ਗਗਨ ਹਰਗੁਣ , ਬਰਨਾਲਾ 6 ਸਤੰਬਰ 2023
ਮਾਨਯੋਗ ਅਦਾਲਤ ਸ਼੍ਰੀ ਚੇਤਨ ਸ਼ਰਮਾ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸਾਹਿਬ, ਬਰਨਾਲਾ ਵੱਲੋਂ ਮਲਕੀਤ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਗਲੀ ਨੰਬਰ 5, ਗੋਬਿੰਦ ਕਲੋਨੀ, ਬਰਨਾਲਾ ਨੂੰ ਆਰ.ਡੀ.ਪੀ.ਐਲ. ਲੈਂਡ ਮਾਰਕ ਐਂਡ ਇੰਨਫਰਾਸਟਰੱਕਚਰ ਲਿਮਿਟਡ ਕੰਪਨੀ ਦੇ ਵਿੱਚ ਪੈਸੇ ਲਵਾਉਣ ਦੇ ਬਹਾਨੇ ਧੋਖਾਧੜੀ ਕਰਨ ਦੇ ਕੇਸ ਵਿੱਚ 2 ਸਾਲ ਦੀ ਸਖਤ ਸਜ਼ਾ ਅਤੇ 2000/- ਰੁਪਏ ਜ਼ੁਰਮਾਨਾ ਭਰਨ ਦਾ ਹੁਕਮ ਸੁਣਾਇਆ ਗਿਆ ਹੈ।
ਪੁਲਿਸ ਵੱਲੋਂ ਕਰੀਬ 6 ਸਾਲ ਪਹਿਲਾਂ ਥਾਣਾ ਸਿਟੀ ਬਰਨਾਲਾ ‘ਚ ਦਰਜ਼ ਮੁਕੱਦਮੇ ਅਨੁਸਾਰ ਸਾਲ 2012 ਵਿੱਚ ਮਲਕੀਤ ਸਿੰਘ ਨੇ ਰਾਜਿੰਦਰ ਸਿੰਘ ਪਾਸੋਂ 2,16,000/- ਰੁਪਏ, ਰਾਜ ਕੁਮਾਰ ਪਨੇਸਰ ਪਾਸੋਂ 1,00,000/- ਰੁਪਏ, ਸੁਭਾਸ਼ ਚੰਦ ਪਾਸੋਂ 75,000/- ਰੁਪਏ, ਉਮੇਸ਼ ਕੁਮਾਰ ਪਾਸੋਂ 42,000/- ਰੁਪਏ, ਗੁਰਜੰਟ ਸਿੰਘ ਪਾਸੋਂ 45,000/- ਰੁਪਏ, ਜਸਵਿੰਦਰ ਸਿੰਘ ਪਾਸੋਂ 45,000/- ਰੁਪਏ ਆਪਣੇ ਆਪ ਨੂੰ ਕੰਪਨੀ ਦਾ ਹਿੱਸੇਦਾਰ ਦੱਸ ਕੇ ਹਾਸਲ ਕਰ ਲਏ ਅਤੇ ਜਲਦ ਹੀ ਰਕਮ ਪਰ ਸਮੇਤ ਵਿਆਜ਼ ਅਤੇ ਮੁਨਾਫਾ ਦੇਣ ਦਾ ਵਾਅਦਾ ਕੀਤਾ ਅਤੇ ਬਾਅਦ ਵਿੱਚ ਰਕਮ ਜਾਂ ਵਿਆਜ਼ ਕੁੱਝ ਵੀ ਵਾਪਸ ਨਹੀਂ ਕੀਤਾ।
ਇਸ ਧੋਖਾਧੜੀ ਸਬੰਧੀ ਰਾਜਿੰਦਰ ਸਿੰਘ ਵਗੈਰਾ ਵੱਲੋਂ ਦਿੱਤੀਆਂ ਦਰਖਾਸਤਾਂ ਦੇ ਆਧਾਰ ਤੇ ਦੋਸ਼ੀ ਮਲਕੀਤ ਸਿੰਘ ਦੇ ਖਿਲਾਫ ਇੱਕ ਐਫ.ਆਈ.ਆਰ. ਨੰਬਰ 14 ਮਿਤੀ 09-01-2017, ਜੇਰ ਧਾਰਾ 420 ਆਈ.ਪੀ.ਸੀ. ਤਹਿਤ ਥਾਣਾ ਸਿਟੀ ਬਰਨਾਲਾ ਵਿਖੇ ਦਰਜ਼ ਰਜਿਸਟਰਡ ਹੋਈ । ਜਿਸ ਦਾ ਟਰਾਇਲ ਮਾਨਯੋਗ ਅਦਾਲਤ ਸ਼੍ਰੀ ਚੇਤਨ ਸ਼ਰਮਾ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸਾਹਿਬ, ਬਰਨਾਲਾ ਦੀ ਅਦਾਲਤ ਵਿੱਚ ਚੱਲਿਆ। ਮਾਨਯੋਗ ਅਦਾਲਤ ਵੱਲੋਂ ਮੁਦਈ ਧਿਰ ਦੇ ਵਕੀਲ ਸ਼੍ਰੀ ਧੀਰਜ ਕੁਮਾਰ, ਐਡਵੋਕੇਟ, ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਏ ਕਿ ਮਲਕੀਤ ਸਿੰਘ ਨੇ ਆਪਣੇ ਆਪ ਨੂੰ ਕੰਪਨੀ ਦਾ ਹਿੱਸੇਦਾਰ ਦੱਸ ਕੇ ਝੂਠੇ ਲਾਰੇ ਲਗਾ ਕੇ ਉਕਤ ਵਿਅਕਤੀਆਂ ਪਾਸੋਂ ਮੋਟੀਆਂ ਰਕਮਾਂ ਹਾਸਲ ਕਰਕੇ ਧੋਖਾਧੜੀ ਅਤੇ ਜਾਲਸਾਜ਼ੀ ਕੀਤੀ ਹੈ, ਮੁਲਜ਼ਮ ਮਲਕੀਤ ਸਿੰਘ ਨੂੰ ਉਕਤ ਕੇਸ ਵਿੱਚ 2 ਸਾਲ ਦੀ ਸਜ਼ਾ ਅਤੇ 2000/- ਰੁਪਏ ਜ਼ੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਗਿਆ।