ਹਰਿੰਦਰ ਨਿੱਕਾ, ਬਰਨਾਲਾ 8 ਸਤੰਬਰ 2023
ਟੋਲ ਪਲਾਜਾ ਤੇ ਕੰਮ ਕਰਦੀ, ਇੱਕ ਕੁੜੀ ਨੂੰ ਉਸ ਦੇ ਸਹਿਕਰਮੀ ਨੇ ਵਿਆਹ ਕਰਨ ਲਈ ਕਿਹਾ , ਅੱਗੋਂ ਵਿਆਹ ਲਈ ਕੁੜੀ ਦੀ ਨਾਂਹ ਸੁਣਦਿਆਂ ਹੀ ਨੌਜਵਾਨ ਅੱਗ ਬਬੂਲਾ ਹੋ ਉੱਠਿਆ,ਉਸ ਨੇ ਆਪਣੇ ਹੋਰ ਦੋਸਤਾਂ ਨੂੰ ਨਾਲ ਲੈ ਕੇ,ਰਾਹ ਜਾਂਦੀ ਕੁੜੀ ਨੂੰ ਘੇਰ ਲਿਆ ‘ਤੇ ਅਗਵਾ ਕਰਨ ਦਾ ਯਤਨ ਕੀਤਾ । ਵਿਰੋਧ ਕਰਨ ਪਰ, ਨੌਬਤ ਹੱਥੋਪਾਈ ਤੇ ਕੁੱਟਮਾਰ ਉੱਤੇ ਪਹੁੰਚ ਗਈ। ਦੋਸ਼ੀ ਨੌਜਵਾਨ ਨੇ ਕੁੜੀ ਨੂੰ ਨਿਰਵਸਤਰ ਕਰਕੇ, ਜਲੀਲ ਕਰਨ ਦੀ ਵੀ ਕੋਸ਼ਿਸ਼ ਕੀਤੀ। ਕਿਸੇ ਤਰਾਂ ਸ਼ੋਰ ਸ਼ਰਾਬਾ ਕਰਨ ਕਾਰਣ, ਵੱਡੀ ਘਟਨਾ ਤੋਂ ਬਚਾਅ ਹੋ ਗਿਆ। ਜਖਮੀ ਹਾਲਤ ‘ਚ ਕੁੜੀ ਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ। ਪੁਲਿਸ ਨੇ ਪੀੜਤ ਕੁੜੀ ਦੇ ਬਿਆਨ ਪਰ, ਦੋਸ਼ੀ ਨੌਜਵਾਨ ਤੇ ਉਸ ਦੇ ਸਾਥੀਆਂ ਖਿਲਾਫ ਸੰਗੀਨ ਜੁਰਮਾਂ ਤਹਿਤ ਕੇਸ ਦਰਜ਼ ਕਰਕੇ,ਉਸਦੀ ਭਾਲ ਸ਼ੁਰੂ ਕਰ ਦਿੱਤੀ।
ਪੁਲਿਸ ਨੂੰ ਦਿੱਤੇ ਬਿਆਨ ‘ਚ ਪੀੜਤਾ ਨੇ ਕਿਹਾ ਕਿ ਉਹ ਕੁੱਝ ਸਮਾਂ ਪਹਿਲਾਂ ਬਡਬਰ ਟੋਲ ਪਲਾਜਾ ਪਰ ਨੌਕਰੀ ਕਰਦੀ ਸੀ। ਉੱਥੇ ਹੀ ਗੁਰਸੇਵਕ ਸਿੰਘ ਉਰਫ ਗੁਰੀ ਪੁੱਤਰ ਬਲਰਾਜ ਸਿੰਘ ਵਾਸੀ ਪਿੰਡ ਭੂਰੇ ਵੀ ਕੰਮ ਕਰਦਾ ਹੈ। ਨੌਕਰੀ ਕਰਨ ਸਮੇਂ ਗੁਰਸੇਵਕ ਸਿੰਘ ਗੁਰੀ ਕਹਿਣ ਲੱਗਾ ਕਿ ਮੈਂ ਤੈਨੂੰ ਪਸੰਦ ਕਰਦਾ ਹਾਂ ਅਤੇ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ। ਜਦੋਂ ਉਸ ਨੂੰ ਵਿਆਹ ਲਈ ਮਨ੍ਹਾ ਕਰ ਦਿੱਤਾ ਤਾਂ ਗੁਰਸੇਦਕ ਸਿੰਘ ਪੀੜਤਾ ਨੂੰ ਤੰਗ ਪਰੇਸ਼ਾਨ ਕਰਨ ਲੱਗ ਪਿਆ । ਇਸੇ ਕਰਕੇ ਪੀੜਤਾ ਨੂੰ ਆਪਣੀ ਨੌਕਰੀ ਵੀ ਛੱਡਣ ਲਈ ਮਜਬੂਰ ਹੋਣਾ ਪਿਆ।
ਹਾਲੀਆ ਘਟਨਾਕ੍ਰਮ ਉਦੋਂ ਵਾਪਰਿਆ , ਜਦੋਂ 5 ਸਤੰਬਰ ਨੂੰ ਪੀੜਤਾ ਆਪਣੀ ਮਾਤਾ ਨਾਲ ਗੁਰਦੁਆਰੇ ਤੋਂ ਘਰ ਵਾਪਸ ਜਾ ਰਹੀ ਸੀ ਤਾਂ ਗਲੀ ਦੇ ਮੋੜ ਤੇ ਇੱਕ ਗੱਡੀ ਫਾਰਚੂਨਰ ਖੜ੍ਹੀ ਸੀ। ਜਿਸ ਵਿੱਚ ਗੁਰਸੇਵਕ ਸਿੰਘ ਅਤੇ ਦੋ ਨਾਮਲੂਮ ਵਿਅਕਤੀ ਮੌਜੂਦ ਸਨ। ਜਦੋਂ ਮੁਦਈ ਉੱਥੋਂ ਲੰਘਣ ਲੱਗੀ ਤਾਂ ਉਕਤ ਗੁਰਸੇਵਕ ਸਿੰਘ ਗੁਰੀ ਨੇ ਉਸ ਦੀ ਬਾਂਹ ਫੜ੍ਹ ਲਈ ਅਤੇ ਧੱਕੇ ਨਾਲ ਗੱਡੀ ਵਿੱਚ ਬਿਠਾਉਣ ਲੱਗਾ ,ਲੱਜਿਆ ਭੰਗ ਕਰਨ ਦੇ ਇਰਾਦੇ ਨਾਲ ਉਹ ਕੱਪੜੇ ਪਾੜਨ ਲੱਗ ਗਿਆ। ਜਦੋਂ ਮੁਦਈ ਦੀ ਮਾਤਾ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁਰਸੇਵਕ ਦੇ ਨਾਲ ਖੜ੍ਹੇ ਨਾ-ਮਲੂਮ ਵਿਅਕਤੀਆਂ ਨੇ ਮੁਦਈ ਦੀ ਮਾਤਾ ਦੀ ਵੀ ਕੁੱਟਮਾਰ ਕੀਤੀ। ਜਦੋਂ ਮਾਂ-ਧੀ ਨੇ ਰੌਲਾ ਪਾਇਆ ਤਾਂ ਸਾਰੇ ਦੋਸ਼ੀ ਫਾਰਚੂਨਰ ਗੱਡੀ ਸਣੇ ਭੱਜ ਗਏ। ਹੱਥੋਪਾਈ ਅਤੇ ਮਾਰਕੁੱਟ ਨਾਲ ਸੱਟਾਂ ਲੱਗਣ ਕਾਰਣ ਦੋਵਾਂ ਜਣੀਆਂ ਨੂੰ ਸਿਵਲ ਹਸਪਤਾਲ ਧਨੌਲਾ ਵਿਖੇ ਦਾਖਿਲ ਕਰਵਾਇਆ ਗਿਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਅਨੁਸਾਰ ਦੋਸ਼ੀ ਗੁਰਸੇਵਕ ਸਿੰਘ ਉਰਫ ਗੁਰੀ ਤੇ ਉਸ ਦੇ ਅਣਪਛਾਤੇ ਸਾਥੀਆਂ ਖਿਲਾਫ ਅਧੀਨ ਜੁਰਮ 366 /354 B/ 341/323/511/506/34 ਆਈ.ਪੀ.ਸੀ. ਤਹਿਤ ਥਾਣਾ ਧਨੌਲਾ ਵਿਖੇ ਮੁਕੱਦਮਾਂ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।