ਹਰਿੰਦਰ ਨਿੱਕਾ, ਬਰਨਾਲਾ, 28 ਅਗਸਤ 2023
ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਸਾਹਮਣੇ ਲੱਗਿਆ ਧਰਨਾ ਕਿਸੇ ਸ਼ਰਾਰਤੀ ਅਨਸਰ ਜਾਂ ਗੈਂਗਸਟਰਾਂ ਵੱਲੋਂ ਨਹੀਂ ਲਗਾਇਆ ਹੋਇਆ, ਸਗੋਂ ਸੰਘੇੜਾ ਪਿੰਡ ਵਾਸੀਆਂ ਵੱਲੋਂ ਅਤੇ ਪਿੰਡ ਦੀਆਂ ਵੱਖੋ-ਵੱਖਰੀਆਂ ਕਮੇਟੀਆਂ ਦੇ ਮੈਂਬਰਾਂ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਡਕੌਂਦਾ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ। ਮੀਡੀਆ ਸਾਹਮਣੇ ਇਹ ਪੱਖ ਕਾਲਜ ਬਚਾਉ ਐਕਸ਼ਨ ਕਮੇਟੀ ਨੇ ਲੰਘੇ ਦਿਨੀਂ ਭੋਲਾ ਸਿੰਘ ਵਿਰਕ ਵੱਲੋਂ ਪ੍ਰੈਸ ਕਾਨਫਰੰਸ ਕਰਕੇ,ਧਰਨਾਕਾਰੀਆਂ ਤੇ ਲਾਏ ਦੋਸ਼ਾਂ ਦਾ ਜੁਆਬ ਦਿੰਦਿਆਂ ਰੱਖਿਆ। ਆਗੂਆਂ ਨੇ ਸਪੱਸ਼ਟ ਕੀਤਾ ਕਿ ਕਾਲਜ ਦੇ ਬਾਹਰ ਗਿਆਰਾਂ ਦਿਨ ਤੋਂ ਜ਼ਾਰੀ ਧਰਨੇ ਦਾ ਮੁੱਖ ਕਾਰਨ ਕਾਲਜ ਪ੍ਰਧਾਨ ਭੋਲਾ ਸਿੰਘ ਵਿਰਕ ਵੱਲੋਂ ਕਾਲਜ ਦੇ ਵਧੀਆਂ ਪ੍ਰਬੰਧ ਦੇ ਨਾਮ ਤੇ ਅੰਦਰ ਖਾਤੇ ਕੀਤੇ ਜਾਂਦੇ ਘਪਲਿਆਂ, ਮਨਮਾਨੀਆਂ ਅਤੇ ਧੱਕੇਸ਼ਾਹੀਆਂ ਨੂੰ ਨੰਗਿਆਂ ਕਰਨਾ ਅਤੇ ਭੋਲਾ ਵਿਰਕ ਨੂੰ ਕਮੇਟੀ ਪ੍ਰਧਾਨ ਦੇ ਅਹੁਦੇ ਤੋਂ ਲਾਂਭੇ ਕਰਨਾ ਹੈ ਤਾਂ ਜੋ ਕਾਲਜ ਦੇ ਅਕਾਦਮਿਕ ਮਾਹੌਲ ਨੂੰ ਵਧੀਆ ਬਣਾਇਆ ਜਾ ਸਕੇ। ਪਿੰਡ ਵਾਸੀਆਂ ਵੱਲੋਂ ਪਿਛਲੇ ਲਗਭਗ ਦੋ ਸਾਲ ਤੋਂ ਇਹ ਗੱਲ ਨੋਟ ਕੀਤੀ ਜਾ ਰਹੀ ਸੀ ਕਿ ਕਾਲਜ ਦਾ ਵਿਦਿਅਕ ਮਾਹੌਲ ਬੇ- ਨਿਯਮੀਆਂ ਕਾਰਨ ਨਿਘਾਰ ਵੱਲ ਜਾ ਰਿਹਾ ਹੈ, ਇਸ ਮਸਲੇ ਦੇ ਹੱਲ ਸੰਬੰਧੀ ਪਿੰਡ ਵਿੱਚ 2021 ਤੋਂ ਪਿੰਡ ਵਾਸੀਆਂ ਵੱਲੋਂ ਮੀਟਿੰਗਾਂ ਅਤੇ ਸਾਂਝੇ ਇਕੱਠ ਵੀ ਕੀਤੇ ਜਾ ਰਹੇ ਸਨ, ਜਿਨਾਂ ਵਿਚ ਇਹ ਸਿੱਟਾ ਕੱਢਿਆ ਗਿਆ ਕਿ ਇਹ ਬੇ-ਨਿਯਮੀਆਂ ਕਾਲਜ ਦੀ ਪ੍ਰਬੰਧਕ ਕਮੇਟੀ ਦੀਆਂ ਨਲਾਇਕੀਆਂ ਕਾਰਨ ਪੈਦਾ ਹੋਈਆਂ ਹਨ। ਇਸ ਸਮੱਸਿਆ ਦੇ ਹੱਲ ਲਈ ਪਿੰਡ ਵਾਸੀਆਂ ਵੱਲੋਂ ਕਈ ਵਾਰ ਚਿੱਠੀ-ਪੱਤਰਾਂ ਮਾਧਿਅਮ ਰਾਹੀਂ ਸਰਕਾਰੇ-ਦਰਬਾਰੇ ਪਹੁੰਚ ਕੀਤੀ ਗਈ। ਜਦੋ ਕਿਸੇ ਵੀ ਦਫਤਰ ਜਾਂ ਅਧਿਕਾਰੀ ਦੁਆਰਾ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਪਿੰਡ ਵਾਸੀਆਂ ਨੂੰ ਕਾਲਜ ਸਾਹਮਣੇ ਪੱਕਾ ਮੋਰਚਾ ਲਾਉਣਾ ਪਿਆ।
ਅੱਜ ਧਰਨੇ ਵਿਚ ਕਾਲਜ ਬਚਾਉ ਸੰਘਰਸ਼ ਕਮੇਟੀ ਸੰਘੇੜਾ ਵੱਲੋਂ ਪ੍ਰੈਸ ਕਾਨਫਰੰਸ ਬੁਲਾਈ ਗਈ, ਜਿਸ ਵਿਚ ਸਟੇਡੀਅਮ ਦੀ ਗ੍ਰਾਂਟ ਦੇ ਘਪਲੇ ਸੰਬੰਧੀ, ਕਾਲਜ ਜਮੀਨ ਦੀ ਠੇਕੇ ਦੀ ਬੋਲੀ ਸੰਬੰਧੀ ਅਤੇ ਕਾਲਜ ਟਰੱਸਟ ਤੇ ਕਮੇਟੀ ਵਿਚ ਪਿੰਡ ਦੇ ਮੈਂਬਰਾਂ ਦੀ ਨਾਂ-ਮਾਤਰ ਸਮੂਲੀਅਤ ਸੰਬੰਧੀ ਪੱਖ ਰੱਖਿਆ ਗਿਆ। ਪ੍ਰੈਸ ਅਤੇ ਇਲੈਕਟਰੋਨਿਕ ਮੀਡੀਆਂ ਦੇ ਮਾਧਿਅਮ ਰਾਹੀਂ ਸੰਘਰਸ਼ ਕਮੇਟੀ ਦੁਆਰਾ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਸਲੇ ਦੇ ਜਲਦੀ ਤੋਂ ਜਲਦੀ ਕੋਈ ਠੋਸ ਹੱਲ ਕੀਤਾ ਜਾਵੇ ਅਤੇ ਜੱਗ ਜਾਹਿਰ ਹੋਏ ਘਪਲੇ ਦੇ ਦੋਸ਼ੀਆਂ ਉਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅੱਜ ਧਰਨੇ ਦੇ 11 ਵੇਂ ਦਿਨ ਸਟੇਜ ਉਪਰ ਮਲਕੀਤ ਸਿੰਘ, ਬਲਵੀਰ ਸਿੰਘ ਐਮ.ਸੀ, ਗੁਰਪ੍ਰੀਤ ਸਿੰਘ ਸਰਪੰਚ, ਮਾਸਟਰ ਪ੍ਰੀਤਮ ਸਿੰਘ ਰਾਏਕੋਟ, ਜਗਰਾਜ ਸਿੰਘ, ਜਸਵਿੰਦਰ ਸਿੰਘ ਬੈਹਣੀਵਾਲ, ਗੁਰਪ੍ਰੀਤ ਸਿੰਘ ਭੱਦਲਵੱਢ, ਜਸਨਜੀਤ ਸਿੰਘ ਸਰਪੰਚ ਅਮਲਾ ਸਿੰਘ ਵਾਲਾ, ਸੁਖਦੇਵ ਸਿੰਘ ਮੱਲ੍ਹੀ ਅਤੇ ਚਮਕੌਰ ਸਿੰਘ ਸੰਘੇੜਾ, ਬੀਬੀ ਸੰਦੀਪ ਕੌਰ ਮਹਿਲਾ ਵਿੰਗ (ਭਾਰਤੀ ਕਿਸਾਨ ਯੂਨੀਅਨ ਉਗਰਾਹਾਂ), ਜੱਜ ਸਿੰਘ ਗਹਿਲ ਅਤੇ ਕੁਲਜੀਤ ਸਿੰਘ ਵਜੀਦਕੇ ਕਲਾਂ ਜਿਲ੍ਹਾ ਜਨਰਲ ਸਕੱਤਰ (ਭਾਰਤੀ ਕਿਸਾਨ ਯੂਨੀਅਨ ਉਗਰਾਹਾਂ) ਨੇ ਹਾਜਰੀ ਲਗਵਾਈ। ਉੱਧਰ ਭੋਲਾ ਸਿੰਘ ਵਿਰਕ ਨੇ ਐਕਸ਼ਨ ਕਮੇਟੀ ਵੱਲੋਂ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਦੋਸ਼ ਕਿਸੇ ਵੀ ਵਿਅਕਤੀ ਉੱਤੇ ਲਾਏ ਜਾ ਸਕਦੇ ਹਨ,ਜੇਕਰ ਕੋਈ ਵੀ ਦੋਸ਼ ਸਾਬਿਤ ਕਰ ਦੇਵੇ ਤਾਂ ਮੈ ਇੱਕ ਪਲ ਵੀ ਪ੍ਰਧਾਨਗੀ ਦੇ ਅਹੁਦੇ ਤੇ ਨਹੀਂ ਰਹਾਂਗਾ।