ਹਰਿੰਦਰ ਨਿੱਕਾ , ਬਰਨਾਲਾ 9 ਨਵੰਬਰ 2023
ਲੰਘੀ ਕੱਲ੍ਹ ਸ਼ਹਿਰ ਦੇ ਬਾਜਾਖਾਨਾ ਚੌਂਕ ਨੇੜਿਉਂ ਪ੍ਰਾਈਵੇਟ ਬੱਸ ‘ਚੋਂ ਸਿਹਤ ਵਿਭਾਗ ਦੀ ਟੀਮ ਵੱਲੋਂ ਬਰਾਮਦ ਕੀਤੀ ਨਕਲੀ ਮਿਠਾਈ ਦਾ ਥਹੁ ਪਤਾ ਲੱਗ ਹੀ ਗਿਆ ਹੈ। ਸਿਹਤ ਵਿਭਾਗ ਦੀ ਟੀਮ ਨੇ ਨਕਲੀ ਮਿਠਾਈ ਦੇ ਸੈਂਪਲ ਲੈ ਕੇ Urgent ਜਾਂਚ ਲਈ ਲੈਬ ਵਿੱਚ ਭੇਜ ਦਿੱਤੇ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਨਕਲੀ ਮਿਠਾਈ ਦੇ ਮਾਲਿਕਾਂ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਹੈ। ਵਰਨਣਯੋਗ ਹੈ ਕਿ ਬਾਜਾਖਾਨਾ ਚੌਂਕ ਨੇੜੇ ਹਿੰਦ ਮੋਟਰਜ ਬੱਸ ਵਿੱਚ ਨਕਲੀ ਮਿਠਾਈ ਢੋਣ ਬਾਰੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇਤਲਾਹ ਮਿਲੀ ਸੀ। ਰੇਡ ਪਾਰਟੀ ਨੂੰ ਬੱਸ ਦੀ ਚੈਕਿੰਗ ਦੌਰਾਨ ਫੂਡ ਸੇਫਟੀ ਟੀਮ ਨੇ ਮਿਠਾਈ ਢੋਡਾ ਅਤੇ ਮਿਲਕ ਕੇਕ ਦੇ ਸੈਂਪਲ ਲੈ ਲਏ । ਫੂਡ ਸੇਫਟੀ ਟੀਮ ਦੁਆਰਾ ਕੁੱਲ 2 ਕੁਇੰਟਲ 60 ਕਿੱਲੋ ਮਿਠਾਈਆਂ ਜ਼ਬਤ ਕੀਤੀਆਂ ਗਈਆਂ । ਸਿਵਲ ਸਰਜਨ ਡਾਕਟਰ ਜਸਵੀਰ ਔਲਖ ਨੇ ਪੁੱਛਣ ਤੇ ਦੱਸਿਆ ਕਿ ਬੱਸ ‘ਚੋਂ ਬਰਾਮਦ ਹੋਈ ਮਿਠਾਈ ਰਾਜਸਥਾਨ ਸੂਬੇ ਦੇ ਜੋਧਪੁਰ ਖੇਤਰ ਦੇ ਭਟੇਲੀਆ ਪੁਰੋਹਿਤਾਂ ਦੇ ਰਹਿਣ ਵਾਲੇ ਦਲਪਤ ਪੁੱਤਰ ਦੁਰਗ ਸਿੰਘ ਦੀ ਹੈ। ਡਾਕਟਰ ਔਲਖ ਨੇ ਦੱਸਿਆ ਕਿ ਟੈਸਟਿੰਗ ਲੈਬ ਖਰੜ ਵਿਖੇ ਮਿਠਾਈ ਦੇ ਸੈਂਪਲ ਭੇਜ ਅਰਜੈਂਟ ਕਾਰਵਾਈ ਲਈ ਭੇਜੇ ਗਏ ਹਨ। ਡਾ. ਔਲ਼ਖ ਨੇ ਕਿਹਾ ਕਿ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਮਿਲਾਵਟੀ ਅਤੇ ਨਕਲੀ ਖਾਣ ਪੀਣ ਦੀਆਂ ਚੀਜ਼ਾਂ ਦੀ ਸਮੇਂ ਸਮੇਂ ਜਾਂਚ ਜ਼ਾਰੀ ਰਹੇਗੀ ਤਾਂ ਜੋ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬੇਪਰਦ ਕਰਕੇ, ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।
ਇਹ ਸਵਾਲਾਂ ਦਾ ਜੁਆਬ ਹਾਲੇ ਬਾਕੀ ਹੈ,,,
- ਫੂਡ ਸੇਫਟੀ ਅਫਸਰ ਸੀਮਾ ਬਾਵਾ ਅਨੁਸਾਰ ਬੱਸ ਵਿੱਚੋਂ ਬਰਾਮਦ ਹੋਈਆਂ ਨਕਲੀ ਮਿਠਾਈਆਂ ਬਰਨਾਲਾ ਤੋਂ ਹੀ ਬੱਸ ਵਿੱਚ ਰੱਖੀਆਂ ਗਈਆਂ ਸਨ। ਅੱਗੇ ਇਹ ਮਿਠਾਈਆਂ ਕਿੱਥੇ ‘ਤੇ ਕਿਸ ਨੂੰ ਸਪਲਾਈ ਕੀਤੀਆਂ ਜਾਣੀਆਂ ਸਨ । ਇਸ ਬਾਰੇ ਫਿਲਹਾਲ ਕੁੱਝ ਪਤਾ ਨਹੀਂ ਲੱਗ ਸਕਿਆ ?
- ਮਿਠਾਈ ਤਿਆਰ ਕਰਨ ਵਾਲਾ ਵਿਅਕਤੀ ਦਲਪਤ ਪੁੱਤਰ ਦੁਰਗ ਰਾਜਸਥਾਨ ਸੂਬੇ ਦਾ ਰਹਿਣ ਵਾਲਾ ਹੈ, ਪਰੰਤੂ ਇਸ ਦਾ ਬਰਨਾਲਾ ਵਿਖੇ ਕਿਹੜਾ ਠਿਕਾਣਾ ਹੈ, ਇਹ ਵਿਅਕਤੀ ਮਿਠਾਈ ਬਰਨਾਲ ਸ਼ਹਿਰ ਜਾਂ ਫਿਰ ਜਿਲ੍ਹੇ ਅੰਦਰ ਕਿੱਥੇ ਕਿੱਥੇ ਸਪਲਾਈ ਕਰਦਾ ਹੈ??
ਫੂਡ ਸੇਫਟੀ ਐਕਟ ਤਹਿਤ ਕੀ ਹੋ ਸਕਦੀ ਐ ਕਾਰਵਾਈ,,,
ਜਿਲ੍ਹੇ ਦੇ ਸਿਵਲ ਸਰਜਨ ਡਾਕਟਰ ਔਲਖ ਨੇ ਫੂਡ ਸੇਫਟੀ ਐਕਟ ਤਹਿਤ ਹੋਣ ਵਾਲੀ ਸੰਭਾਵਿਤ ਕਾਰਵਾਈ ਬਾਰੇ ਗੱਲ ਕਰਦਿਆਂ ਕਿਹਾ ਕਿ ਅਰਜੈਂਟ ਸ੍ਰੇਣੀ ਤਹਿਤ ਭੇਜੇ ਸੈਂਪਲਾਂ ਦੀ ਰਿਪੋਰਟ ਕਰੀਬ ਇੱਕ ਹਫਤੇ ਵਿੱਚ ਆ ਜਾਂਦੀ ਹੈ। ਜੇਕਰ ਜਾਂਚ ਰਿਪੋਰਟ ਵਿੱਚ ਮਿਠਾਈ ਸਿਹਤ ਲਈ ਅਨਸੇਫ ਪਾਈ ਗਈ ਤਾਂ ਮਿਠਾਈ ਤਿਆਰ ਕਰਨ ਵਾਲਿਆਂ ਦੇ ਖਿਲਾਫ ਮਾਨਯੋਗ ਅਦਾਲਤ ਵਿੱਚ ਅਪਰਾਧਿਕ ਕੇਸ ਦਾਇਰ ਕੀ਼ਤਾ ਜਾਂਦਾ ਹੈ। ਇਸ ਕੇਸ ਵਿੱਚ ਦੋਸ਼ੀ ਸਾਬਿਤ ਹੋਣ ਤੇ ਦੋਸ਼ੀ ਨੂੰ ਤਿੰਨ ਸਾਲ ਦੀ ਕੈਦ ਦੀ ਵਿਵਸਥਾ ਹੈ। ਜੇਕਰ ਸੈਂਪਲਿੰਗ ਰਿਪੋਰਟ ਵਿੱਚ ਮਿਠਾਈ ਘਟੀਆ ਕਵਾਲਿਟੀ ਦੀ ਪਾਈ ਜਾਂਦੀ ਹੈ ਤਾਂ ਫਿਰ ਦੋਸ਼ੀ ਖਿਲਾਫ ਕੇਸ ਏਡੀਸੀ ਦੀ ਕੋਰਟ ਵਿੱਚ ਦਾਇਰ ਕੀਤਾ ਜਾਂਦਾ ਹੈ। ਦੋਸ਼ ਸਾਬਿਤ ਹੋਣ ਤੇ ਦੋਸ਼ੀ ਨੂੰ ਦੋ ਲੱਖ ਰੁਪਏ ਤੱਕ ਦਾ ਜ਼ੁਰਮਾਨਾ ਵੀ ਹੋ ਸਕਦਾ ਹੈ।