ਨਾਂ ਦੇ ਕਲਕਾਰ ਵੱਲੋਂ ਗਾਇਆ ਗਿਆ ਹੈ ਜਿਸ ’ਚ ਹਥਿਆਰਾਂ ਦੀ ਜੰਮ ਕੇ ਨੁਮਾਇਸ਼ ਕੀਤੀ ਗਈ ਹੈ। ਗੀਤ ਦੇ ਸ਼ੁਰੂ ’ਚ ਹੀ ਦੋਨਾਲੀ ਬੰਦੂਕ ਦਿਖਾਈ ਗਈ ਹੈ। ਜਾਨਵਰਾਂ ਪ੍ਰਤੀ ਸਖਤ ਕਾਨੂੰਨ ਹੋਣ ਦੇ ਬਾਵਜੂਦ ਮੁਰਗੇ ਲੜਾਏ ਗਏ ਹਨ । ਜਦੋਂਕਿ ਇੱਕ ਥਾਂ ਤੇ ਤਾਂ ਸਿੰਗਾ ਦੋ ਅਸਲਾਧਾਰੀਆਂ ਵਿਚਕਾਰ ਖੜ੍ਹਾ ਦਿਖਾਇਆ ਗਿਆ ਹੈ। ਇਸੇ ਤਰਾਂ ਹੀ ਅੰਮ੍ਰਿਤ ਮਾਨ ਉਰਫ ਗੋਨਿਆਣੇ ਵਾਲਾ ਮਾਨ ਦਾ ਪਿਛਲੇ ਦਿਨੀ ਰਿਲੀਜ਼ ਹੋਇਆ ਗੀਤ ਲਾਈਫ ਸਟਾਈਲ ਹੈ। ਇਸ ਗੀਤ ਵਿੱਚ ਤਾਂ ਉਸ ਦੇ ਪਿਛਲੇ ਗੀਤਾਂ ਦੇ ਮੁਕਾਬਲੇ ’ਚ ਵੱਧ ਹਥਿਆਰਾਂ ਦੀ ਪ੍ਰਦਰਸ਼ਨੀ ਹੈ। ਬਿਲਕੁਲ ਤਾਜਾ ਗੀਤ ‘ਬੰਬੀਹਾ ਬੋਲੇ’ ਸਿੱਧੂ ਮੂਸੇ ਵਾਲਾ ਅਤੇ ਗੋਨਿਆਣੇ ਵਾਲੇ ਮਾਨ ਦਾ ਹੈ । ਜਿਸ ’ਚ ਹੱਦਾਂ ਬੰਨੇ ਟੱਪ ਕੇ ਕਾਨੂੰਨੀ ਕਦਰਾਂ ਕੀਮਤਾਂ ਨੂੰ ਠੋਕਰ ਮਾਰੀ ਗਈ ਹੈ।ਸਮਾਜਿਕ ਮਾਹਿਰਾਂ ਦਾ ਕਹਿਣਾ ਹੈ ਕਿ ਗਾਇਕਾਂ ਵੱਲੋਂ ਨਸ਼ਿਆਂ, ਹਥਿਆਰਾਂ ਅਤੇ ਹਿੰਸਕ ਸ਼ਬਦਾਵਲੀ ਦੀ ਗੀਤਾਂ ’ਚ ਕੀਤੀ ਜਾ ਰਹੀ ਵਰਤੋਂ ਨੇ ਪੰਜਾਬੀ ਸੱਭਿਆਚਾਰ ਦਾ ਸਿਰ ਨੀਵਾਂ ਕਰ ਦਿੱਤਾ ਹੈ। ਇਸ ਵੇਲੇ ਵੱਖ ਵੱਖ ਟੀਵੀ ਚੈਨਲਾਂ ਤੇ ਚੱਲ ਰਹੇ ਗੀਤਾਂ ’ਚ ਹਥਿਆਰਾਂ ਦੀ ਨਮਾਇਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਪੰਜਾਬੀ ਮਾਂ ਬੋਲੀ ਦੇ ਹੱਕ ’ਚ ਡਟੀਆਂ ਧਿਰਾਂ ਵੱਲੋਂ ਇਸ ਗੰਭੀਰ ਮੁੱਦੇ ਤੇ ਲੜਾਈ ਲੜੀ ਜਾ ਰਹੀ ਹੈ ਫਿਰ ਵੀ ਇਹ ਵਰਤਾਰਾ ਰੁਕਣ ਦੀ ਥਾਂ ਦਿਨੋ ਦਿਨ ਵਧਦਾ ਹੀ ਰਿਹਾ ਹੈ। ਪਿੱਛੇ ਜਿਹੇ ਪੰਜਾਬ ਸਰਕਾਰ ਅਜਿਹੇ ਗਾਇਕਾਂ ਨੂੰ ਨੱਥ ਪਾਉਣ ਲਈ ਅੱਗੇ ਆਈ ਸੀ ਅਤੇ ਮੁਕੱਦਮੇ ਵੀ ਦਰਜ ਕੀਤੇ ਸਨ ਪਰ ਸਿੱਧੂ ਮੂਸੇ ਵਾਲਾ ਮਾਮਲੇ ’ਚ ਕੋਈ ਢੁੱਕਵੀ ਕਾਰਵਾਈ ਨਾਂ ਕਰਨ ਖਾਸ ਤੌਰ ਤੇ ਪੁਲਿਸ ਵੱਲੋਂ ਉਸ ਨੂੰ ਚਲਾਨ ਕਰਕੇ ਹੀ ਛੱਡ ਦੇਣ ਤੇੇ ਸਰਕਾਰ ਦੀ ਮੁਹਿੰਮ ਨੂੰ ਵੱਡੀ ਸੱਟ ਵੱਜੀ ਹੈ । ਉਂਜ ਕਈ ਗਾਇਕਾਂ ਨੇ ਹਮੇਸ਼ਾ ਸਾਫ ਸੁਥਰੀ ਗਾਇਕੀ ਨੂੰ ਤਰਜੀਹ ਦਿੱਤੀ ਹੈ ਫਿਰ ਵੀ ਕਈ ਗਾਇਕਾਂ ਨੇ ਤਾਂ ਸਭ ਹੱਦਾਂ ਬੰਨੇਂ ਟੱਪ ਦਿੱਤੇ ਹਨ। ਇੱਕ ਦਰਜਨ ਦੇ ਕਰੀਬ ਏਦਾਂ ਦੇ ਗਾਇਕ ਹਨ ਜਿਨ੍ਹਾਂ ਵੱਲੋਂ ਗਾਏ ਗੀਤਾਂ ਨੂੰ ਸੁਣ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਇੱਕ ਪੜਤਾਲ ਦਾ ਮੁਤਾਬਕ ਵਿਵਾਦਤ ਗੀਤਾਂ ’ਚ ‘ ਮੈਂ ਤੇ ਮੇਰੀ ਰਫਲ ਦੁਨਾਲੀ ਕੰਬੀਨੇਸ਼ਨ ਚੋਟੀ ਦਾ’, ‘ਜਿੱਥੇ ਹੁੰਦੀ ਐ ਪਾਬੰਦੀ ਹਥਿਆਰ ਦੀ ਉੱਥੇ ਜੱਟ ਫਾਇਰ ਕਰਦਾ’, ‘ਮੋਢੇ ਤੇ ਦੁਨਾਲੀ ਜੱਟ ਚਾਦਰੇ ਦਾ ਫੈਨ’ ਅਤੇ ਜਿੱਥੇ ਬੰਦਾ ਮਾਰਕੇ ਕਸੂਰ ਪੁੱਛਦੇ’ ਵਰਗੇ ਗੀਤ ਸ਼ਾਮਲ ਸਿੱਧੇ ਤੌਰ ਤੇ ਹਥਿਆਰਾਂ ਦੇ ਰੁਝਾਨ ਦੀ ਪ੍ਰੋੜਤਾ ਕਰਦੇ ਹਨ। ਇੰਨ੍ਹਾਂ ਗੀਤਾਂ ਨੇ ਨਾਂ ਕੇਵਲ ਪੰਜਾਬੀ ਵਿਰਸੇ ਦੇ ਜੜੀਂ ਤੇਲ ਚੋਇਆ। ਬਲਕਿ ਪੂਰੇ ਮੁਲਕ ਦੀ ਭੁੱਖ ਮਿਟਾਉਣ ਵਾਲੇ ਕਿਸਾਨ ਦੀ ‘ਜੱਟ’ ਦੇ ਰੂਪ ’ਚ ਵੈਲੀ ਤੇ ਬਦਮਾਸ਼ ਵਾਲੀ ਦਿੱਖ ਬਣਾ ਦਿੱਤੀ ਹੈ। ਦੇਖਣ ’ਚ ਆਇਆ ਹੈ ਕਿ ਗੀਤਾਂ ਦੀ ਵੀਡੀਓ ਸਨਅਤ ਨੇ ਸੋਸ਼ਲ ਮੀਡੀਆ ਦੇ ਪ੍ਰਸਾਰ ਤੋਂ ਬਾਅਦ ਜੋਰ ਫੜ੍ਹਿਆ ਹੈ। ਨਵੇਂ ਗਾਇਕਾਂ ਨੇ ਆਪਣੀ ਗਾਇਕੀ ’ਚ 20 ਤੋਂ 25 ਸਾਲ ਉਮਰ ਵਰਗ ਦੇ ਮੁੰਡੇ ਕੁੜੀਆਂ ਨੂੰ ਨਿਸ਼ਾਨਾ ਬਣਾਇਆ ਹੋਇਆ ਹੈ। ਇੰਨ੍ਹਾਂ ਲਈ ਯੂ ਟਿਊਬ, ਫੇਸਬੁੱਕ ਤੇ ਇੰਸਟਾਗ੍ਰਾਮ ਵੱਡੇ ਪਲੇਟਫਾਰਮ ਹਨ। ਸੋਸ਼ਲ ਮੀਡੀਆ ਦੇ ਬੇਸ਼ੱਕ ਪੱਖ ਚੰਗੇ ਵੀ ਹਨ ਪਰ ਲੱਚਰ ਗਾਇਕੀ ਨੂੰ ਪ੍ਰਫੁੱਲਤ ਕਰਨ ’ਚ ਵੀ ਇਸ ਦਾ ਵੱਡਾ ਯੋਗਦਾਨ ਮੰਨਿਆ ਗਿਆ ਹੈ।
ਸਾਫ ਸੁਥਰੇ ਗਾਇਕ ਅੱਜ ਵੀ ਸੁਣੀਂਦੇ
ਲਾਲ ਚੰਦ ਯਮਲਾ ਜੱਟ, ਸੁਰਿੰਦਰ ਕੌਰ , ਪ੍ਰਕਾਸ਼ ਕੌਰ, ਮੁਹੰਮਦ ਸਦੀਕ, ਗੁਰਦਾਸ ਮਾਨ ਤੇ ਆਸਾ ਸਿੰਘ ਮਸਤਾਨਾ ਸਮੇਤ ਹੋਰ ਵੀ ਕਾਫੀ ਗਾਇਕ ਹਨ ਜਿੰਨ੍ਹਾਂ ਵੱਲੋਂ ਗਾਏ ਸਾਫ ਸੁਥਰੇ ਗੀਤ ਅੱਜ ਵੀ ਸੁਣੇ ਜਾ ਰਹੇ ਹਨ। ਇੰਨ੍ਹਾਂ ਗਾਇਕਾਂ ਨੂੰ ਕੰਪਨੀਆਂ ਉਨ੍ਹਾਂ ਮਿਹਨਤਾਨਾ ਦਿੰਦੀਆਂ ਸਨ ਜਦੋਂਕਿ ਹੁਣ ਦੇ ਮੁੰਡੇ ਪੱਲਿਓ ਲੱਖਾਂ ਖਰਚਦੇ ਹਨ। ਕਈ ਵੀਡੀਓ ਤਾਂ ਏਦਾਂ ਦੇ ਹਨ ਜਿੰਨ੍ਹਾਂ ’ਚ ਗਾਇਕੀ ਘੱਟ ਤੇ ਅਸ਼ਲੀਲਤਾ ਵੱਧ ਹੁੰਦੀ ਹੈ ।
ਨੌਜਵਾਨ ਪੀੜ੍ਹੀ ਲਈ ਘਾਤਕ
ਇਸ ਮਾਮਲੇ ’ਚ ਲੜਾਈ ਲੜ ਰਹੇ ਜਨਤਕ ਆਗੂ ਤੇ ਸਮਾਜਸੇਵੀ ਪਰਵਿੰਦਰ ਕਿੱਤਨਾਂ ਦਾ ਕਹਿਣਾ ਹੈ ਕਿ ਹਾਈਕੋਰਟ ਵੱਲੋਂ ਸਖਤ ਹੁਕਮ ਦਿੱਤੇ ਜਾਣ ਦੇ ਬਾਵਜੂਦ ਪਤਾ ਨਹੀਂ ਕੀ ਮਜਬੂਰੀ ਹੈ , ਪੁਲਿਸ ਅਜਿਹੇ ਕੇਸਾਂ ’ਚ ਕਾਰਵਾਈ ਨਹੀਂ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਗਿਆ ਹੈ। ਉਨ੍ਹਾਂ ਆਖਿਆ ਕਿ ਨੌਜਵਾਨ ਪੀੜ੍ਹੀ ਗਾਇਕਾਂ ਦੀ ਫੈਨ ਹੁੰਦੀ ਹੈ ਅਤੇ ੳਨ੍ਹਾਂ ਦੇ ਗੀਤਾਂ ਨੂੰ ਸੁਣਕੇ ਪ੍ਰੇਰਿਤ ਹੁੰਦੇ ਹਨ ਜੋਕਿ ਸਮਾਜ ਲਈ ਘਾਤਕ ਹੈ।