ਅਸ਼ੋਕ ਵਰਮਾ,ਬਠਿੰਡਾ ,19 ਅਕਤੂਬਰ 2023
ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਕੇਂਦਰ ਸਰਕਾਰ ਵੱਲੋਂ ਹਾੜ੍ਹੀ ਦੀਆਂ ਫ਼ਸਲਾਂ ਦੇ ਭਾਅ ਵਿੱਚ ਕੀਤੇ ਵਾਧੇ ਨੂੰ ਨਿਗੂਣਾ ਦੱਸਦਿਆਂ ਰੱਦ ਕਰ ਦਿੱਤਾ ਹੈ। ਕਿਸਾਨ ਆਗੂਆਂ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਖੇਤੀ ਜ਼ਮੀਨ ਦਾ ਠੇਕਾ ਮਾਲਵੇ ਵਿੱਚ ਪਿਛਲੇ ਸਾਲ 74 ਹਜ਼ਾਰ ਰੁਪਏ ਪ੍ਰਤੀ ਏਕੜ ਤੋਂ ਵਧ ਕੇ 80 ਹਜ਼ਾਰ ਰੁਪਏ ਪ੍ਰਤੀ ਏਕੜ, ਬਰਾਂਡਿਡ ਕੀੜੇਮਾਰ ਦਵਾਈ 6,600/ ਰੁਪਏ ਤੋਂ ਵਧ ਕੇ 7,300/- ਰੁਪਏ, 826 ਕਣਕ ਦੇ ਬੀਜ ਦਾ 20 ਕਿਲੋ ਦਾ ਥੈਲਾ ਥੋਕ ਵਿੱਚ 2000 ਰੁਪਏ ਅਤੇ ਕਿਸਾਨਾਂ ਨੂੰ 2200-2300 ਰੁਪਏ ਵਿੱਚ ਮਿਲੇਗਾ।
ਉਨ੍ਹਾਂ ਦੱਸਿਆ ਕਿ ਡੀਜ਼ਲ ਦੇ ਰੇਟ ਵਿੱਚ ਕੌਮਾਂਤਰੀ ਕੀਮਤਾਂ ਘਟਣ ਦੇ ਬਾਵਜੂਦ ਲੱਗਭੱਗ ਵੀਹ ਰੁਪਏ ਪ੍ਰਤੀ ਲੀਟਰ ਵਾਧਾ ਹੋ ਚੁੱਕਾ ਹੈ। ਇਸ ਤਰ੍ਹਾਂ ਠੇਕੇ ਦਾ ਰੇਟ 8% ਅਤੇ ਦਵਾਈਆਂ ਦਾ ਲੱਗਭੱਗ 11% ਵਧਿਆ ਹੈ। ਕਿਸਾਨਾਂ ਨੂੰ ਕਣਕ ਦੇ ਭਾਅ ਵਿੱਚ ਵਾਧਾ 2125/- ਤੋਂ ਵਧਾ ਕੇ 2275/- ਰੁਪਏ ਕੀਤਾ ਗਿਆ ਹੈ ਜੋ ਕਿ ਸਿਰਫ 7.06% ਬਣਦਾ ਹੈ। ਇਸ ਤਰਾਂ ਕਿਸਾਨ ਦੀ ਅਸਲ ਆਮਦਨ ਮਹਿੰਗਾਈ ਮੁਕਾਬਲੇ ਘਟ ਗਈ ਹੈ।ਇਸੇ ਤਰਾਂ ਜੌਂ ਦੇ ਭਾਅ ਵਿੱਚ ਵਾਧਾ 6.6%, ਸਰੋਂ ਦਾ ਵਾਧਾ 3.7%, ਛੋਲਿਆਂ ਦਾ 1.9%, ਮਸਰ ਦਾ 7.08% ਅਤੇ ਸੂਰਜਮੁਖੀ ਦਾ ਸਿਰਫ 2.65% ਬਣਦਾ ਹੈ।
ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਸੀ-2 ਸਮੇਤ ਸਾਰੇ ਖਰਚੇ ਜੋੜ ਕੇ 50% ਮੁਨਾਫ਼ੇ ਦੇ ਆਧਾਰ ਤੇ ਭਾਅ ਮੰਗ ਰਹੀਆਂ ਹਨ ਪਰ ਸਰਕਾਰ ਫ਼ਸਲਾਂ ਦੇ ਭਾਅ ਵਿੱਚ ਨਿਗੂਣੇ ਵਾਧੇ ਕਰਕੇ ਕਿਸਾਨਾਂ ਦੀ ਮੰਦਹਾਲੀ ਵਿੱਚ ਹੋਰ ਗੰਭੀਰ ਸੰਕਟ ਵਿੱਚ ਧਕੇਲ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸਾਰੀਆਂ ਫਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਦੇਵੇ ਅਤੇ ਉਸ ਭਾਅ ਅਨੁਸਾਰ ਸਾਰੀਆਂ ਫ਼ਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਕਰੇ। ਆਗੂਆਂ ਨੇ ਦੱਸਿਆ ਕਿ ਭਵਿੱਖ ਦੀ ਚੁਣੌਤੀਆਂ ਦੇ ਸਨਮੁੱਖ ਕਿਸਾਨ ਜੱਥੇਬੰਦੀਆਂ ਜਲਦੀ ਹੀ ਕੇਂਦਰ ਸਰਕਾਰ ਦੀਆਂ ਇਹਨਾਂ ਚੁਸਤ ਚਲਾਕੀਆਂ ਖ਼ਿਲਾਫ਼ ਨਿਰਣਾਇਕ ਘੋਲ ਸ਼ੁਰੂ ਕਰਨਗੀਆਂ।