ਅਸ਼ੋਕ ਵਰਮਾ, ਬਠਿੰਡਾ,31 ਅਕਤੂਬਰ 2023
ਬੀਤੇ ਸ਼ਨਿਚਰਵਾਰ ਮਾਲ ਰੋਡ ’ਤੇ ਵਪਾਰੀ ਹਰਜਿੰਦਰ ਸਿੰਘ ਜੌਹਲ ਉਰਫ ਮੇਲਾ ਦੇ ਕਤਲ ਦੀ ਜਿੰਮੇਵਾਰੀ ਵਿਦੇਸ਼ ’ਚ ਬੈਠੇ ਗੈਂਗਸਟਰ ਅਰਸ਼ ਡਾਲਾ ਵੱਲੋਂ ਜਿੰਮੇਵਾਰੀ ਲੈਣ ਉਪਰੰਤ ਮਾਮਲੇ ’ਚ ਨਵਾਂ ਮੋੜ ਆਉਂਦਾ ਦਿਖਾਈ ਦੇ ਰਿਹਾ ਹੈ। ਅਰਸ਼ ਡਾਲਾ ਵੱਲੋਂ ਇਸ ਸਬੰਧ ਵਿੱਚ ਸੋਸ਼ਲ ਮੀਡੀਆ ਤੇ ਪੋਸਟ ਪਾਉਣ ਦੀ ਗੱਲ ਸਾਹਮਣੇ ਆ ਰਹੀ ਹੈ ਜਿਸ ’ਚ ਇਸ ਕਤਲ ਦਾ ਕਾਰਨ ਮਲਟੀਸਟੋਰੀ ਪਾਰਕਿੰਗ ਦਾ ਵਿਵਾਦ ਦੱਸਿਆ ਗਿਆ ਹੈ। ਦੂਜੇ ਪਾਸੇ ਇਹ ਤੱਥ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ਦੇ ਸਮਾਜਸੇਵੀ ਆਗੂ ਨੇ ਪੋਸਟ ਦੇ ਹਵਾਲੇ ਨਾਲ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਪੁਲਿਸ ਦੀ ਕਾਰਗੁਜ਼ਾਰੀ ਨੂੰ ਹੀ ਕਟਹਿਰੇ ’ਚ ਖੜ੍ਹਾ ਕਰਦਿਆਂ ਕੇਂਦਰ ਸਰਕਾਰ ਦੇ ਦਖਲ ਦੀ ਮੰਗ ਕਰ ਦਿੱਤੀ ਹੈ।
ਸ਼ਹਿਰ ਵਾਸੀਆਂ ਦੇ ਸੰਘੋਂ ਵੀ ਇਹ ਗੱਲ ਥੱਲੇ ਨਹੀਂ ਉੱਤਰ ਰਹੀ ਹੈ ਕਿ ਕਤਲ ਪਿੱਛੇ ਪਾਰਕਿੰਗ ਦਾ ਮੁੱਦਾ ਹੋ ਸਕਦਾ ਹੈ । ਲੋਕ ਆਖਦੇ ਹਨ ਕਿ ਜੇਕਰ ਸੱਚਮੁੱਚ ਇਹ ਗੱਲ ਹੁੰਦੀ ਤਾਂ ਅਰਸ਼ ਡਾਲਾ ਨੇ ਕਿਸੇ ਦਾ ਨਾਮ ਲੈਕੇ ਉਸ ਨੂੰ ਫਸਾਉਣਾ ਥੋਹੜੇ ਸੀ ਜਦੋਂਕਿ ਜਿੰਮੇਵਾਰੀ ਤਾਂ ਉੱਜ ਵੀ ਲਈ ਜਾ ਸਕਦੀ ਸੀ। ਸ਼ਹਿਰ ਵਾਸੀਆਂ ਨੇ ਵੀ ਪੁਲਿਸ ਤੇ ਸੂਈ ਟਿਕਾਈ ਹੈ ਜੋ ਕਰੀਬ ਢਾਈ ਦਿਨ ਬਾਅਦ ਵੀ ਕਤਲ ਦੀ ਉੱਘ ਸੁੱਘ ਨਹੀਂ ਲਾ ਸਕੀ ਹੈ।ਹਾਲਾਂਕਿ ਪੁਲਿਸ ਵੱਖ ਵੱਖ ਯੂਟਿਉਬ ਚੈਨਲਾਂ ਵੱਲੋਂ ਦਿਖਾਈ ਜਾ ਰਹੀ ਪੋਸਟ ਨੂੰ ਕਾਫੀ ਹੱਦ ਤੱਕ ਫਰਜ਼ੀ ਹੀ ਮੰਨ ਕੇ ਚੱਲ ਰਹੀ ਹੈ ਫਿਰ ਵੀ ਅਧਿਕਾਰੀਆਂ ਨੂੰ ਇਹ ਨਵਾਂ ਪਹਿਲੂ ਸਾਹਮਣੇ ਆਉਣ ਨੇ ਚੱਕਰਾਂ ’ਚ ਪਾ ਦਿੱਤਾ ਹੈ ਜੋ ਸ਼ੁਰੂਆਤੀ ਦੌਰ ’ਚ ਇਸ ਕਤਲ ਦੀ ਗੁੱਥਂ ਸੁਲਝਾਉਣ ਨੂੰ ਖੱਬੇ ਹੱਥ ਦੀ ਖੇਡ੍ਹ ਮੰਨ ਕੇ ਚੱਲ ਰਹੇ ਸਨ।
ਇਸ ਦੇ ਬਾਵਜੂਦ ਪੁਲਿਸ ਅਧਿਕਾਰੀ ਆਖਦੇ ਹਨ ਕਿ ਇਸ ਮਾਮਲੇ ਦੀ ਵੱਖ ਵੱਖ ਪਹਿਲੂਆਂ ਤੋਂ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਕੋਈ ਨਤੀਜਾ ਸਾਹਮਣੇ ਆਉਣ ਦੀ ਉਮੀਦ ਹੈ। ਉਂਜ ਕਰੀਬ 70 ਘੰਟੇ ਦਾ ਸਮਾਂ ਲੰਘਣ ਦੇ ਬਾਵਜੂਦ ਪੁਲਿਸ ਦੇ ਹੱਥ ਖਾਲੀ ਹਨ। ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਗੈਂਗਸਟਰ ਡਾਲਾ ਨੇ ਫੇਸਬੁੱਕ ਪੋਸਟ ’ਚ ਲਿਖਿਆ ਹੈ ਕਿ ਪਿਛਲੇ ਦਿਨੀਂ ਮਾਲ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਮੇਲਾ ਦਾ ਕਤਲ ਕਰ ਦਿੱਤਾ ਗਿਆ ਸੀ ਮੈਂ ਇਸ ਕਤਲ ਦੀ ਪੂਰੀ ਜ਼ਿੰਮੇਵਾਰੀ ਲਈ ਹੈ। ਗੈਂਗਸਟਰ ਡੱਲਾ ਨੇ ਲਿਖਿਆ ਹੈ ਕਿ ਮੇਲਾ ਨਾਲ ਉਨ੍ਹਾਂ ਦਾ ਮਲਟੀ ਸਟੋਰੀ ਪਾਰਕਿੰਗ ਦੇ ਠੇਕੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਉਸ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਕਿ ਉਹ ਉਨ੍ਹਾਂ ਦੇ ਕੰਮ ਵਿਚ ਦਖ਼ਲ ਨਾ ਦੇਵੇ ਪਰ ਉਹ ਸਮਝਣ ਨੂੰ ਤਿਆਰ ਨਹੀਂ ਸੀ ਜਿਸ ਕਾਰਨ ਉਸ ਨੇ ਹੱਤਿਆ ਕਰਵਾਈ ਹੈ।
ਦੱਸਣਯੋਗ ਹੈ ਕਿ ਲੰਘੇ ਸ਼ਨੀਵਾਰ ਹਰਮਨ ਅੰਮ੍ਰਿਤਸਰੀ ਕੁਲਚਾ ਸ਼ਾਪ ਦੇ ਮਾਲਕ ਹਰਜਿੰਦਰ ਸਿੰਘ ਜੌਹਲ ਉਰਫ ਮੇਲਾ ਮਾਲ ਰੋਡ ਦੇ ਸ਼ੁਰੂ ਵਿੱਚ ਸਥਿਤ ਆਪਣੇ ਰੈਸਟੋਰੈਂਟ ਦੇ ਬਾਹਰ ਆਮ ਵਾਂਗ ਬੈਠੇ ਹੋਏ ਸਨ। ਇਸੇ ਦੌਰਾਨ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਹਰਜਿੰਦਰ ਸਿੰਘ ਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੁਕਾਨ ਤੇ ਕੰਮ ਕਰਨ ਵਾਲਿਆਂ ਨੇ ਪਹਿਲਾਂ ਤਾਂ ਇਸ ਨੂੰ ਪਟਾਕੇ ਦੀ ਅਵਾਜ਼ ਸਮਝਿਆ ਪਰ ਮੇਲਾ ਨੂੰ ਦੇਖਦਿਆਂ ੳਹ ਭੱਜ ਕੇ ਗਏ ਅਤੇ ਸੰਭਾਲਣ ਦੀ ਕੋਸ਼ਿਸ਼ ਕੀਤੀ। ਗੰਭੀਰ ਜਖਮੀ ਮੇਲਾ ਨੂੰ 5-6 ਗੋਲੀਆਂ ਲੱਗੀਆਂ ਦੱਸੀਆਂ ਗਈਆਂ ਹਨ। ਇਸ ਮੌਕੇ ਹਰਜਿੰਦਰ ਸਿੰਘ ਨੂੰ ਪਹਿਲਾਂ ਸਿਵਲ ਹਸਪਤਾਲ ਲਿਆਂਦਾ ਜਿੱਥੋਂ ਉਸ ਨੂੰ ਪ੍ਰਾਈਵੇਟ ਹਸਪਤਾਲ ਰੈਫਰ ਕਰ ਦਿੱਤਾ। ਇਸ ਮੌਕੇ ਜਖਮਾਂ ਦੀ ਤਾਬ ਨਾਂ ਝੱਲਦਿਆਂ ਹਰਜਿੰਦਰ ਸਿੰਘ ਦੀ ਮੌਤ ਹੋ ਗਈ।
ਮਾਮਲਾ ਭਟਕਾਉਣ ਦੀ ਕੋਸ਼ਿਸ਼
ਓਧਰ ਸਮਾਜਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਇਸ ਕਤਲ ਮਾਮਲੇ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਰਸ਼ ਡਾਲਾ ਵੱਲੋਂ ਜੋ ਕੁੱਝ ਕਿਹਾ ਜਾਂ ਅਖਵਾਇਆ ਗਿਆ ਉਹ ਇੱਕ ਤਰਾਂ ਨਾਲ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਜੇਕਰ ਅਰਸ਼ ਡਾਲਾ ਸੱਚਮੁੱਚ ਪਾਰਕਿੰਗ ਦੇ ਹੱਕ ਵਿੱਚ ਹੁੰਦਾ ਤਾਂ ਕੀ ਉਸ ਨੇ ਪਾਰਕਿੰਗ ਚਲਾਉਣ ਵਾਲਿਆਂ ਦਾ ਇਸ ਤਰਾਂ ਨਾਮ ਲੈਣਾ ਸੀ। ਉਨ੍ਹਾਂ ਕਿਹਾ ਕਿ ਇਸ ਤਰਾਂ ਤਾਂ ਠੇਕੇਦਾਰ ਖਿਲਾਫ ਪੁਲਿਸ ਕਾਰਵਾਈ ਹੋ ਸਕਦੀ ਹੈ। ਉਨ੍ਹਾਂ ਸ਼ੱਕ ਜਤਾਇਆ ਕਿ ਇਸ ਕਤਲ ਪਿੱਛੇ ਕਿਸੇ ਰਸੂਖਵਾਨ ਦਾ ਹੱਥ ਹੈ ਜਿਸ ਦੀ ਉੱਪਰ ਤੱਕ ਪਹੁੰਚ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਬਚਾਉਣ ਲਈ ਅਸਲ ਕਾਤਲ ਫੜੇ ਨਹੀਂ ਜਾ ਰਹੇ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਹਰਜਿੰਦਰ ਸਿੰਘ ਮੇਲਾ ਦੇ ਕਤਲ ਦੀ ਜਾਂਚ ਆਪਣੇ ਹੱਥ ਵਿੱਚ ਲਵੇ ਤਾਂ ਜੋ ਅਸਲ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ।
ਫਰਜ਼ੀ ਜਾਪਦੀ ਹੈ ਪੋਸਟ:ਐਸਐਸਪੀ
ਸੀਨੀਅਰ ਪੁਲਿਸ ਕਪਤਾਨ ਬਠਿੰੰਡਾ ਗੁਲਨੀਤ ਸਿੰਘ ਖੁਰਾਣਾ ਦਾ ਕਹਿਣਾ ਸੀ ਕਿ ਅਰਸ਼ ਡਾਲਾ ਦੀ ਜੋ ਪੋਸਟ ਸਾਹਮਣੇ ਆਈ ਹੈ ਉਹ ਫਰਜ਼ੀ ਜਾਪਦੀ ਹੈ। ਉਨ੍ਹਾਂ ਕਿਹਾ ਕਿ ਫੇਸਬੁੱਕ ਤੇ ਇਸ ਦੀ ਤਲਾਸ਼ ਵੀ ਕੀਤੀ ਗਈ ਸੀ ਪਰ ਕਿਧਰੇ ਨਜ਼ਰ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਸੋਨੂੰ ਮਹੇਸ਼ਵਰੀ ਨੇ ਪੁਲਿਸ ਤੇ ਉਂਗਲ ਨਹੀਂ ਉਠਾਈ ਹੈ ਬਲਕਿ ਉਨ੍ਹਾਂ ਆਪਣੀ ਵੀਡੀਓ ’ਚ ਕਿਸੇ ਹੋਰ ਵਿਅਕਤੀ ਵੱਲ ਇਸ਼ਾਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਪੁਲਿਸ ਇਸ ਪੋਸਟ ਦੇ ਸਹੀ ਜਾਂ ਫਰਜ਼ੀ ਹੋਣ ਸਮੇਤ ਹਰਜਿੰਦਰ ਸਿੰਘ ਨੂੰ ਕਤਲ ਕਰ ਦੇਣ ਦੇ ਮਾਮਲੇ ਦੀ ਪੂਰੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।