ਅਸੋਕ ਧੀਮਾਨ, ਫ਼ਤਿਹਗੜ੍ਹ ਸਾਹਿਬ, 29 ਅਗਸਤ 2023
ਸਿਵਿਲ ਸਰਜਨ ਡਾ ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੁਰਿੰਦਰ ਸਿੰਘ ਦੀ ਅਗਵਾਈ ਵਿੱਚ ਰਾਸ਼ਟਰੀ ਅੱਖਾਂ ਦਾਨ ਪੰਦਰਵਾੜੇ ਤਹਿਤ ਆਮ ਲੋਕਾਂ ਨੂੰ ਅੱਖਾਂ ਦਾਨ ਦੇ ਵਿਸ਼ੇ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾ ਸੁਰਿੰਦਰ ਸਿੰਘ ਨੇ ਕਿਹਾ ਕਿ ਹਰ ਸਾਲ 25 ਅਗਸਤ ਤੋਂ 8 ਸਤੰਬਰ ਤੱਕ ਰਾਸ਼ਟਰੀ ਅੱਖਾਂ ਦਾਨ ਕਰਨ ਸੰਬੰਧੀ ਪੰਦਰਵਾੜਾ ਮਨਾਇਆ ਜਾਂਦਾ ਹੈ, ਇਹ ਪੰਦਰਵਾੜਾ ਅੱਖਾਂ ਦਾ ਦਾਨ, ਕੋਰਨੀਅਲ ਅੰਨ੍ਹਾਪਣ, ਕੋਰਨੀਅਲ ਟ੍ਰਾਂਸਪਲਾਂਟ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ, ਉਨ੍ਹਾਂ ਨੂੰ ਅੱਖਾਂ ਦਾਨ ਕਰਨ ਲਈ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਮਨਾਇਆ ਜਾਂਦਾ ਹੈ।
ਕੋਰਨੀਆ (ਅੱਖ ਦੀ ਪੁਤਲੀ) ਦੀ ਬਿਮਾਰੀ ਤੋਂ ਅੰਨ੍ਹਾਪਣ ਭਾਰਤ ਵਿੱਚ ਇੱਕ ਪ੍ਰਮੁੱਖ ਜਨਤਕ ਸਿਹਤ ਸਮੱਸਿਆ ਹੈ। ਇਕ ਅਨੁਮਾਨ ਅਨੁਸਾਰ ਭਾਰਤ ਵਿੱਚ ਪ੍ਰਤੀ ਸਾਲ 1 ਲੱਖ ਕੋਰਨੀਅਲ ਟ੍ਰਾਂਸਪਲਾਂਟ ਕਰਨ ਲਈ 2 ਲੱਖ 70 ਹਜ਼ਾਰ ਦਾਨੀਆਂ ਦੀਆਂ ਅੱਖਾਂ ਦੀ ਲੋੜ ਹੁੰਦੀ ਹੈ, ਜੋ ਕਿ ਦਾਨੀ ਅੱਖਾਂ ਦੀ ਮੌਜੂਦਾ ਉਪਲਬਧਤਾ ਤੋਂ ਲਗਭਗ 4 ਗੁਣਾ ਵੱਧ ਹੈ।ਮਨੁੱਖੀ ਅੱਖਾਂ ਦੀ ਮੰਗ ਅਤੇ ਸਪਲਾਈ ਵਿੱਚ ਵਿਆਪਕ ਅਸਮਾਨਤਾ ਇੱਕ ਵੱਡੀ ਚੁਣੌਤੀ ਹੈ, ਆਮ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਇਸ ਚਣੌਤੀ ਤੋਂ ਪਾਰ ਪਾਇਆਂ ਜਾ ਸਕਦਾ ਹੈ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬਲਾਕ ਐਕਸਟੈਨਸ਼ਨ ਐਜੂਕੇਟਰ ਮਹਾਵੀਰ ਸਿੰਘ ਨੇ ਦਸਿਆ ਕਿ ਕੋਰਨੀਆਂ ਅੱਖ ਦੀ ਕੱਚ ਵਰਗੀ ਸਭ ਤੋਂ ਬਾਹਰ ਦੀ ਪਾਰਦਰਸ਼ੀ ਪਰਤ ਹੁੰਦੀਹੈ ਕੋਰਨੀਆਂ ਵਿਚੋਂ ਹੀ ਸਾਡੇ ਅੱਖ ਦੇ ਅੰਦਰ ਰੋਸ਼ਨੀ ਜਾਂਦੀ ਹੈ, ਜਿਸ ਕਾਰਨ ਅਸੀਂ ਦੇਖਦੇ ਹਾਂ, ਸੱਟ ਲੱਗਣ ਕਾਰਨ, ਕੋਰਨੀਅਲ ਟਰੋਮਾ, ਕਿਸੇ ਵੀ ਤਰ੍ਹਾਂ ਦੀ ਵਾਈਰਲ, ਬੈਕਟੀਰੀਅਲ ਜਾਂ ਫੰਗਸ ਲਾਗ (ਇੰਫੈਕਸ਼ਨ) ਕਾਰਨ, ਕਿਸੇ ਤਰ੍ਹਾਂ ਦੇ ਕੁਪੋਸ਼ਨ ਕਾਰਨ ਜਿਵੇ ਵਿਟਾਮਿਨ ਏ ਦੀ ਘਾਟ ਹੋ ਜਾਣਾ, ਜਨਮ ਤੋਂ ਹੀ ਕਿਸੇ ਬੀਮਰੀ ਕਾਰਨ, ਪਾਰਦਰਸ਼ੀ ਕੋਰਨੀਅਲ ਅਪਾਰਦਰਸ਼ੀ ਹੋ ਜਾਂਦਾ ਹੈ ਤਾਂ ਅੱਖ ਬਾਹਰ ਦੀ ਰੋਸ਼ਨੀ ਨੂੰ ਫੋਕਸ ਨਹੀਂ ਕਰ ਪਾਉਂਦੀ ਤੇ ਵਿਅਕਤੀ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ।
ਜਦੋਂ ਇਸ ਅਪਾਰਦਰਸ਼ੀ ਕੋਰਨੀਅਲ ਨੂੰ ਨਵੇਂ ਪਾਰਦਰਸ਼ੀ ਕੋਰਨੀਅਲ ਨਾਲ ਟ੍ਰਾਂਸਪਲਾਟ ਕਰਦੇ ਹਾਂ ਤਾਂ ਵਿਆਕਤੀ ਫਿਰ ਤੋਂ ਦੇਖਣ ਯੋਗ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਦਾ ਕੋਰਨੀਆਂ ਸਾਫ ਹੈ , ਕਿਸੇ ਵੀ ਉਮਰ ਦਾ, ਕਿਸੇ ਵੀ ਲਿੰਗ ਦਾ , ਕਿਸੇ ਵੀ ਬਲੱਡ ਗਰੁੱਪ ਦਾ, ਚਾਹੇ ਨਜ਼ਰ ਘੱਟ ਹੋਣ ਕਾਰਨ ਐਨਕਾਂ ਦਾ ਪ੍ਰਯੋਗ ਕਰਦਾ ਹੋਵੇ, ਚਾਹੇ ਮੋਤੀਆਂ ਬਿੰਦ, ਪਰਦੇ ਦਾ ਆਪ੍ਰੇਸ਼ਨ ਹੋਈਆਂ ਹੋਵੇ, ਸ਼ੂਗਰ ਦੀ ਬੀਮਾਰੀ ਦੇ ਮਰੀਜ਼, ਹਾਈਪਰਟੈਸ਼ਨ ਦੇ ਮਰੀਜ ਹੋਵੇ, ਅੱਖਾਂ ਦਾਨ ਕਰ ਸਕਦੇ ਹਨ । ਅੱਖਾਂ ਦਾਨ ਸਿਰਫ ਜੀਵਨ ਤੋਂ ਬਾਅਦ ਮੌਤ ਤੋਂ 4 ਤੋਂ 6 ਘੰਟੇ ਦੇ ਵਿਚ ਹੀ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਆਧੁਨਿਕ ਤਰੀਕੇ ਨਾਲ ਅੱਖ ਦਾ ਸਿਰਫ ਕੋਰਨੀਆਂ ਦਾ ਰਿਮ ਹੀ ਲਿਆ ਜਾਂਦਾ ਹੈ, ਪੂਰੀ ਅੱਖ ਨਹੀਂ ਕੱਢੀ ਜਾਂਦੀ। ਅੱਖਾਂ ਦਾਨ ਕਰਨ ਦੇ ਫਾਰਮ ਸਮੂਹ ਸਰਕਾਰੀ ਹਸਪਤਾਲਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਉਪਲੱਬਧ ਹਨ। ਆਨ—ਲਾਈਨ ਰਜਿਸਟ੍ਰਸ਼ਨ ਲਈ http://nhm.punjab.gov.in/eye_ donation ਲਿੰਕ ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।ਅੱਖਾਂ ਦਾਨ ਕਰਨ ਸਬੰਧੀ ਹੋਰ ਜਾਣਕਾਰੀ ਲੈਣ ਲਈ 104 ਟੋਲ ਫਰੀ ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ। ਇਸ ਮੌਕੇ ਨੋਡਲ ਅਫਸਰ ਕੰਵਰਪਾਲ ਸਿੰਘ, ਡਾ ਅਨੁਜ ਗਰਗ, ਸੀ ਐੱਚ ਓ ਚਰਨਜੀਤ ਕੌਰ, ਫਾਰਮੇਸੀ ਅਫ਼ਸਰ ਨਿਰਪਾਲ ਸਿੰਘ, ਅਲਪਿੰਦਰ ਸਿੰਘ, ਚਰਣਵੀਰ ਸਿੰਘ ਤੇ ਹੋਰ ਮੌਜੂਦ ਸਨ।