ਅਗਾਂਹਵਧੂ ਕਿਸਾਨਾਂ ਦੇ ਖੇਤਾਂ ਦਾ ਕੀਤਾ ਡਿਪਟੀ ਕਮਿਸ਼ਨਰ ਨੇ ਦੌਰਾ

Advertisement
Spread information
ਰਘਬੀਰ ਹੈਪੀ, ਬਰਨਾਲਾ, 3 ਨਵੰਬਰ 2023
     ਸ਼੍ਰੀਮਤੀ ਪੂਨਮਦੀਪ ਕੌਰ, ਡਿਪਟੀ ਕਮਿਸ਼ਨਰ ਬਰਨਾਲਾ ਨੇ ਅੱਜ ਜ਼ਿਲ੍ਹਾ ਬਰਨਾਲਾ ‘ਚ ਵੱਖ ਵੱਖ ਅਗਾਂਹ ਵਧੂ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ ਜਿਹੜੇ ਆਪਣੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਉਸ ਦਾ ਪ੍ਰਬੰਧਨ ਕਰ ਰਹੇ ਹਨ। ਪਿੰਡ ਜੋਧਪੁਰ ਚੀਮਾ ਵਿਖੇ ਕਿਸਾਨ ਗੁਰਪ੍ਰੀਤ ਸਿੰਘ  ਦੇ ਖੇਤਾਂ ਦਾ ਦੌਰਾ ਕੀਤਾ ਜਿਹੜਾ ਕਿ ਪਿਛਲੇ ਕੁਝ ਸਾਲਾਂ ਤੋਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਆਪਣੇ 50 ਏਕੜ ਦੇ ਕਰੀਬ ਖੇਤਾਂ ਵਿੱਚ ਵੱਖ ਵੱਖ ਖੇਤੀ ਸੰਦਾਂ ਦੀ ਮਦਦ ਨਾਲ ਪਰਾਲੀ ਦਾ ਪ੍ਰਬੰਧਨ ਕਰ ਰਿਹਾ ਹੈ।
  ਇਸੇ ਤਰ੍ਹਾਂ ਪਿੰਡ ਪੱਤੀ ਸੇਖਵਾਂ ਦਾ ਕਿਸਾਨ ਬਚਿੱਤਰ ਸਿੰਘ ਆਪਣੇ 18 ਏਕੜ ਰਕਬੇ ਦੇ ਖੇਤਾਂ ‘ਚ ਪਰਾਲੀ ਦੀ ਸੰਭਾਲ ਬਿਨਾਂ ਅੱਗ ਲਿਆਏ ਹਰ ਰਿਹਾ ਹੈ। ਪਿਛਲੇ 5 – 6 ਸਾਲਾਂ ਤੋਂ ਇਹ ਕਿਸਾਨ ਮਲਚਿੰਗ ਵਿਧੀ ਰਾਹੀਂ ਕਣਕ ਦੀ ਸਿੱਧੀ ਬਿਜਾਈ ਕਰ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਬਚਿੱਤਰ ਸਿੰਘ ਅਤੇ ਉਸ ਵਰਗੇ ਹੋਰ ਅਗਾਂਹਵਧੂ ਕਿਸਾਨਾਂ ਨੂੰ ਕਿਹਾ ਕਿ ਉਹ ਆਪਣੇ ਨਾਲ ਦੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਪ੍ਰੇਰਿਤ ਕਰਨ। ਬਚਿੱਤਰ ਸਿੰਘ ਨੇ ਦੱਸਿਆ ਕਿ ਉਸ ਦੇ ਨਾਲ ਲੱਗਦੇ ਰਣਜੀਤ ਸਿੰਘ ਦੇ ਖੇਤਾਂ ‘ਚ ਇਸ ਵਾਰ 1 ਏਕੜ ਵਿੱਚ ਮਲਚਿੰਗ ਵਿਧੀ ਰਾਹੀਂ ਸਿੱਧੀ ਬਿਜਾਈ ਕੀਤੀ ਜਾਵੇਗੀ। ਰਣਜੀਤ ਸਿੰਘ ਪਿਛਲੇ 3 ਸਾਲਾਂ ਤੋਂ ਸੁਪਰ ਸੀਡਰ ਦੀ ਵਰਤੋਂ ਕਰਕੇ ਪਰਾਲੀ ‘ਚ ਕਣਕ ਦੀ ਬਿਜਾਈ ਕਰ ਰਹੇ ਹਨ। 
    ਡਿਪਟੀ ਕਮਿਸ਼ਨਰ ਨੇ ਪਿੰਡ ਸਹਿਣਾ ਵਿਖੇ ਸਹਿਕਾਰਤਾ ਸੁਸਾਇਟੀ ਦੇ ਮੈਂਬਰਾਂ ਨਾਲ ਗੱਲ ਬਾਤ ਕੀਤੀ ਜਿੱਥੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ‘ਚ ਸੁਪਰ ਸੀਡਰ ਦੀ ਵਰਤੋਂ ਕਰਦਿਆਂ ਸਿੱਧੀ ਬਿਜਾਈ ਕੀਤੀ ਜਾਵੇਗੀ। ਉਨ੍ਹਾਂ ਯਕੀਨ ਦਵਾਇਆ ਕਿ ਸੋਸਾਇਟੀ ਮੈਂਬਰਾਂ ਵੱਲੋਂ ਕਿਤੇ ਵੀ ਪਰਾਲੀ ਨੂੰ ਅੱਗ ਨਹੀਂ ਲਗਾਈ ਜਾਵੇਗੀ।
    ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਨੇ ਪਿੰਡ ਨਾਨਕਪੁਰਾ ਵਿਖੇ ਕਿਸਾਨ ਗੁਰਬਖਸ਼ੀਸ਼ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ।ਜਿੱਥੇ ਉਨ੍ਹਾਂ ਨੇ ਗੁਰਬਖਸੀਸ਼ ਵੱਲੋਂ ਸੁਪਰ ਸੀਡਰ ਰਾਹੀਂ ਕਰਚਿਆਂ ‘ਚ ਕਣਕ ਦੀ ਸਿੱਧੀ ਬਿਜਾਈ ਦਾ ਕੰਮ ਵੇਖਿਆ।  ਇਸ ਮੌਕੇ ਉੱਪ ਮੰਡਲ ਮੈਜਿਸਟ੍ਰੇਟ, ਬਰਨਾਲਾ ਸ੍ਰੀ ਗੋਪਾਲ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਦੀਸ਼ ਸਿੰਘ, ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਸ੍ਰੀ ਰਪਿੰਦਰ ਸਿੰਘ ਅਤੇ ਹੋਰ ਅਫ਼ਸਰ ਵੀ ਸ਼ਾਮਿਲ ਸਨ।
Advertisement
Advertisement
Advertisement
Advertisement
Advertisement
error: Content is protected !!