ਰਘਬੀਰ ਹੈਪੀ,ਬਰਨਾਲਾ, 22 ਸਤੰਬਰ 2023
ਸਿਹਤ ਵਿਭਾਗ ਬਰਨਾਲਾ ਵੱਲੋਂ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਦੀ ਅਗਵਾਈ ਹੇਠ ‘ਸ਼ੁੱਧ ਹਵਾ, ਨੀਲਾ ਆਕਾਸ਼’ ਦਿਵਸ ਸਬੰਧੀ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਇੱਥੇ ਕਰਵਾਈ ਗਈ ਅਤੇ ਬਲਾਕ ਪੱਧਰੀ ਜਾਗਰੂਕਤਾ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ ਤਾਂ ਜੋ ਵਾਤਾਵਰਨ ਦੇ ਵਿਗਾੜ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।
ਜ਼ਿਲ੍ਹਾ ਪੱਧਰੀ ਟਰੇਨਿੰਗ ਵਿੱਚ ਸਹਾਇਕ ਸਿਵਲ ਸਰਜਨ ਡਾ. ਮ ਨੋਹਰ ਲਾਲ ਨੇ ਦੱਸਿਆ ਕਿ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਅ ਕੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਦੂਸ਼ਿਤ ਹਵਾ ਨਾਲ ਦਿਲ, ਫੇਫੜੇ, ਦਿਮਾਗ ਆਦਿ ਸਬੰਧੀ ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ।
ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਗੁਰਬਿੰਦਰ ਕੌਰ ਨੇ ਦੱਸਿਆ ਕਿ ਗਰਭਵਤੀ ਔਰਤਾਂ, ਬੱਚੇ, ਬਜ਼ੁਰਗਾਂ ‘ਤੇ ਦੂਸ਼ਿਤ ਵਾਤਾਵਰਨ ਬਹੁਤ ਮਾੜਾ ਅਸਰ ਪਾਉਂਦਾ ਹੈ। ਜ਼ਿਲ੍ਹਾ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ ਮਾਨ, ਹਰਜੀਤ ਸਿੰਘ ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ, ਗੁਰਮੇਲ ਸਿੰਘ ਢਿੱਲੋਂ ਸਿਹਤ ਇੰਸਪੈਕਟਰ ਤੇ ਗੁਰਪ੍ਰੀਤ ਸਿੰਘ ਸਿਹਤ ਕਰਮਚਾਰੀ ਵੱਲੋਂ ਦੱਸਿਆ ਗਿਆ ਕਿ ਸ਼ੁੱਧ ਹਵਾ ਤੇ ਨੀਲੇ ਆਕਾਸ਼ ਲਈ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਪਲਾਸਟਿਕ ਦੀ ਜਗ੍ਹਾ ਰੀਸਾਇਕਲ ਹੋਣ ਵਾਲੇ ਪਦਾਰਥਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਪਰਾਲੀ ਜਾਂ ਹੋਰ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਸਾਹ ਲੈਣ ‘ਚ ਤਕਲੀਫ, ਚੱਕਰ ਆਉਣਾ, ਛਾਤੀ ‘ਚ ਦਰਦ, ਜ਼ਿਆਦਾ ਖਾਂਸੀ ਅਤੇ ਅੱਖਾਂ ‘ਚ ਜਲਣ ਜਾਂ ਦਰਦ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।