ਬੱਲੇ ਨੀਂ ਪੰਜਾਬ ਦੀਏ ਸ਼ੇਰ ਬੱਚੀਏ-ਏਦਾਂ ਹੀ ਜੇਤੂ ਹੱਥ ਸਦਾ ਉੱਚਾ ਰੱਖੀਏ

Advertisement
Spread information

ਅਸ਼ੋਕ ਵਰਮਾ,ਸ੍ਰੀ ਮੁਕਤਸਰ ਸਾਹਿਬ 5 ਨਵੰਬਰ 2023

     ਸ਼ੁਕਰੀਆ ਧੀਏ, ਤੂੰ ਪੂਰੇ ਪੰਜਾਬ ’ਚ ਪਿੰਡ ਦਾ ਸਿਰ ਉੱਚਾ ਕਰ ਦਿੱਤਾ ਹੈ।’ ‘ਧੀਏ, ਤੂੰ ਸਾਡੇ ਪਿੰਡ ਦਾ ਮਾਣ ਵਧਾਇਆ ਹੈ, ਸਾਡੇ ਕੋਲ ਸ਼ਬਦ ਨਹੀਂ, ਜਿਨ੍ਹਾਂ ਨਾਲ ਤੇਰਾ ਧੰਨਵਾਦ ਕਰ ਸਕੀਏ।’ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਲੰਬੀ ’ਚ ਪੈਂਦੇ ਛੋਟੇ ਜਿਹੇ ਪਿੰਡ ਕਰਮਗੜ੍ਹ ਦੇ ਸਰਕਾਰੀ ਹਾਈ ਸਕੂਲ ਦੀ ਵਿਦਿਆਰਥਣ ਕਮਲੇਸ਼ ਰਾਣੀ ਨੂੰ ਪਿੰਡ ਵਾਸੀਆਂ  ਨੇ ਇਹ ਸ਼ਬਦ ਆਖੇ ਹਨ। ਕਮਲੇਸ਼ ਨੇ  ਸਕੂਲ ਦੀ ਮੁੱਖ ਅਧਿਆਪਕਾ ਡਿੰਪਲ ਵਰਮਾ ਦੀ ਅਗਵਾਈ ਹੇਠ ਸੂਬਾ ਪੱਧਰ ਦੇ ਕਲਾ ਉਤਸਵ ਮੁਕਾਬਲਿਆਂ ਦੌਰਾਨ ‘ਇੰਡਿਜਿਨਸ ਟੋਇਜ਼ ਐਂਡ ਗੇਮਜ਼’ ਵਰਗ ਵਿੱਚ ਪੰਜਾਬ ਭਰ ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।      ਇੱਕ ਚੰਗੀ ਸ਼ੁਰੂਆਤ ਕਰਨ ਬਦਲੇ ਕਮਲੇਸ਼ ਰਾਣੀ ਨੂੰ ਸਨਮਾਨਿਤ ਕਰਨ ਲਈ ਕਰਵਾਏ ਸੰਖੇਪ ਅਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਮੌਕੇ ਸਕੂਲ ਨੂੰ ਦੁਲਹਨ ਦੀ ਤਰਾਂ ਸਜ਼ਾਇਆ ਗਿਆ ਅਤੇ ਮਠਿਆਈਆਂ ਵੀ ਵੰਡੀਆਂ ਗਈਆਂ। ਇਸ ਮੌਕੇ ਕਰਮਗੜ ਦੇ ਯੰਗ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗਿੱਲ, ਸੈਨਟਰੀ ਇੰਸਪੈਕਟਰ ਰਾਜ ਕੁਮਾਰ ਅਤੇ ਵਿਨੋਦ ਕੁਮਾਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਵਿਆਹ ਵਰਗੇ ਮਹੌਲ ’ਚ ਸਕੂਲ ਸਟਾਫ ਅਤੇ ਪਤਵੰਤਿਆਂ ਨੇ ਮੁੱਖ ਅਧਿਆਪਕਾ ਡਿੰਪਲ ਵਰਮਾ ਅਤੇ ਕਮਲੇਸ਼ ਰਾਣੀ ਨੂੰ ਵਧਾਈ ਦਿੱਤੀ ਅਤੇ ਸਨਮਾਨ ਵਜੋਂ ਫੁੱਲਾਂ ਦੇ ਹਾਰ ਪਾਏ। ਇਸ ਮੌਕੇ ਤੇ ਕਮਲੇਸ਼ ਰਾਣੀ ਅਤੇ ਉਸ ਦੇ ਪਿਤਾ ਪਿਰਥੀ ਰਾਮ ਨੇ ਵੀ ਇੱਕ ਦੂਸਰੇ ਦਾ ਮੂੰਹ ਮਿੱੱਠਾ ਕਰਵਾਇਆ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

Advertisement

       ਦੱਸਣਯੋਗ ਹੈ ਕਿ ਕੇਂਦਰ ਸਰਕਾਰ ਦੇ ਸਿੱਖਿਆ ਮੰਤਰਾਲੇ ਅਤੇ ਸਿੱਖਿਆ ਵਿਭਾਗ ਪੰਜਾਬ ਦੀ ਪਹਿਲਕਦਮੀ ਤਹਿਤ ਕਲਾ ਉਤਸਵ ਪ੍ਰੋਗਰਾਮ ਦੇ ਪਹਿਲਾਂ ਜਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ ਸਨ ਜਿੰਨ੍ਹਾਂ ਚੋਂ ਕਮਲੇਸ਼ ਰਾਣੀ ਨੇ ਜਿੱਤ ਪ੍ਰਾਪਤ ਕੀਤੀ ਸੀ। ਬਾਅਦ ’ਚ ਜਿਲ੍ਹਾ ਜੇਤੂਆਂ ਦੇ ਜੋਨ ਪੱਧਰੀ ਮੁਕਾਬਲੇ ਹੋਏ ਸਨ ਜਿੰਨ੍ਹਾਂ ’ਚ ਸ੍ਰੀ ਮੁਕਤਸਰ ਸਾਹਿਬ ਜੋਨ ਅਧੀਨ ਆਉਂਦੇ ਜਿਲਿ੍ਹਆਂ, ਫਿਰੋਜ਼ਪੁਰ ,ਮਾਨਸਾ, ਫਰੀਦਕੋਟ, ਬਠਿੰਡਾ ਤੇ ਸ੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ। ਆਪਣੇ ਵਰਗ ਦੇ ਮੁਕਾਬਲਿਆਂ ਚੋਂ  ਕਮਲੇਸ਼ ਨੇ ਆਪਣੀ ਝੰਡੀ ਬਰਕਰਾਰ ਰੱਖੀ ਸੀ।
       ਹੁਣ ਮੋਹਾਲੀ ਵਿੱਚ ਹੋਏ ਸੂਬਾ ਪੱਧਰ ਦੇ ਮੁਕਾਬਲਿਆਂ ਦੌਰਾਨ ਕਮਲੇਸ਼ ਰਾਣੀ ਨੇ ਆਪਣੀ ਕਲਾ ਦੋ ਲੋਹਾ ਮਨਵਾਇਆ ਅਤੇ ਪਹਿਲੇ ਸਥਾਨ ’ਤੇ ਕਬਜ਼ਾ ਕਰਕੇ ਆਪਣੇ ਸਕੂਲ ਤੇ ਪਿੰਡ ਦੀ ਝੋਲੀ ਖੁਸ਼ੀਆਂ ਨਾਲ ਭਰੀ ਹੈ। ਇਹੋ ਕਾਰਨ ਹੈ ਕਿ ਪਿੰਡ ਵਾਸੀਆਂ, ਸਕੂਲ ਸਟਾਫ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਪਿੰਡ ਕਰਮਗੜ੍ਹ ਦੀ ਇਸ ਧੀ ਨੂੰ ਸ਼ਾਬਾਸ਼ ਦਿੱਤੀ ਹੈ। ਸਕੂਲ ਦਾ ਝੰਡਾ ਬੁਲੰਦ ਕਰਨ ਲਈ ਕੀਤੇ ਉਪਰਾਲੇ ਤੋਂ ਪਿੰਡ ਦੇ ਲੋਕ ਖੁਸ਼ ਹਨ ਅਤੇ ਉਨ੍ਹਾਂ ਇਸ ਦਾ ਸਿਹਰਾ ਕਮਲੇਸ਼ ਰਾਣੀ ਦੇ ਨਾਲ ਨਾਲ ਮਿਹਨਤ ਕਰਵਾਉਣ ਵਾਲੇ ਸਟਾਫ ਦੇ ਸਿਰ ਬੰਨਿ੍ਹਆ ਹੈ।
 ਭਵਿੱਖ ਦੀਆਂ ਤਿਆਰੀਆਂ ਸ਼ੁਰੂ
ਕਰਮਗੜ੍ਹ ਸਕੂਲ ਦੀ ਵਿਦਿਆਰਥਣ ਕਮਲੇਸ਼  ਦੇ ਪਿਤਾ ਪਿਰਥੀ ਰਾਮ ਦਿਹਾੜੀਦਾਰ ਮਜ਼ਦੂਰ ਵਰਗ ਨਾਲ ਸਬੰਧ ਰੱਖਦਾ ਹੈ। ਪ੍ਰੀਵਾਰਕ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਕਮਲੇਸ਼ ਨੇ ‘ ਹਿੰਮਤੇ ਮਰਦਾਂ ਮੱਦਦੇ ਖੁਦਾ’  ਨੂੰ ਹਥਿਆਰ ਬਣਾਇਆ ਜੋ ਉਸ ਦੀ ਸਫਲਤਾ ਦੇ ਬੂਹੇ ਖੋਹਲਣ ’ਚ ਸਹਾਈ ਹੋਇਆ। ਕਮਲੇਸ਼ ਦੀਆਂ ਅੱਖਾਂ ’ਚ ਸੁਪਨਾ, ਹੱਥਾਂ ਵਿੱਚ ਹੁਨਰ ਤੇ ਮਨ ਵਿਚ ਜੋਸ਼ ਸੀ ਜਿਸ ਨੂੰ ਅਧਿਆਪਕਾਂ ਨੇ ਖੰਭ ਲਾਉਣ ’ਚ ਕਸਰ ਬਾਕੀ ਨਹੀਂ ਰੱਖੀ। ਜਦੋਂ ਸਿਰੜ ਨੇ ਹੌਂਸਲੇ ਦੇ ਖੰਭਾਂ ਨਾਲ ਉਡਾਨ ਭਰੀ ਤਾਂ ਨਤੀਜ਼ਾ ਸਭ ਦੇ ਸਾਹਮਣੇ ਹੈ। ਹੁਣ ਕਮਲੇਸ਼ ਪੰਜਾਬ ਜੇਤੂ ਅਖਵਾਉਂਦੀ ਹੈ। ਇਸ ਮਗਰੋਂ ਕਮਲੇਸ਼ ਕੌਮੀ ਪੱਧਰ ਦੇ ਮੁਕਾਬਲਿਆਂ ’ਚ ਭਾਗ ਲੈਣ ਜਾਏਗੀ ਜਿਸ ਲਈ ਉਸ ਨੇ ਖੁਦ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ।
ਧੀਆਂ ਲਈ ਰਾਹ ਦਸੇਰਾ ਕਮਲੇਸ਼
ਸਰਕਾਰੀ ਹਾਈ ਸਕੂਲ ਕਰਮਗੜ੍ਹ ਦੀ ਮੁੱਖ ਅਧਿਆਪਕਾ ਡਿੰਪਲ ਵਰਮਾ ਆਖਦੇ ਹਨ ਹੈ ਕਿ ਲੜਕੀਆਂ ਦਾ ਕੰਮ ਇਕੱਲਾ ਘਰ ਵਸਾਉਣਾ ਨਹੀਂ ਹੁੰਦਾ ਹੈ ਬਲਕਿ ਕੁੱਝ ਕਰਕੇ ਦਿਖਾਉਣ ਦੀ ਭਾਵਨਾ ਹੋਣੀ ਚਾਹੀਦੀ ਹੈ ਜੋ ਕਮਲੇਸ਼ ਰਾਣੀ ਨੇ ਆਪਣੀ ਹਿੰਮਤ ਤੇ ਮਿਹਨਤ ਸਦਕਾ ਕਰ ਦਿਖਾਈ ਹੈ। ਉਨ੍ਹਾਂ ਆਖਿਆ ਕਿ ਕਮਲੇਸ਼ ਦੀ ਇਸ ਜਿੱਤ ਨਾਲ ਨਵੀਂ ਪੀੜ੍ਹੀ ਖਾਸ ਤੌਰ ਤੇ ਲੜਕੀਆਂ ਨੂੰ ਚੰਗਾ ਰਾਹ ਦਿਖੇਗਾ। ਉਨ੍ਹਾਂ ਕਿਹਾ ਕਿ ਇੱਕ ਸਧਾਰਨ ਮਜ਼ਦੂਰ ਪ੍ਰੀਵਾਰ ਦੀ ਲੜਕੀ ਏਦਾਂ ਸਫਲਤਾ ਹਾਸਲ ਕਰ ਸਕਦੀ ਹੈ ਤਾਂ ਬਾਕੀ ਬੱਚੇ ਕਿਉਂ ਨਹੀਂ? ਉਨ੍ਹਾਂ ਕਮਲੇਸ਼ ਅਤੇ ਉਸ ਵਰਗੇ ਹੋਰਨਾਂ ਬੱਚਿਆਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ ਅਤੇ ਸਭ ਨੂੰ ਸ਼ੁਭਕਾਮਨਾਵਾਂ ਦਿੱਤੀਆਂ । ਉਨ੍ਹਾਂ ਸਹਿਯੋਗ ਲਈ ਪਿੰਡ ਵਾਸੀਆਂ ਅਤੇ ਪੰਚਾਇਤ ਦਾ ਧੰਨਵਾਦ ਵੀ ਕੀਤਾ ਹੈ।
ਵਧਾਈਆਂ ਬੀਬਾ ਵਧਾਈਆਂ
 ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਰਾਜੀਵ ਛਾਬੜਾ , ਡਿਪਟੀ ਡੀਈਓ ਕਪਲ ਸ਼ਰਮਾ,ਕਲਾ ਉਤਸਵ ਪ੍ਰੋਗਰਾਮ ਦੇ ਨੋਡਲ ਅਫਸਰ ਪ੍ਰਿੰਸੀਪਲ ਇਕਬਾਲ ਸਿੰਘ ਅਤੇ ਕਲਾ ਉਤਸਵ ਦੇ ਕੁਆਰਡੀਨੇਟਰ ਗੁਰਮੇਲ ਸਿੰਘ ਸੱਗੂ ਨੇ ਕਰਮਗੜ੍ਹ ਸਕੂਲ ਦੀ ਵਿਦਿਆਰਥਾਣ ਕਮਲੇਸ਼ ਨੂੰ ਇਸ ਸਫਲਤਾ ਪ੍ਰਤੀ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਕਲਾ ਉਤਸਵ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੂੰ ਸੱਭਿਆਚਾਰ ,ਵਿਰਸੇ ਅਤੇ ਕਲਾ ਬਾਰੇ ਜਾਣਕਾਰੀ ਹਾਸਲ ਕਰਨ ਦਾ ਮੌਕਾ ਮਿਲਿਆ ਹੈ ਜਿਸ ਨਾਲ ਬੱਚਿਆਂ  ’ਚ ਕਲਾ ਪ੍ਰਤੀ ਰੁਚੀ ਵਧੇਗੀ। ਉਨ੍ਹਾਂ ਕਮਲੇਸ਼ ਸਮੇਤ ਸਮੂਹ ਇਨਾਮ ਜੇਤੂ ਬੱਚਿਆਂ ਨੂੰ ਹੋਰ ਵੀ ਸਖਤ ਮਿਹਨਤ ਨਾਲ ਆਪਣੀ ਕਲਾ ਨੂੰ ਨਿਖਾਰਨ ਅਤੇ ਹੋਰਨਾਂ ਵਿਦਿਆਰਥੀਆਂ ਨੂੰ ਇੰਨ੍ਹਾਂ ਸਫਲ ਬੱਚਿਆਂ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ।

Advertisement
Advertisement
Advertisement
Advertisement
Advertisement
error: Content is protected !!