ਆਹ ਤਾਂ ਸੋਸ਼ਲ ਮੀਡੀਆ ਤੇ ਕਿਸਾਨ ਜਥੇਬੰਦੀ ਨੂੰ ਭੰਡਣ ਲੱਗੇ ਲੋਕ,,,!

Advertisement
Spread information

ਅਸ਼ੋਕ ਵਰਮਾ, ਬਠਿੰਡਾ 5 ਨਵੰਬਰ 2023


      ਬਠਿੰਡਾ ਜਿਲ੍ਹੇ ਦੇ ਪਿੰਡ ਬੁਰਜ ਮਹਿਮਾ ਲਾਗੇ ਨੇਹੀਆਂ ਵਾਲਾ ਦੇ ਰਕਬੇ ’ਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਨ ਤੋਂ ਰੋਕਣ ਲਈ ਪੁੱਜੇ ਨੋਡਲ ਅਫਸਰ ਹਰਪ੍ਰੀਤ ਸਾਗਰ ਤੋਂ ਧੱਕੇ ਨਾਲ ਪਰਾਲੀ ਨੂੰ ਅੱਗ ਲੁਆਉਣ ਦੇ ਮਾਮਲੇ ’ਚ ਕਿਸਾਨ ਜੱਥੇਬੰਦੀ ਨੂੰ ਸੋਸ਼ਲ ਮੀਡੀਆ ਤੇ ਤਿੱਖੀ ਅਲੋਚਨਾ ਅਤੇ ਲਾਅਨਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਬੰਧਤ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਸਬੰਧਤ ਨੋਡਲ ਅਫਸਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਤੋਂ ਮੁਆਫੀ ਮੰਗ ਲਈ ਹੈ ਪਰ ਆਮ ਲੋਕਾਂ ਵੱਲੋਂ ਸਰਕਾਰੀ ਅਧਿਕਾਰੀ ਨਾਲ ਵਰਤਾਏ ਇਸ ਤਰਾਂ ਦੇ ਧੱਕੇਸ਼ਾਹੀ ਵਾਲੇ ਵਰਤਾਰੇ ਨੂੰ ਲੈਕੇ ਬੇਹੱਦ ਤਿੱਖੀਆਂ ਅਤੇ ਭੱਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।
          ਬਿਨਾਂ ਸ਼ੱਕ ਕਣਕ ਦੀ ਬਿਜਾਂਦ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਪਰਾਲੀ ਸਾੜਕੇ ਜਮੀਨ ਤਿਆਰ ਕਰਨਾ ਕਿਸਾਨਾਂ ਦੀ ਮਜ਼ਬੂਰੀ ਹੈ ਫਿਰ ਵੀ ਜਿਆਦਤਰ ਲੋਕਾਂ ਨੂੰ ਇਹ ਵਤੀਰਾ ਪਸੰਦ ਨਹੀਂ ਆਇਆ ਹੈ। ਵੱਡੀ ਗੱਲ ਹੈ ਕਿ ਇਸ ਸਬੰਧ ਵਿੱਚ ਫੇਸਬੁੱਕ ਤੇ ਚੱਲ ਰਹੀ ਵੀਡੀਓ ਨੂੰ ਸ਼ੇਅਰ, ਆਪਣੇ ਵਿਚਾਰ ਰੱਖਣ ਕਰਨ ਅਤੇ ਦੇਖਣ ਵਾਲਿਆਂ ਵਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਘਟਨਾ ਦੀ ਵੀਡੀਓ ’ਚ ਪੀਡਬਲਿਊਡੀ ਦੇ ਅਧਿਕਾਰੀ ਹਰਪ੍ਰੀਤ ਸਾਗਰ ਆਪਣੀ ਸਰਕਾਰੀ ਡਿਊਟੀ ਦਾ ਵਾਸਤਾ ਪਾਉਂਦਾ ਹੋਇਆ ਸੁਣਾਈ ਦਿੰਦਾ ਹੈ ਪਰ ਕਿਸਾਨ ਇਸ ਗੱਲ ’ਤੇ ਅੜੇ ਰਹੇ ਕਿ ਉਹ ਆਪਣੇ ਹੱਥੀਂ ਪਰਾਲੀ ਨੂੰ ਅੱਗ ਲਗਾਵੇ।
              ਵੀਡੀਓ ਵਿੱਚ ਨੋਡਲ ਅਫਸਰ ਨੂੰ ਵਾਰ-ਵਾਰ ਕਿਸਾਨਾਂ ਦੇ ਮਿੰਨਤਾਂ-ਤਰਲੇ ਕਰਦੇ ਦੇਖਿਆ ਜਾ ਸਕਦਾ ਹੈ ਜਦਕਿ ਕਿਸਾਨ ਆਗੂ ਉਸ ਨੂੰ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਕਰ ਰਹੇ ਹਨ।  ਓਧਰ  ਮੁੱਖ ਮੰਤਰੀ ਪੰਜਾਬ ਵੱਲੋਂ ਸਬੰਧਤ ਕਿਸਾਨਾਂ ਤੇ ਕਾਰਵਾਈ ਕਰਨ ਦੀਆਂ ਹਦਾਇਤਾਂ ਤੇ ਬਠਿੰਡਾ ਜਿਲ੍ਹੇ ਦੇ ਥਾਣਾ ਨੇਹੀਆਂ ਵਾਲਾ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਮੁੱਖ ਆਗੂਆਂ ਬਲਜੀਤ ਸਿੰਘ ਵਾਸੀ ਗੁਰਥੜੀ ਅਤੇ ਮਹਿੰਦਰ ਸਿੰਘ ਗਹਿਰੀ ਭਾਗੀ ਤੋਂ ਇਲਾਵਾ ਨੇਹੀਆਂ ਵਾਲਾ ਪਿੰਡ ਦੇ ਕਿਸਾਨਾਂ ਗੁਰਮੀਤ ਸਿੰਘ,ਸੁਰਜੀਤ ਸਿੰਘ,ਦਦਾਰਾ ਸਿੰਘ, ਬਚਿੱਤਰ ਸਿੰਘ ਮਾਸਟਰ,ਰਾਮ ਸਿੰਘ ਮਾਨ, ਹਰਸ਼ਦੀਪ ਸਿੰਘ ਉਰਫ ਬਾਬੂ ਪੁੱਤਰ ਤੇਜਾ ਸਿੰਘ ਅਤੇ ਸ਼ਿਵਰਾਜ ਸਿੰਘ ਉਰਫ ਟਾਂਡੇ ਭੰਨ ਪੁੱਤਰ ਗੁਲਜ਼ਾਰ ਸਿੰਘ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ ।
                   ਇਹ ਪੁਲਿਸ ਕੇਸ ਨੋਡਲ ਅਫਸਰ ਹਰਪ੍ਰੀਤ ਸਾਗਰ ਦੇ ਬਿਆਨਾਂ ਮੁਤਾਬਕ ਦਰਜ ਹੋਇਆ ਹੈ। ਐਫਆਈਆਰ ਮੁਤਾਬਕ ਜਦੋਂ ਉਨ੍ਹਾਂ ਨੇ ਧੂੰਆਂ ਨਿਕਲਦਾ ਦੇਖਿਆ ਤਾਂ ਹਰਪ੍ਰੀਤ ਸਾਗਰ ਅਤੇ ਟੀਮ ਕਿਸਾਨ ਰਾਮ ਸਿੰਘ ਸਮੇਤ ਕਿਸਾਨਾਂ ਨੂੰ ਅੱਗ ਨਾਂ ਲਾਉਣ ਸਬੰਧੀ ਪ੍ਰੇਰਿਤ ਕਰ ਰਹੀ ਸੀ ਤਾਂ ਕਿਸਾਨ ਰਾਮ ਸਿੰਘ ਨੇ ਫੋਨ ਕਰਕੇ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਸੱਦ ਲਿਆ ਜੋ ਕਾਫੀ ਗਿਣਤੀ ’ਚ ਸਨ। ਅੱਗੇ ਦੱਸਿਆ ਕਿ ਇੰਨ੍ਹਾਂ ਆਗੂਆਂ ਨੇ ਆਉਂਦਿਆਂ ਹੀ ਟੀਮ ਨੂੰ ਬੰਦੀ ਬਣਾ ਲਿਆ। ਐਫਆਈਆਰ ਅਨੁਸਾਰ ਇੰਨ੍ਹਾਂ ਆਗੂਆਂ ਅਤੇ ਕਿਸਾਨਾਂ ਨੇ ਧੱਕੇ ਨਾਲ ਹਰਪ੍ਰੀਤ ਸਾਗਰ ਤੋਂ ਪਰਾਲੀ ਨੂੰ ਅੱਗ ਲੁਆਈ। ਉਨ੍ਹਾਂ ਇਸ ਮੌਕੇ ਆਪਣੇ ਸਰਕਾਰੀ ਅਧਿਕਾਰੀ ਹੋਣ ਦਾ ਵਾਸਤਾ ਵੀ ਪਾਇਆ ਪਰ ਉਨ੍ਹਾਂ ਨੇ ਇੱਕ ਨਾਂ ਸੁਣੀ।
                  ਡਿਪਟੀ ਕਮਿਸ਼ਨਰ ਨੂੰ ਦਿੱਤੀ ਰਿਪੋਰਟ ’ਚ ਵੀ ਨੋਡਲ ਅਫਸਰ ਹਰਪ੍ਰੀਤ ਸਾਗਰ ਨੇ ਇਕੱਠ ਵੱਲੋਂ ਅਪਸ਼ਬਦ ਬੋਲਣ ਅਤੇ ਦੁਰਵਿਹਾਰ ਕਰਨ ਸਬੰਧੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਤੁਸੀਂ ਅੱਗ ਨਾਂ ਲਾਈ ਤਾਂ ਪਰਾਲੀ ਦੀਆਂ ਪੰਡਾਂ ਸਿੱਰ ਤੇ ਚੁਕਵਾਕੇ ਤੁਹਾਡੀ ਕਾਰ ਵਿੱਚ ਰੱਖ ਦਿੱਤੀਆਂ ਜਾਣਗੀਆਂ। ਹਰਮਨ ਸਾਗਰ ਵੱਲੋਂ ਉਨ੍ਹਾਂ ਨੂੰ ਅੱਗ ਲਾਉਣ ਲਈ ਮਜਬੂਰ ਕਰਨ ਕਰਕੇ ਡਿਪਟੀ ਕਮਿਸ਼ਨਰ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਦਾ ਕਹਿਣਾਸੀ ਕਿ ਇਸ ਘਟਨਾ ਸਬੰਧੀ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਕਿਸਾਨ ਆਗੂਆਂ ਤੇ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।
 ਡੱਲੇਵਾਲ ਵੱਲੋਂ ਸੰਘਰਸ਼ ਦੀ ਧਮਕੀ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੱਲੋਂ ਸੜਕਾਂ ਤੇ ਉੱਤਰਨ ਦੀ ਧਮਕੀ ਦੇਣ ਪਿੱਛੋਂ ਸਰਕਾਰ ਅਤੇ ਕਿਸਾਨਾਂ ’ਚ ਟਕਰਾਅ ਬਣਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਤੇ ਪਰਚੇ ਰੱਦ ਕਰਕੇ ਗ੍ਰਿਫਤਾਰ ਕਿਸਾਨਾਂ ਨੂੰ ਛੱਡਣ ਦੀ ਮੰਗ ਨਾਂ ਮੰਨੀ ਤਾਂ ਕਿਸਾਨ ਸੰਘਰਸ਼ ਦੇ ਰਾਹ ਪੈਣਗੇ ਜਿਸ ਲਈ ਸਰਕਾਰ ਜਿੰਮੇਵਾਰ ਹੋਵੇਗੀ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਬੇਲਰ ਮੁਹੱਈਆ ਕਰਵਾਉਣ ਲਈ ਜੱਥੇਬੰਦੀ ਦੀ ਟੀਮ ਮਿਲੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਬਿਜਾਈ ਵਕਤ ਸਿਰ ਕਰਨ ਲਈ ਖੇਤ ਵਿਹਲੇ ਕਰਨ ਵਾਸਤੇ ਪਰਾਲੀ ਸਾੜਨਾ ਮਜਬੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕੌਮੀ ਗਰੀਨ ਟ੍ਰਿਬਿਊਨਲ ਵੱਲੋਂ 25ਸੌ ਅਤੇ ਸੁਪਰੀਮ ਕੋਰਟ  ਦੇ 100 ਰੁਪਏ ਦੇਣ ਸਬੰਧੀ ਹੁਕਮਾਂ ਨੂੰ ਲਾਗੂ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਹਾਲਾਤਾਂ ਨੂੰ ਸਮਝੇ ਬਿਨਾਂ ਕਿਸਾਨਾਂ ਨੂੰ ਸਜ਼ਾ ਦੇਣੀ ਗਲ੍ਹਤ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ।

Advertisement
Advertisement
Advertisement
Advertisement
Advertisement
Advertisement
error: Content is protected !!