ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ ਨੇ ਅੱਜ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੁਹੱਲਾ ਕੋਕੋਮਾਜਰੀ ਵਿਖੇ ਹਾਜਰੀ ਭਰੀ ਤੇ ਸੁਨਾਮ ਸ਼ਹਿਰ ਦੇ ਸਮੂਹ ਮੈਂਬਰ ਸਹਿਬਾਨਾਂ ਨਾਲ ਮੁਲਾਕਾਤ ਕੀਤੀ |
ਹਰਪ੍ਰੀਤ ਕੌਰ ਬਬਲੀ, ਸੰਗਰੂਰ, 1 ਸਤੰਬਰ 2023
ਗੁਰੂ ਸਾਹਿਬ ਦੀ ਹਜੂਰੀ ਵਿੱਚ ਨਤਮਸਤਕ ਹੋਣ ਉਪਰੰਤ ਸ. ਸੰਧੂ ਨੇ ਹਾਜਰੀਨ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲਕੇ ਦੇ ਹਰ ਵਰਗ ਦੇ ਲੋਕਾਂ ਦੀ ਖੁਸ਼ਹਾਲੀ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦਾ ਮੁੱਖ ਉਦੇਸ਼ ਹੈ, ਜਿਸਦੇ ਲਈ ਪਾਰਟੀ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਹਰ ਸੰਭਵ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ | ਹਲਕੇ ਦੀ ਬਿਹਤਰੀ ਲਈ ਜਿੱਥੇ ਐਮ.ਪੀ. ਸ. ਮਾਨ ਕਰੋੜਾਂ ਰੁਪਏ ਦੀ ਲਾਗਤ ਵਾਲੇ ਕਈ ਪ੍ਰੋਜੈਕਟ ਪਾਸ ਕਰਵਾ ਚੁੱਕੇ ਹਨ, ਉੱਥੇ ਹੀ ਆਪਣੇ ਕੋਟੇ ਅਧੀਨ ਆਉਂਦੀਆਂ ਸਾਰੀਆਂ ਗ੍ਰਾਂਟਾ ਵੀ ਬਿਨ੍ਹਾਂ ਪੱਖਪਾਤ ਤੋਂ ਸਾਰੇ ਵਰਗਾਂ ਨੂੰ ਵੰਡੀਆਂ ਜਾ ਰਹੀਆਂ ਹਨ |
ਸ. ਸੰਧੂ ਨੇ ਕਿਹਾ ਕਿ ਜਦੋਂ ਲੋਕਾਂ ਵੱਲੋਂ ਚੁਣੀਆਂ ਸਰਕਾਰਾਂ ਹੀ ਲੋਕਾਂ ਨਾਲ ਧੱਕੇਸ਼ਾਹੀ ਕਰਨ ਲੱਗ ਜਾਣ ਤਾਂ ਅਜਿਹੇ ਸਮੇਂ ਵਿੱਚ ਲੋਕ ਹਿੱਤਾਂ ਦੀ ਰਾਖੀ ਸਿਰਫ ਤੇ ਸਿਰਫ ਸ. ਸਿਮਰਨਜੀਤ ਸਿੰਘ ਮਾਨ ਵਰਗਾ ਆਗੂ ਹੀ ਕਰ ਸਕਦਾ ਹੈ | ਸ. ਸੰਧੂ ਨੇ ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਨੂੰ ਭੰਗ ਦੇ ਵਾਪਸ ਲਏ ਗਏ ਫੈਸਲੇ ਨੂੰ ਲੋਕਾਂ ਦੇ ਏਕੇ ਅਤੇ ਸੱਚਾਈ ਦੀ ਜਿੱਤਾ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਪੰਜਾਬ ਸਰਕਾਰ ਦੀ ਸ਼ਿਕਾਇਤ ‘ਤੇ ਬੀਡੀਪੀਓ ਜਾਂ ਪੰਚਾਇਤੀ ਅਧਿਕਾਰੀ ਵਿਕਾਸ ਕਾਰਜਾਂ ਵਿੱਚ ਰੁਕਾਵਟ ਪੈਦਾ ਕਰਨਗੇ ਤਾਂ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਅਜਿਹੇ ਲੋਕ ਵਿਰੋਧੀ ਅਧਿਕਾਰੀਆਂ ਨੂੰ ਸਬਕ ਸਿਖਾਉਣ ਲਈ ਪ੍ਰੋਗਰਾਮ ਉਲੀਕੇ ਜਾਣਗੇ |
ਇਸ ਮੌਕੇ ਸਤਨਾਮ ਸਿੰਘ ਸੁਨਾਮ, ਜਥੇਦਾਰ ਸ਼ਾਹਬਾਜ ਸਿੰਘ ਡਸਕਾ, ਮਲਕੀਤ ਸਿੰਘ ਬੇਲਾ, ਕਰਨਵੀਰ ਸਿੰਘ, ਮਨਜੀਤ ਸਿੰਘ ਕੁੱਕੂ, ਗੁਰਚਰਨ ਸਿੰਘ ਜਖੇਪਲ, ਅਜੈ ਗੋਇਲ ਸਮੇਤ ਹੋਰ ਆਗੂ ਅਤੇ ਵਰਕਰ ਵੀ ਹਾਜਰ ਸਨ |