ਹਰਪ੍ਰੀਤ ਕੌਰ ਬਬਲੀ, ਸੰਗਰੂਰ, 9 ਸਤੰਬਰ 2023
. ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵੱਲੋਂ 15 ਸਤੰਬਰ ਨੂੰ ਸ੍ਰੀ ਅਮਿ੍ੰਤਸਰ ਸਾਹਿਬ ਵਿਖੇ ਮਨਾਏ ਜਾ ਰਹੇ ਲੋਕਤੰਤਰ ਦਿਹਾੜੇ ਦੀਆਂ ਤਿਆਰੀਆਂ ਸੰਬੰਧੀ ਪਾਰਟੀ ਦੇ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ ਅਹੁਦੇਦਾਰਾਂ ਅਤੇ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਅੱਜ ਪਾਰਟੀ ਦਫਤਰ ਵਿਖੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਜੂਮਾਂ ਅਤੇ ਜਥੇਬੰਦਕ ਸਕੱਤਰ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ ਦੀ ਪ੍ਰਧਾਨਗੀ ਹੇਠ ਹੋਈ |ਮੀਟਿੰਗ ਨੂੰ ਲੋਕਤੰਤਰ ਦਿਹਾੜੇ ਨੂੰ ਸਮਰਪਿਤ ਸਮਾਗਮ ਨੂੰ ਸਫਲ ਬਨਾਉਣ ਲਈ ਸਮੂਹ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ. ਸੰਜੂਮਾ ਤੇ ਜਥੇਦਾਰ ਰਾਮਪੁਰਾ ਨੇ ਕਿਹਾ ਭਾਰਤ ਦੇਸ਼ ਵਿੱਚ ਘੱਟ ਗਿਣਤੀਆਂ ਨਾਲ ਧੱਕੇਸ਼ਾਹੀ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ, ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ |
ਦੇਸ਼ ਵਿੱਚ ਘੱਟ ਗਿਣਤੀ ਵਰਗਾਂ ਤੇ ਬਹੁਗਿਣਤੀ ਵਰਗ ਲਈ ਕਾਨੂੰਨ ਵੱਖਰੇ-ਵੱਖਰੇ ਹਨ | ਸਰਕਾਰਾਂ ਘੱਟ ਗਿਣਤੀ ਵਰਗਾਂ ਨਾਲ ਇਨਸਾਫ ਕਰਨ ਦੀ ਬਜਾਏ ਵੋਟ ਦੀ ਰਾਜਨੀਤੀ ‘ਤੇ ਅਮਲ ਕਰ ਰਹੀਆਂ ਹਨ | ਜਿਸਦੀ ਸਪੱਸ਼ਟ ਮਿਸਾਲ ਮਨੀਪੁਰ ਵਿੱਚ ਈਸਾਈ ਭਾਈਚਾਰੇ ਅਤੇ ਹਰਿਆਣਾ ਵਿੱਚ ਮੁਸਲਮਾਨ ਭਾਈਚਾਰੇ ‘ਤੇ ਕੀਤੇ ਅੱਤਿਆਚਾਰਾਂ ਤੋਂ ਇਲਾਵਾ ਦੇਸ਼ ਭਰ ਵਿੱਚ ਸਿੱਖ ਕੌਮ ਨਾਲ ਹੋਣ ਵਾਲੇ ਭੇਦਭਾਵ ਤੋਂ ਮਿਲਦੀ ਹੈ | ਜੇਕਰ ਘੱਟ ਗਿਣਤੀਆਂ ਨਾਲ ਹੋਣ ਵਾਲੀਆਂ ਧੱਕੇਸ਼ਾਹੀਆਂ ਦੀ ਕੌਮੀ ਪੱਧਰ ‘ਤੇ ਆਵਾਜ ਉਠਾਉਣ ਲਈ ਕੋਈ ਪ੍ਰੋਗਰਾਮ ਉਲੀਕਿਆਂ ਜਾਂਦਾ ਹੈ ਤਾਂ ਉਸ ‘ਤੇ ਵੀ ਸਾਜਿਸ਼ ਰਚ ਕੇ ਰੋਕ ਲਗਾ ਦਿੱਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ 15 ਸਤੰਬਰ ਨੂੰ ਮਨਾਏ ਜਾ ਰਹੇ ਲੋਕਤੰਤਰ ਦਿਹਾੜੇ ਮੌਕੇ ਭਾਰਤ ਦੇਸ਼ ਵਿੱਚ ਸਮੁੱਚੇ ਘੱਟ ਗਿਣਤੀ ਵਰਗਾਂ ਨਾਲ ਹੋਣ ਵਾਲੇ ਧੱਕੇ ਬਾਰੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ ਜਾਣਗੀਆਂ, ਜਿਸ ਵਿੱਚ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਸਮੇਤ ਹੋਰ ਘੱਟ ਗਿਣਤੀ ਵਰਗਾਂ ਦੇ ਨੁੰਮਾਇੰਦੇ ਪਹੁੰਚ ਰਹੇ ਹਨ |
ਆਗੂਆਂ ਨੇ ਦੱਸਿਆ ਕਿ ਲੋਕਤੰਤਰ ਦਿਹਾੜੇ ਨੂੰ ਸਮਰਪਿਤ ਸਮਾਗਮ ਵਿੱਚ ਭਾਗ ਲੈਣ ਲਈ ਜ਼ਿਲ੍ਹਾ ਸੰਗਰੂਰ ਤੋਂ ਵੱਡੀ ਗਿਣਤੀ ਵਿੱਚ ਸੰਗਤ ਆਪੋ- ਆਪਣੇ ਸਾਧਨਾਂ ਰਾਹੀਂ ਐਤਵਾਰ ਨੂੰ ਸਵੇਰੇ ਸ੍ਰੀ ਅਮਿ੍ੰਤਸਰ ਸਾਹਿਬ ਲਈ ਰਵਾਨਾ ਹੋਵੇਗੀ | ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਤੇ ਵਰਕਰ ਸਵੇਰੇ 2 ਵਜੇ ਸੰਗਰੂਰ ਰੇਲਵੇ ਸਟੇਸ਼ਨ ਤੋਂ ਰੇਲਗੱਡੀ ਰਾਹੀਂ ਸ੍ਰੀ ਅਮਿ੍ੰਤਸਰ ਲਈ ਰਵਾਨਾ ਹੋਣਗੇ |
ਇਸ ਮੌਕੇ ਜਥੇਬੰਦਕ ਸਕੱਤਰ ਸੁਖਵਿੰਦਰ ਸਿੰਘ ਬਲਿਆਲ, ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਹਰਪਾਲ ਕੌਰ, ਗੁਰਚਰਨ ਸਿੰਘ ਜਖੇਪਲ ਵਰਕਿੰਗ ਕਮੇਟੀ ਮੈਂਬਰ, ਹਰਦੀਪ ਸਿੰਘ ਬਾਲਦਖੁਰਦ, ਅਮਰੀਕ ਸਿੰਘ ਪੂਨੀਆ ਕਾਲੋਨੀ, ਹਰੀ ਸਿੰਘ ਬਾਲਦਖੁਰਦ, ਹਰੀ ਸਿੰਘ, ਗੁਰਜੰਟ ਸਿੰਘ, ਨਿਰਮਲ ਸਿੰਘ ਬਾਲਦਖੁਰਦ, ਗੁਰਚੈਨ ਸਿੰਘ ਬਾਲਦਖੁਰਦ, ਮੰਗਾ ਸਿੰਘ ਢੰਡੋਲੀ ਖੁਰਦ, ਗੁਰਧਿਆਨ ਸਿੰਘ ਬਾਲਦਖੁਰਦ, ਕ੍ਰਿਸ਼ਨ ਸਿੰਘ ਮੰਗਵਾਲ, ਗੁਰਦਰਸ਼ਨ ਸਿੰਘ ਮੀਡੀਆ ਸਕੱਤਰ, ਅਰਸ਼ਦੀਪ ਸਿੰਘ, ਗੁਰਮੀਤ ਸਿੰਘ ਰਾਮਪੁਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਹਾਜਰ ਸਨ |