ਗਗਨ ਹਰਗੁਣ, ਬਰਨਾਲਾ, 3 ਨਵੰਬਰ 2023
ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਹਾਈ ਸਕੂਲ ਨੰਗਲ ਵਿਖੇ ਪ੍ਰਾਇਮਰੀ ਪੱਧਰ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਦੀ ਸਫ਼ਲਤਾਪੂਰਵਕ ਸ਼ੁਰੂਆਤ ਕੀਤੀ ਗਈ। ਸਕੂਲ ਇੰਚਾਰਜ ਕੁਲਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਮੁੱਖ ਮਹਿਮਾਨ ਗੁਰਦੀਪ ਸਿੰਘ ਬਾਠ ਚੈਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਬਰਨਾਲਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ ਸ਼ਮਸ਼ੇਰ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਖੇਡਾਂ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਚੇਅਰਮੈਨ ਦੀਪ ਸਿੰਘ ਬਾਠ ਨੇ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਦੀ ਭਲਾਈ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ ਤਾਂ ਕਿ ਬੱਚੇ ਖੇਡਾਂ ਵੱਲ ਆਕਰਸ਼ਿਤ ਹੋ ਸਕਣ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਰੱਖਿਆ ਜਾ ਸਕੇ।
ਡੀ. ਈ. ਓ. ਸ਼ਮਸ਼ੇਰ ਸਿੰਘ ਨੇ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਹਿਮ ਹਿੱਸਾ ਹਨ। ਇਹ ਸਾਡੇ ਸਰੀਰ ਨੂੰ ਰਿਸ਼ਟ ਪੁਸ਼ਟ ਰੱਖਣ, ਗਤੀਸ਼ੀਲ ਅਤੇ ਸਹਿਣਸ਼ੀਲਤਾ ਦੀ ਭਾਵਨਾਵਾਂ ਪ੍ਰਦਾਨ ਕਰਦੀਆਂ ਹਨ। ਡੀ. ਐਮ. ਸਪੋਰਟਸ ਸਿਮਰਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਬੱਡੀ ਮੁਕਾਬਲਿਆਂ ਵਿੱਚ ਬਲਾਕ ਸ਼ਹਿਣਾ, ਖੋ-ਖੋ (ਮੁੰਡੇ ਤੇ ਕੁੜੀਆਂ) ਵਿੱਚ ਬਲਾਕ ਸ਼ਹਿਣਾ, ਸਤਰੰਜ (ਮੁੰਡੇ) ਬਰਨਾਲਾ ਬਲਾਕ, ਸਤਰੰਜ (ਕੁੜੀਆਂ) ਮਹਿਲ ਕਲਾਂ, ਕਰਾਟੇ (ਮੁੰਡੇ ਅਤੇ ਕੁੜੀਆਂ) ਵਿੱਚ ਬਲਾਕ ਮਹਿਲ ਕਲਾਂ, ਕੁਸ਼ਤੀ (25 ਅਤੇ 30 ਕਿਲੋ ਗ੍ਰਾਮ) ਸ਼ਹਿਣਾ ਬਲਾਕ ਅਤੇ 28 ਕਿਲੋ ਗ੍ਰਾਮ ਵਰਗ ਵਿੱਚ ਮਹਿਲ ਕਲਾਂ ਬਲਾਕ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮੁੱਖ ਮਹਿਮਾਨ ਬਾਠ ਵੱਲੋਂ ਜੇਤੂ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ।
ਸਟੇਜ ਸੰਚਾਲਕ ਦੀ ਭੂਮਿਕਾ ਦਵਿੰਦਰ ਕੌਰ ਅਤੇ ਰਜਿੰਦਰ ਸਿੰਘ ਨਿੱਝਰ ਵੱਲੋਂ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਸਰਪੰਚ ਦਰਸ਼ਨ ਸਿੰਘ, ਯੂਥ ਸਪੋਰਟਸ ਕਲੱਬ ਦੇ ਪ੍ਰਧਾਨ ਅਵਤਾਰ ਸਿੰਘ, ਗੁਰਪ੍ਰੀਤ ਸਿੰਘ ਨੰਗਲ, ਬੀਪੀਈਓ ਹਰਿੰਦਰ ਸਿੰਘ, ਗੁਰਦੀਪ ਸਿੰਘ, ਐਸਐਮਸੀ ਚੇਅਰਮੈਨ ਜਸਵਿੰਦਰ ਸਿੰਘ, ਸੀਐੱਚਟੀ ਗਿਆਂਨ ਕੌਰ, ਸੀਐਚਟੀ ਰਿੰਪੀ ਰਾਣੀ ਆਦਿ ਹਾਜ਼ਿਰ ਰਹੇ।