ਸਰਕਲ ਰੈਵੇਨਿਊ ਅਫਸਰਾਂ ਨੂੰ ਰਿਕਵਰੀ ਕੰਮਾਂ ਵਿੱਚ ਤੇਜ਼ੀ ਲਿਆਉਣ ਦੀ ਹਿਦਾਇਤ
ਮੌਨਸੂਨ ਸੀਜ਼ਨ ਦੇ ਮੱਦੇਨਜ਼ਰ ਤਿਆਰੀਆਂ ਖਿੱਚੀਆਂ, 15 ਤੋਂ ਚਾਲੂ ਹੋ ਜਾਵੇਗਾ ਫਲੱਡ ਕੰਟਰੋਲ ਰੂਮ
ਕੁਲਵੰਤ ਗੋਇਲ / ਬੀਵਾਸ਼ੂੰ ਗੋਇਲ ਬਰਨਾਲਾ
ਕਰੋਨਾ ਵਾਇਰਸ ਵਿਰੁੱਧ ਜੰਗ ਜਿੱਤਣ ਲਈ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਹਿਤ ਦਾ ਆਗਾਜ਼ ਕੀਤਾ ਗਿਆ। ਇਸ ਦੌਰਾਨ ਪੜਾਅਵਾਰ ਅਨਲੌਕ ਸ਼ੁਰੂ ਹੋ ਗਿਆ ਹੈ, ਜਿਸ ਤਹਿਤ ਹੁਣ ਵਿਕਾਸ ਕਾਰਜਾਂ ਅਤੇ ਵਿਭਾਗੀ ਸਕੀਮਾਂ ਨੂੰ ਮੁੜ ਤੇਜ਼ੀ ਨਾਲ ਲੀਹੇ ਪਾਇਆ ਜਾਵੇ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਅੱਜ ਪੜਾਅਵਾਰ ਵੱਖ ਵੱਖ ਵਿਭਾਗੀ ਅਧਿਕਾਰੀਆਂ ਨਾਲ ਮਿਸ਼ਨ ਫਤਿਹ ਤਹਿਤ ਮੀਟਿੰਗਾਂ ਦੌਰਾਨ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ, ਸਹਾਇਕ ਜਨਰਲ ਸ੍ਰੀ ਅਸ਼ੋਕ ਕੁਮਾਰ, ਐਸਡੀਐਮ ਅਨਮੋਲ ਸਿੰਘ ਧਾਲੀਵਾਲ, ਜ਼ਿਲ੍ਹਾ ਮਾਲ ਅਫਸਰ ਗਗਨਦੀਪ ਸਿੰਘ ਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸੰਜੀਵ ਕੁਮਾਰ ਸ਼ਰਮਾ ਹਾਜ਼ਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਮਾਲ ਵਿਭਾਗ ਨਾਲ ਸਬੰਧਤ ਮਾਮਲਿਆਂ ਅਤੇ ਬਕਾਇਆ ਕੇਸਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਬਕਾਇਆ ਪਏ ਕੇਸਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨ ਅਤੇ ਸਰਕਲ ਰੈਵੇਨਿਊ ਅਫਸਰਾਂ ਨੂੰ ਰਿਕਵਰੀ ਕੰਮਾਂ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ।
ਸੇਵਾ ਕੇਂਦਰਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਆਖਿਆ ਕਿ ਸੇਵਾ ਕੇਂਦਰਾਂ ਵਿੱਚ ਸੇਵਾਵਾਂ ਚਾਲੂ ਹਨ। ਇਸ ਦੌਰਾਨ ਆਮ ਜਨਤਾ ਨੂੰ ਮਿੱਥੇ ਸਮੇਂ ਅੰਦਰ ਸੇਵਾਵਾਂ ਦਾ ਲਾਭ ਮੁਹੱਈਆ ਕਰਾਇਆ ਜਾਵੇ ਅਤੇ ਕੋਵਿਡ 19 ਸਬੰਧੀ ਸਾਵਧਾਨੀਆਂ ਦਾ ਵੀ ਖਿਆਲ ਰੱਖਿਆ ਜਾਵੇ।
ਆਗਾਮੀ ਮੌਨਸੂਨ ਸੀਜ਼ਨ ਦੇ ਮੱਦੇਨਜ਼ਰ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਆਦੇਸ਼ ਦਿੱਤੇ ਕਿ ਪਿੰਡਾਂ ਵਿਚ ਪੁਲੀਆਂ ਅਤੇ ਸੜਕਾਂ ਦੀ ਮੁਰੰਮਤ ’ਤੇ ਖਾਸ ਧਿਆਨ ਦਿੱਤਾ ਜਾਵੇ ਅਤੇ ਡਰੇਨੇਜ ਵਿਭਾਗ ਵੱਲੋਂ ਨਹਿਰਾਂ, ਖਾਲਿਆਂ ਦੀ ਸਾਫ-ਸਫਾਈ ਪੁਖਤਾ ਤਰੀਕੇ ਨਾਲ ਹੋਵੇ। ਇਸ ਮੌਕੇ ਜ਼ਿਲ੍ਹਾ ਮਾਲ ਅਫਸਰ ਸ. ਗਗਨਦੀਪ ਸਿੰਘ ਨੇ ਦੱਸਿਆ ਕਿ ਫਲੱਡ ਕੰਟਰੋਲ ਰੂਮ 15 ਜੂਨ ਤੋਂ ਚਾਲੂ ਕਰ ਦਿੱਤਾ ਜਾਵੇਗਾ ਤਾਂ ਜੋ ਮੌਨਸੂਨ ਸੀਜ਼ਨ ’ਚ ਕੋਈ ਦਿੱਕਤ ਪੇਸ਼ ਨਾ ਆਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਲੋਕ ਨਿਰਮਾਣ ਵਿÎਭਾਗ (ਬੀ ਐਂਡ ਆਰ), ਨਗਰ ਕੌਂਸਲਾਂ ਦੇ ਈਓ ਅਤੇ ਕਾਰਜਕਾਰੀ ਇੰਜਨੀਅਰ ਮੰਡੀ ਬੋਰਡ ਤੋਂ ਨਵੀਆਂ ਬਣੀਆਂ ਸੜਕਾਂ, ਮੁਰੰਮਤ ਕੀਤੀਆਂ ਸੜਕਾਂ ਤੇ ਫੜਾਂ ਆਦਿ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ ਅਤੇ ਨਿਰਮਾਣ ਕਾਰਜ ਤੇਜ਼ੀ ਨਾਲ ਨਿਬੇੜਨ ਦੇ ਆਦੇਸ਼ ਦਿੱਤੇ ਗਏ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਸਬੰਧਤ ਅਧਿਕਾਰੀਆਂ ਅਤੇ ਨਗਰ ਕੌਂਸਲਾਂ ਦੇ ਕਾਰਜਸਾਧਕ ਅਫਸਰਾਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਨੂੰ ਤੰਦਦਰੁਸਤ ਪੰਜਾਬ ਮਿਸ਼ਨ ਤਹਿਤ ਪਲਾਸਟਿਕ ਦੇ ਲਿਫਾਫੇ ਸਪਲਾਈ, ਸਟੋਰ ਕਰਨ, ਵਿਕਰੀ ਆਦਿ ਕਰਨ ਵਾਲਿਆਂ ਖਿਲਾਫ ਸਖਤੀ ਨਾਲ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ।