ਹਰਿੰਦਰ ਨਿੱਕਾ , ਬਰਨਾਲਾ 7 ਸਤੰਬਰ 2023
ਧਨੌਲਾ ਪੁਲਿਸ ਨੇ ਨਜਾਇਜ਼ ਅਸਲੇ ਸਣੇ ਚਾਰ ਨਸ਼ਾ ਤਸਕਰਾਂ ਨੂੰ ਗਿਰਫਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਧਲੌਲਾ ਦੇ ਐਸ.ਐਚ.ਓ. ਲਖਵਿੰਦਰ ਸਿੰਘ ਨੂੰ ਲੰਘੀ ਕੱਲ੍ਹ ਮੁਖਬਰ ਤੋਂ ਇਤਲਾਹ ਮਿਲੀ ਸੀ ਕਿ ਮਨਪ੍ਰੀਤ ਸਿੰਘ ਉਰਫ ਫੋਰਡ ,ਕੁਲਦੀਪ ਸਿੰਘ , ਹਰਪ੍ਰੀਤ ਸਿੰਘ ਉਰਫ ਰਾਮ ਉਰਫ ਰਾਜਸਥਾਨੀ ਅਤੇ ਹਰਪ੍ਰੀਤ ਸਿੰਘ ਉਰਫ ਪੀਤਾ ਚਾਰੋਂ ਵਾਸੀ ਲੋਹਾਖੇੜਾ, ਜਿਲ੍ਹਾ ਸੰਗਰੂਰ ਨਸੀਲੀਆ ਗੋਲੀਆਂ ਵੇਚਣ ਦਾ ਧੰਦਾ ਕਰਦੇ ਹਨ । ਦੋਸ਼ੀਆਂ ਕੋਲ ਨਜਾਇਜ ਅਸਲਾ ਵੀ ਹੈ। ਇਹ ਚਾਰੋਂ ਜਣੇ ਨਸ਼ੀਲੀਆਂ ਗੋਲੀਆਂ ਵੇਚਣ ਲਈ ਥਾਣਾ ਧਨੌਲਾ ਅਧੀਨ ਪੈਂਦੇ ਲਿੰਕ ਰੋਡ ਬੁੱਗਰਾ ਵਿਖੇ ਤੁਰਦੇ ਫਿਰਦੇ ਦੇਖੇ ਗਏ ਹਨ। ਸੂਚਨਾ ਭਰੋਸੇਯੋਗ ਹੋਣ ਕਾਰਣ, ਥਾਣਾ ਧਨੌਲਾ ਵਿਖੇ ਐਸ.ਐਚ.ਓ. ਐਸ.ਆਈ. ਲਖਵਿੰਦਰ ਸਿੰਘ ਦੇ ਬਿਆਨ ਪਰ, ਉਕਤ ਚਾਰੋਂ ਦੋਸ਼ੀਆਂ ਦੇ ਖਿਲਾਫ ਅਧੀਨ ਜ਼ੁਰਮ 22/61/35 ND&PS Act.& 25/54/59 Arms Act ਤਹਿਤ ਕੇਸ ਦਰਜ਼ ਕਰਕੇ,ਦੋਸ਼ੀਆਂ ਦੀ ਫੜੋ-ਫੜੀ ਲਈ ਮੁਹਿੰਮ ਸ਼ੁਰੂ ਕੀਤੀ ਗਈ। ਆਖਿਰ ਪੁਲਿਸ ਨੇ ਚਾਰੋਂ ਨਾਮਜ਼ਦ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਅਤੇ ਮੁੱਖ ਦੋਸ਼ੀ ਮਨਪ੍ਰੀਤ ਸਿੰਘ ਉਰਫ ਫੋਰਡ ਦੇ ਕਬਜ਼ੇ ਵਿੱਚੋਂ ਨਸ਼ੀਲੀਆਂ ਗੋਲੀਆਂ ਤੋਂ ਇਲਾਵਾ ਇੱਕ ਨਜਾਇਜ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਅਤੇ ਹੋਰਨਾਂ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਬਰਾਮਦ ਹੋਈਆਂ ਨਸ਼ੀਲੀਆਂ ਗੋਲੀਆਂ ਦੀ ਸੰਖਿਆ 1 ਹਜ਼ਾਰ 50 ਹੈ। ਐਸ.ਐਚ.ਓ. ਲਖਵਿੰਦਰ ਸਿੰਘ ਨੇ ਪੁੱਛਣ ਤੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਜੀ ਦੀ ਅਗਵਾਈ ਵਿੱਚ ਨਸ਼ਾ ਤਸਕਰਾਂ ਤੇ ਸ਼ਿਕੰਜਾ ਕਸਿਆ ਗਿਆ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਸਪਲਾਈ ਕਰਨ ਵਾਲਿਆਂ ਦੀ ਜਾਣਕਾਰੀ ਪੁਲਿਸ ਨੂੰ ਦੇ ਕੇ,ਸਮਾਜ਼ ਵਿੱਚੋਂ ਨਸ਼ੇ ਦੇ ਕੋਹੜ ਨੂੰ ਦੂਰ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।