ਅਸ਼ੋਕ ਵਰਮਾ, ਬਠਿੰਡਾ, 2 ਨਵੰਬਰ 2023
ਸਾਬਕਾ ਪੰਚਾਇਤ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਆ ਆਗੂ ਸਿਕੰਦਰ ਸਿੰਘ ਮਲੂਕਾ ਅਤੇ ਹਾਲ ਹੀ ਵਿੱਚ ਮੁੜ ਕਾਂਗਰਸ ’ਚ ਪਰਤੇ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਿਚਕਾਰ ਖੜਕ ਗਈ ਹੈ। ਰਾਮਪੁਰਾ ਵਿਧਾਨ ਸਭਾ ਹਲਕੇ ਨਾਲ ਸਬੰਧਤ ਦੋਵੇਂ ਆਗੂ ਲੰਮੇਂ ਸਮੇਂ ਬਾਅਦ ਆਹਮੋ ਸਾਹਮਣੇ ਦਿਖਾਈ ਦਿੱਤੇ ਹਨ। ਕਾਂਗੜ ਵੱਲੋਂ ਕੁੱਝ ਦਿਨ ਪਹਿਲਾਂ ਕੀਤੀਆਂ ਸਿਆਸੀ ਟਿੱਪਣੀਆਂ ਨੂੰ ਲੈਕੇ ਮਲੂਕਾ ਭੜਕ ਗਏ ਹਨ। ਮਲੂਕਾ ਨੇ ਕਾਨੂੰਨੀ ਨੋਟਿਸ ਭੇਜਕੇ ਸਾਬਕਾ ਮਾਲ ਮੰਤਰੀ ਨੂੰ ਇਸ ਮਾਮਲੇ ’ਚ ਮੁਆਫੀ ਮੰਗਣ ਲਈ ਕਿਹਾ ਹੈ। ਅੱਜ ਅਕਾਲੀ ਦਲ ਦੇ ਮੀਡੀਆ ਇੰਚਾਰਜ ਰਤਨ ਸ਼ਰਮਾ ਨੇ ਇਹ ਜਾਣਕਾਰੀ ਮਲੂਕਾ ਤਰਫੋਂ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਕਿ ਜੇਕਰ ਕਾਂਗੜ ਨੇ ਮੁਆਫੀ ਨਾਂ ਮੰਗੀ ਤਾਂ ਮਲੂਕਾ ਨੇ ਅਦਾਲਤ ’ਚ ਕੇਸ ਦਾਇਰ ਕਰਨ ਦੀ ਤਿਆਰੀ ਕਰ ਲਈ ਹੈ। ਹਾਲਾਂਕਿ ਦੋਵਾਂ ਧਿਰਾਂ ’ਚ ਵਿਵਾਦ ਕੋਈ ਨਵਾਂ ਨਹੀਂ ਪਰ ਤਾਜਾ ਬੋਲ ਬੁਲਾਰੇ ਨੂੰ ਦੋਨਾਂ ਵੱਲੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਿਧਾਨ ਸਭਾ ਹਲਕਾ ਰਾਮਪੁਰਾ ’ਚ ਆਪਣੇ ਸਿਆਸੀ ਪੈਰ ਜਮਾਉਣ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਸਾਲ 2002 ਤੋਂ ਪਹਿਲਾਂ ਦੋਵੇਂ ਆਗੂ ਅਕਾਲੀ ਦਲ ’ਚ ਹੋਇਆ ਕਰਦੇ ਸਨ। ਇਸੇ ਸਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੋਵਾਂ ਵਿਚਕਾਰ ਕਿਸੇ ਮਾਮਲੇ ਨੂੰ ਲੈਕੇ ਤਰੇੜ ਪੈ ਗਈ। ਇਸ ਮੌਕੇ ਹੋਈਆਂ ਵਿਧਾਨ ਸਭਾ ਚੋਣਾਂ ਮੌਕੇ ਕਾਂਗੜ ਨੇ ਮਲੂਕਾ ਖਿਲਾਫ ਅਜ਼ਾਦ ਝੰਡਾ ਚੁੱਕ ਲਿਆ ਅਤੇ ਜਿੱਤ ਪ੍ਰਾਪਤ ਕੀਤੀ। ਵਿਧਾਨ ਸਭਾ ਚੋਣਾਂ ’ਚ ਕੈਪਟਨ ਸਰਕਾਰ ਬਣ ਗਈ ਅਤੇ ਕਾਂਗੜ ਕਾਂਗਰਸ ’ਚ ਸ਼ਾਮਲ ਹੋ ਗਏ।
ਉਸ ਤੋਂ ਬਾਅਦ ਕਾਂਗੜ ਨੇ ਮਲੂਕਾ ਨੂੰ 2007 ਅਤੇ 2017 ’ਚ ਦੋ ਵਾਰ ਹਰਾਇਆ ਹੈ ਜਦੋਂਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਮੌਕੇ ਦੋਵੇੇਂ ਹੀ ਆਮ ਆਦਮੀ ਪਾਰਟੀ ਦੀ ਹਨੇਰੀ ’ਚ ਉੱਡ ਗਏ ਸਨ। ਉਸ ਤੋਂ ਬਾਅਦ ਵੀ ਦੋਵਾਂ ਵਿਚਕਾਰ ਸਿਆਸੀ ਖੜਕਾ ਦੜਕਾ ਹੁੰਦਾ ਆ ਰਿਹਾ ਸੀ ਜੋਕਿ 2022 ਦੀਆਂ ਵਿਧਾਨ ਸਭਾ ਚੋਣਾਂ ਮਗਰੋਂ ਕਾਂਗੜ ਦੇ ਭਾਜਪਾ ਵਿੱਚ ਚਲੇ ਜਾਣ ਤੇ ਕੁੱਝ ਮੱਠਾ ਪੈ ਗਿਆ ਸੀ। ਕਾਂਗਰਸ ’ਚ ਵਾਪਿਸੀ ਉਪਰੰਤ ਹੁਣ ਦੋਵਾਂ ਆਗੂਆਂ ਵਿਚਕਾਰ ਇੱਕ ਵਾਰ ਫਿਰ ਤੋਂ ਸਿਆਸੀ ਲੜਾਈ ਛਿੜ ਗਈ ਹੈ। ਜਾਣਕਾਰੀ ਅਨੁਸਾਰ ਮਾਮਲਾ ਪਿਛਲੇ ਦਿਨੀ ਮਲੂਕਾ ਵੱਲੋਂ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਤੋਂ ਪਿੱਛੋਂ ਵਿਗੜਿਆ ਹੈ ਜਿਸ ’ਚ ਮਲੂਕਾ ਨੇ ਕਾਂਗੜ ਦੇ ਬਾਰ-ਬਾਰ ਪਾਰਟੀਆਂ ਬਦਲਣ ਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਸਨ।
ਇੰਨ੍ਹਾਂ ਦੇ ਜਵਾਬ ਵਿੱਚ ਕਾਂਗੜ ਨੇ ਵੀ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੌਰਾਨ ਦੋਸ਼ ਲਾਏ ਸਨ ਕਿ ਮਲੂਕਾ ਭਾਜਪਾ ਵਿੱਚ ਸ਼ਾਮਲ ਹੋਣ ਲਈ ਕਈ ਹਫਤੇ ਦਿੱਲੀ ਵਿੱਚ ਬੈਠੇ ਰਹੇ ਸਨ। ਕਾਂਗੜ ਨੇ ਇਹ ਵੀ ਕਿਹਾ ਸੀ ਕਿ ਮਲੂਕਾ ਨੇ ਭਾਜਪਾ ਤੋਂ ਗਵਰਨਰੀ ਦੀ ਮੰਗ ਕੀਤੀ ਸੀ ਜਿਸ ਕਾਰਨ ਉਹਨਾਂ ਨੂੰ ਬੀਜੇਪੀ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਕਾਂਗੜ ਨੇ ਮਲੂਕਾ ਦੀ ਸਿੱਖਿਆ ਬਾਰੇ ਵੀ ਕੱੁਝ ਗਲਤ ਟਿੱਪਣੀਆਂ ਕੀਤੀਆਂ ਜਿੰਨ੍ਹਾਂ ਵਿੱਚ ਅੰਗਰੇਜ਼ੀ ਭਾਸ਼ਾ ਵਿੱਚ ਦਸਤਖਤ ਨਾਂ ਕਰ ਸਕਣ ਵਰਗੀ ਗੱਲ ਵੀ ਸ਼ਾਮਲ ਸੀ। ਮਲੂਕਾ ਨੇ ਕਿਹਾ ਕਿ ਕਾਂਗੜ ਨੇ ਹਮੇਸ਼ਾ ਝੂਠ ਦੀ ਰਾਜਨੀਤੀ ਕੀਤੀ ਹੈ । ਉਨ੍ਹਾਂ ਕਿਹਾ ਕਿ ਜੇਕਰ ਕਾਂਗੜ ਕੋਲ ਕੋਈ ਠੋਸ ਸਬੂਤ ਹਨ ਤਾਂ ਉਹ ਪੇਸ਼ ਕਰੇ ਨਹੀਂ ਤਾਂ ਜਨਤਕ ਤੌਰ ਤੇ ਮਾਫੀ ਮੰਗੇ। ਉਨ੍ਹਾਂ ਕਿਹਾ ਕਿ ਅਜਿਹਾ ਨਾਂ ਕਰਨ ਦੀ ਸੂਰਤ ’ਚ ਕਾਂਗੜ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਜਾਵੇਗਾ।