ਅਸ਼ੋਕ ਵਰਮਾ,ਚੰਡੀਗੜ੍ਹ-ਬਠਿੰਡਾ 27 ਅਕਤੂਬਰ 2023
‘ਸਿਟੀ ਬਿਊਟੀਫੁੱਲ’ ਵਜੋਂ ਜਾਣੇ ਜਾਂਦੇ ਚੰਡੀਗੜ੍ਹ ਦੀ ਟਰੈਫ਼ਿਕ ਪੁਲੀਸ ਨੇ ਆਵਾਜਾਈ ਦੇ ਨਿਯਮ ਭੰਗ ਕਰਨ ਵਾਲੇ ਸੁੱਕੇ ਨਹੀਂ ਜਾਣ ਦਿੱਤੇ ਹਨ। ਇੱਥੇ ਹੀ ਬੱਸ ਨਹੀਂ ਇਹ ਟਰੈਫਿਕ ਪੁਲਿਸ ਸਰਕਾਰੀ ਖਜਾਨੇ ਲਈ ਕਮਾਊ ਪੁੱਤ ਬਣੀ ਹੋਈ ਨਜ਼ਰ ਆ ਰਹੀ ਹੈ। ਲੰਘੇ ਪੌਣੇ 8 ਸਾਲ ਦੇ ਅੰਕੜਿਆਂ ਤੇ ਗੌਰ ਕਰੀਏ ਤਾਂ ਇਹ ਤੱਥ ਮੁੱਢੋਂ ਸੱਚ ਜਾਪਦੇ ਹਨ। ਆਵਾਜਾਈ ਦੇ ਨਿਯਮਾਂ ਨੂੰ ਭੰਗ ਕਰਨ ਦੇ ਰੁਝਾਨ ਕਰਕੇ ਚੰਡੀਗੜ੍ਹ ਟਰੈਫ਼ਿਕ ਪੁਲੀਸ ਨੇ ਵਾਹਨ ਚਾਲਕਾਂ ਨੂੰ ਨਿਯਮਾਂ ਦੀ ਪਾਲਣਾ ਦਾ ਪਾਠ ਸਖ਼ਤੀ ਨਾਲ ਪੜ੍ਹਾਇਆ ਹੈ। ਸੂਚਨਾ ਦੇ ਅਧਿਕਾਰ ਐਕਟ ਨੇ ਜਿੰਨ੍ਹਾਂ ਤੱਥਾਂ ਤੋਂ ਪਰਦਾ ਚੁੱਕਿਆ ਹੈ ਉਹ ਕਾਫੀ ਹੈਰਾਨ ਕਰ ਦੇਣ ਵਾਲੇ ਹਨ।
ਗਾਹਕ ਜਾਗੋ ਸੰਸਥਾ ਬਠਿੰਡਾ ਦੇ ਜਰਨਲ ਸਕੱਤਰ ਸੰਜੀਵ ਗੋਇਲ ਵੱਲੋਂ ਚੰਡੀਗੜ੍ਹ ਟਰੈਫਿਕ ਪੁਲਿਸ ਤੋਂ ਹਾਸਲ ਕੀਤੇ ਵੇਰਵੇ ਮੀਡੀਆ ਨੂੰ ਜਾਰੀ ਕਰਦਿਆਂ ਖੁਦ ਇੰਨ੍ਹਾਂ ਤੱਥਾਂ ਤੇ ਹੈਰਾਨੀ ਪ੍ਰਗਟ ਕੀਤੀ ਹੈ। ਸੂਚਨਾ ਮੁਤਾਬਕ ਸਾਲ 2015 ਤੋਂ ਬਾਅਦ ਚੰਡੀਗੜ੍ਹ ਟਰੈਫਿਕ ਪੁਲਿਸ ਨੇ 29 ਲੱਖ 1 ਹਜ਼ਾਰ 6 ਸੌ ਚਲਾਨ ਕੱਟੇ ਹਨ ਜਿੰਨ੍ਹਾਂ ਦੀ ਪ੍ਰਤੀ ਸਾਲ ਔਸਤ ਸਾਢੇ ਤਿੰਨ ਲੱਖ ਚਲਾਨ ਬਣਦੀ ਹੈ ਜੋਕਿ ਰਿਕਾਰਡ ਹੈ । ਇਹੋ ਹੀ ਨਹੀਂ ਇਸ ਅਰਸੇ ਦਰਮਿਆਨ ਟਰੈਫਿਕ ਪੁਲਿਸ ਨੇ 47,662 ਤੋਂ ਜਿਆਦਾ ਗੱਡੀਆਂ ਬੰਦ ਕੀਤੀਆਂ ਹਨ। ਸਾਲ 2023 ਦੇ ਸਤੰਬਰ ਮਹੀਨੇ ਤੱਕ ਦੇ ਨੌ ਮਹੀਨਿਆਂ ਦੌਰਾਨ ਟਰੈਫਿਕ ਪੁਲਿਸ ਨੇ 6 ਲੱਖ 88 ਹਜ਼ਾਰ 301 ਚਲਾਨ ਕੀਤੇ ਹਨ ।
ਇਸ ਤੋਂ ਪਹਿਲੇ ਸਾਲ 2022 ’ਚ ਇਹ ਅੰਕੜਾ6 ਲੱਖ 2 ਹਜ਼ਾਰ 454 ਚਲਾਨ ਦਾ ਰਿਹਾ ਜੋਕਿ ਸਾਲ 2021 ਦੇ ਮੁਕਾਬਲੇ ਤਿੰਨ ਗੁਣਾ ਹੈ। ਇਸ ਤੋਂ ਜਾਹਿਰ ਹੈ ਕਿ ਜਦੋਂ ਤੋਂ ਚੰਡੀਗੜ੍ਹ ਵਿੱਚ ਈ ਚਲਾਨ ਸਿਸਟਮ ਲਾਗੂ ਕੀਤਾ ਗਿਆ ਹੈ ਉਦੋਂ ਤਾਂ ਇੱਥੋਂ ਦੀ ਟਰੈਫਿਕ ਪੁਲਿਸ ਨੇ ਸਰਕਾਰੀ ਖਜ਼ਾਨਾ ਉੱਛਲਣ ਲਾ ਦਿੱਤਾ ਹੈ। ਚੰਡੀਗੜ੍ਹ ਵਿੱਚ ਈਚਲਾਨ ਕਰਨ ਦੀ ਪ੍ਰਕਿਰਿਆ 9 ਅਗਸਤ 2018 ਨੂੰ ਲਾਗੂ ਕੀਤੀ ਗਈ ਸੀ ਜਿਸ ਤਹਿਤ 787 ਕੈਮਰੇ ਲਾਏ ਗਏ ਹਨ। ਟਰੈਫਿਕ ਪੁਲਿਸ ਵੱਲੋਂ ਆਨਲਾਈਨ ਢੰਗ ਨਾਲ ਕੀਤੇ ਚਲਾਨਾਂ ਦੀ ਗਿਣਤੀ 21 ਲੱਖ 80 ਹਜ਼ਾਰ 958 ਹੈ ਜੋ ਕੁੱਲ ਗਿਣਤੀ ਨਾਲੋਂ ਸਿਰਫ 8 ਕੁੱ ਲੱਖ ਘੱਟ ਹੈ।
ਮਹੱਤਵਪੂਰਨ ਤੱਥ ਇਹ ਵੀ ਹੈ ਕਿ ਹੁਣ ਟਰੈਫਿਕ ਪੁਲਿਸ ਦੇ ਮੁਲਾਜਮਾਂ ਨੂੰ ਸੜਕਾਂ ਤੇ ਧੂੜ ਨਹੀਂ ਫੱਕਣੀ ਪੈਂਦੀ ਬਲਕਿ ਚੰਡੀਗੜ੍ਹ ਪੁਲਿਸ ਪ੍ਰਸ਼ਾਸ਼ਨ ਦੀ ਤੀਸਰੀ ਅੱਖ ਆਪਣੇ ਆਪ ਹੀ ਦਿਨ ਰਾਤ ,ਧੁੱਪ ਛਾਂ ਅਤੇ ਮੀਂਹ ਹਨੇਰੀ ਦੇ ਮੌਸਮ ਦੌਰਾਨ ਵੀ ਨੋਟ ਛਾਪਦੀ ਰਹਿੰਦੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਇਸ ਤੋਂ ਪਹਿਲਾਂ ਵਾਲੇ ਅਰਸੇ ਦੌਰਾਨ ਪੁਲਿਸ ਵਿਹਲੀ ਬੈਠੀ ਰਹਿੰਦੀ ਸੀ ਚਲਾਨ ਕੱਟੇ ਜਾਂਦੇ ਸਨ ਪਰ ਇੰਨ੍ਹਾਂ ਦੀ ਗਿਣਤੀ ਘੱਟ ਸੀ। ਸੂਚਨਾ ਅਨੁਸਾਰ ਸਾਲ 2021 ਦੇ ਆਖ਼ਰੀ ਦਿਨ ਤੱਕ ਵੀ ਚਲਾਨ ਕੱਟਣ ਵਿੱਚ ਜੁਟੀ ਰਹੀ ਟਰੈਫ਼ਿਕ ਪੁਲੀਸ ਨੇ 2 ਲੱਖ 32 ਹਜ਼ਾਰ 319 ਚਲਾਨ ਕੱਟੇ ਸਨ।ਸਾਲ 2020 ਦੌਰਾਨ ਇਹ ਅੰਕੜਾ 1ਲੱਖ 76 ਹਜ਼ਾਰ 619 ਦਾ ਰਿਹਾ ਹੈ।
ਇਸ ਮਾਮਲੇ ਦਾ ਅਹਿਮ ਪਹਿਲੂ ਇਹ ਵੀ ਸਾਹਮਣੇ ਆਇਆ ਹੈ ਜਿਸ ਮੁਤਾਬਕ ਚੰਡੀਗੜ੍ਹ ਟਰੈਫਿਕ ਪੁਲਿਸ ਸਿਆਸੀ ਪ੍ਰਭਾਵ ਤੋਂ ਮੁਕਤ ਦਿਖਾਈ ਦੇ ਰਹੀ ਹੈ। ਦੱਸਣਯੋਗ ਹੈ ਕਿ ਸਾਲ 2018 ਅਤੇ ਸਾਲ 2019 ਲੋਕ ਸਭਾ ਚੋਣਾਂ ਲਈ ਚੋਣ ਵਰ੍ਹੇ ਸਨ ਇਸ ਦੇ ਬਾਵਜੂਦ ਇਸ ਸ਼ਹਿਰ ਦੀ ਟਰੈਫਿਕ ਪੁਲਿਸ ਨੇ ਕ੍ਰਮਵਾਰ 2 ਲੱਖ 11ਹਜ਼ਾਰ 411 ਅਤੇ 2 ਲੱਖ 69 ਹਜ਼ਾਰ 854 ਚਲਾਨ ਕੱਟੇ ਸਨ। ਸੂਚਨਾ ਅਨੁਸਾਰ ਸਾਲ 2017 ਦੌਰਾਨ ਚੰਡੀਗੜ੍ਹ ਟਰੈਫਿਕ ਪੁਲਿਸ ਨੇ 1 ਲੱ34 ਹਜ਼ਾਰ 819 ਚਲਾਨ ਕੱਟੇ ਸਨ ਜਦੋਂਕਿ ਸਾਲ 2016 ਦੌਰਾਨ ਇਹ ਗਿਣਤੀ 2 ਲੱਖ 62 ਹਜ਼ਾਰ 631 ਅਤੇ ਸਾਲ 2015 ਵਿੱਚ ਇਹ ਅੰਕੜਾ 3 ਲੱਖ 23 ਹਜ਼ਾਰ 592 ਚਲਾਨਾਂ ਦਾ ਰਿਹਾ ਹੈ।
ਈ ਚਲਾਨ ਨੇ ਫੇਰਿਆ ਰਗੜਾ
ਚੰਡੀਗੜ੍ਹ ਵਿਚਲੇ ਅਹਿਮ ਸੂਤਰਾਂ ਨੇ ਦੱਸਿਆ ਕਿ ਪਹਿਲਾਂ ਆਵਾਜ਼ਾਈ ਦੇ ਮਾਮਲੇ ’ਚ ਮਾੜੀ ਮੋਟੀ ਗਲ੍ਹਤੀ ਹੋ ਜਾਣ ਦੇ ਬਾਵਜੂਦ ਕਈ ਵਾਰ ਬੱਚਤ ਰਹਿ ਜਾਂਦੀ ਸੀ ਜਿਸ ਨੂੰ ਈਚਲਾਨ ਪ੍ਰਣਾਲੀ ਨੇ ਖਤਮ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਸ ਦੌਰ ਦੌਰਾਨ ਲੋਕ ਚਲਾਨ ਤੋਂ ਬਚਣ ਲਈ ਕਥਿਤ ‘ਸੈਟਿੰਗ’ ਕਰ ਲੈਂਦੇ ਸਨ ਜੋ ਹੁਣ ਸੰਭਵ ਨਹੀਂ ਰਹਿ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਹੁਣ ਤਾਂ ‘ਸਾਵਧਾਨੀ ਹਟੀ ਦੁਰਘਟਨਾ ਘਟੀ’ ਵਾਲੀ ਕਹਾਣੀ ਹੈ ਜਿਸ ਨੇ ਆਮ ਲੋਕ ਤਾਂ ਰਗੜੇ ਹੀ ਹਨ ਬਲਕਿ ਕੁੱਝ ਅਜਿਹੇ ਪੁਲਿਸ ਮੁਲਾਜਮਾਂ ਨੂੰ ਵੀ ਰਗੜਾ ਲੱਗਿਆ ਹੈ ਜਿੰਨ੍ਹਾਂ ਦੀ ‘ਕਥਿਤ ਉੱਪਰਲੀ ਕਮਾਈ’ ਖਤਮ ਹੋ ਗਈ ਹੈ।
ਲੋਕ ਵਕਤ ਵਿਚਾਰਨ:ਸੰਜੀਵ ਗੋਇਲ
ਗਾਹਕ ਜਾਗੋ ਸੰਸਥਾ ਦੇ ਜਰਨਲ ਸਕੱਤਰ ਸੰਜੀਵ ਗੋਇਲ ਦਾ ਕਹਿਣਾ ਸੀ ਕਿ ਜੇਕਰ ਚੰਡੀਗੜ੍ਹ ਟਰੈਫਿਕ ਪੁਲਿਸ ਕਾਨੂੰਨਾਂ ਦੀ ਪਾਲਣਾ ਕਰਨ ਦੇ ਮਾਮਲੇ ’ਚ ਸਖਤੀ ਨਾਂ ਦਿਖਾਏ ਤਾਂ ਇਸ ਸ਼ਹਿਰ ਵਿੱਚ ਲੰਘਣਾ ਔਖਾ ਹੋ ਜਾਣਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਤਾਂ ਚੰਡੀਗੜ੍ਹ ਪੁਲਿਸ ਨੇ ਸਿਆਸੀ ਪ੍ਰਭਾਵ ਵਾਲੇ ਲੋਕਾਂ ਅਤੇ ਮੰਤਰੀਆਂ ਤੱਕ ਨੂੰ ਨਹੀਂ ਬਖਸ਼ਿਆ ਹੈ। ਉਨ੍ਹਾਂ ਕਿਹਾ ਕਿ ਕਿੰਨੀ ਹੈਰਾਨੀ ਵਾਲੀ ਗੱਲ ਹੈ ਲੋਕ ਹਜ਼ਾਰਾਂ ਰੁਪਏ ਚਲਾਨ ਵਜੋਂ ਤਾਂ ਭਰ ਦਿੰਦੇ ਹਨ ਪਰ ਕਾਨੂੰਨਾਂ ਨੂੰ ਟਿੱਚ ਜਾਨਣੋਂ ਨਹੀਂ ਹਟਦੇ। ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਨਸੀਹਤ ਦਿੰਦਿਆਂ ਉਨ੍ਹਾਂ ਕਿਹਾ ਕਿ ਕਾਨੂੰਨ ਮੰਨੇ ਜਾਣ ਤਾਂ ਚਲਾਨ ਦੀ ਨੌਬਤ ਹੀ ਨਹੀਂ ਆਉਣੀ ਹੈ।