ਪ੍ਰਾਈਵੇਟ ਬੱਸਾਂ ਵਾਲਿਆਂ ਨੇ ਕਰ ਲਿਆ ਫੈਸਲਾ ,ਕਹਿੰਦੇ ਅਸੀਂ ,,

Advertisement
Spread information

ਅਸ਼ੋਕ ਵਰਮਾ, ਬਠਿੰਡਾ 5 ਨਵੰਬਰ 2023

        ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਵਪਾਰ ਵਿਰੋਧੀ ਕਰਾਰ ਦਿੰਦਿਆਂ ਪ੍ਰਾਈਵੇਟ ਬੱਸ ਅਪਰੇਟਰਜ਼ ਯੂਨੀਅਨ ਦੀ ਅਗਵਾਈ ਹੇਠ ਪ੍ਰਾਈਵੇਟ ਬੱਸ ਅਪਰੇਟਰਾਂ ਨੇ ਐਤਕੀਂ ਕਾਲੀ ਦਿਵਾਲੀ ਮਨਾਉਣ ਦਾ ਐਲਾਨ ਕੀਤਾ ਹੈ। ਬੱਸ ਮਾਲਕ ਆਖਦੇ ਹਨ ਕਿ ਉਹ ਲੰਮੇਂ ਸਮੇਂ ਤੋਂ ਸਰਕਾਰ ਨੂੰ ਮੰਗਾਂ ਸਬੰਧੀ ਦੱਸਦੇ ਆ ਰਹੇ ਹਨ ਪਰ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ ਜਿਸ ਕਾਰਨ ਉਨ੍ਹਾਂ ਦੇ ਰੁਜ਼ਗਾਰ ਨੂੰ ਸੰਕਟ ਖੜ੍ਹਾ ਹੋ ਗਿਆ ਹੈ। ਇਸ ਯੂਨੀਅਨ ’ਚ ਵੱਖ ਵੱਖ ਕੰਪਨੀਆਂ ਨਾਲ ਸਬੰਧਤ ਟਰਾਂਸਪੋਰਟਰਾਂ ਤੋਂ ਇਲਾਵਾ ਬਾਦਲ ਪ੍ਰੀਵਾਰ ਦੇ ਨਜ਼ਦੀਕੀ ਟਰਾਂਸਪੋਰਟਰ ਹਰਦੀਪ ਸਿੰਘ ਡਿੰਪੀ ਢਿੱਲੋਂ ਗਿੱਦੜਬਾਹਾ ਅਤੇ ਪ੍ਰਿਥੀ ਸਿੰਘ ਜਲਾਲ ਦੀ ਮਾਲਕੀ ਵਾਲੀਆਂ ਜਲਾਲ ਬੱਸ ਸਰਵਿਸ ਦੀਆਂ ਬੱਸਾਂ ਸ਼ਾਮਲ ਹਨ।   ਅੱਜ ਪ੍ਰਧਾਨ ਨਰਪਿੰਦਰ ਸਿੰਘ ਜਲਾਲ ਦੀ ਅਗਵਾਈ ਹੇਠ ਬਠਿੰਡਾ ਬੱਸ ਸਟੈਂਡ ਵਿਖੇ ਕਾਫੀ ਪ੍ਰਾਈਵੇਟ ਬੱਸਾਂ ’ਤੇ ਕਾਲੀ ਦੀਵਾਲੀ ਮਨਾਉਣ ਸਬੰਧੀ ਪੋਸਟਰ ਲਾਏ  ਅਤੇ ਇਸ ਸਬੰਧ ’ਚ ਸੱਦਾ ਵੀ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਨਰਪਿੰਦਰ ਜਲਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਵਾਰ ਵਾਰ ਮੰਗ ਕਰਨ ਦੇ ਬਾਵਜੂਦ ਸਰਕਾਰ ਪ੍ਰਾਈਵੇਟ ਟਰਾਂਸਪੋਰਟਰਾਂ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਉੁਨ੍ਹਾਂ ਕਿਹਾ ਕਿ ਉਹ ਸਰਕਾਰੀ ਬੱਸਾਂ ਵਾਂਗ ਵੱਡੇ ਪੱਧਰ ’ਤੇ ਰੁਜ਼ਗਾਰ ਦਿੰਦੇ ਹਨ  ਅਤੇ ਵੱਡੀ ਗਿਣਤੀ ਪਰਿਵਾਰਾਂ ਦੀ ਰੋਜ਼ੀ ਰੋਟੀ  ਸਿੱਧੇ ਅਤੇ ਅਸਿੱਧੇ ਤੌਰ ’ਤੇ ਇਸ ਧੰਦੇ ਨਾਲ ਚਲਦੀ ਹੈ।  
          ਉਨ੍ਹਾਂ ਕਿਹਾ ਕਿ ਸਰਕਾਰ ਦੀ ਬੇਰੁਖੀ ਕਾਰਨ ਅੱਜ ਹਾਲਾਤ ਇਹ ਬਣ ਗਏ ਹਨ ਕਿ ਰੋਜ਼ਾਨਾ ਕੋਈ ਨਾ ਕੋਈ ਬੱਸ ਮਾਲਕ ਰੁਜ਼ਗਾਰ ਛੱਡਣ ਲਈ ਮਜਬੂਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹੋ ਕਾਰਨ ਹੈ ਕਿ ਪ੍ਰਾਈਵੇਟ ਟਰਾਂਸਪੋਰਟਰਾਂ ਦੀ ਗਿਣਤੀ ਦਿਨੋਂ-ਦਿਨ ਘਟਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੱਸਾਂ ਦੇ ਚੈਸੀ, ਟਾਇਰ, ਬਾਡੀ ਅਤੇ ਲੇਬਰ ਦੇ ਰੇਟਾਂ ਵਿੱਚ ਕਾਫੀ ਵਾਧਾ ਹੋਇਆ ਹੈ, ਜਦਕਿ ਸਰਕਾਰ ਵੱਲੋਂ ਪਿਛਲੇ ਦੋ-ਤਿੰਨ ਸਾਲਾਂ ਤੋਂ ਔਰਤਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫਤ ਸਫਰ ਕਰਨ ਦੀ ਸਹੂਲਤ ਦੇ ਰਹੀ ਹੈ ਜਿਸ ਨੇ ਉਨ੍ਹਾਂ ਦਾ ਆਰਥਿਕ ਤੌਰ ਤੇ ਕਚੂੰਮਰ ਕੱਢ ਦਿੱਤਾ ਹੈ।
             ਉਨ੍ਹਾਂ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਇਹ ਵੀ ਮੰਗ ਕਰਦੇ ਆ ਰਹੇ ਹਨ ਕਿ ਜਿਸ ਤਰ੍ਹਾਂ ਸਰਕਾਰੀ ਬੱਸਾਂ ਵਿੱਚ ਔਰਤਾਂ ਨੂੰ ਮੁਫ਼ਤ ਬੱਸ ਦੀ ਸਹੂਲਤ ਦਿੱਤੀ ਜਾ ਰਹੀ ਹੈ, ਉਸੇ ਤਰਜ਼ ’ਤੇ ਉਨ੍ਹਾਂ ਉਨ੍ਹਾਂ ਦੀਆਂ ਬੱਸਾਂ ’ਤੇ ਵੀ ਮੁਫਤ ਯਾਤਰਾ ਦੀ ਸਹੂਲਤ ਬਹਾਲ ਕੀਤੀ ਜਾਣੀ ਚਾਹੀਦੀ ਹੈ ਪਰ ਕੋਈ ਸੁਣ ਨਹੀਂ ਰਿਹਾ ਹੈ।  ਉਨ੍ਹਾਂ ਕਿਹਾ ਕਿ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ ਸਰਕਾਰ ਉਨ੍ਹਾਂ ਦੀ ਕੋਈ ਵੀ ਮੰਗ ਨਹੀਂ ਮੰਨ ਰਹੀ ਜਿਸ ਦੇ ਰੋਸ ਵਜੋਂ ਐਤਕੀਂ ਪ੍ਰਾਈਵੇਟ ਬੱਸ ਅਪਰੇਟਰਾਂ ਨੇ ਸਰਕਾਰ ਦੀ ਵਪਾਰ ਵਿਰੋਧੀ ਨੀਤੀ ਕਾਰਨ  ਕਾਲੀ ਦਿਵਾਲੀ  ਮਨਾਉਣ ਦਾ ਫੈਸਲਾ ਲਿਆ ਹੈ।

Advertisement
Advertisement
Advertisement
Advertisement
Advertisement
Advertisement
error: Content is protected !!