AGTF ਦੇ AIG ਸੰਦੀਪ ਗੋਇਲ ਨੇ ਖੋਲ੍ਹਿਆ ਗੈਂਗਸਟਰਾਂ ਦੀ ਗਿਰਫਤਾਰੀ ਦਾ ਭੇਦ
ਹਰਿੰਦਰ ਨਿੱਕਾ , ਬਰਨਾਲਾ 9 ਅਗਸਤ 2023
ਬਰਨਾਲਾ ‘ਚ ਅੱਜ ਬਾਅਦ ਦੁਪਿਹਰ ਪੁਲਿਸ ਨਾਲ ਹੋਈ ਮੁੱਠਭੇੜ ‘ਚ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਬਰਨਾਲਾ ਪੁਲਿਸ ਵੱਲੋਂ ਸਾਂਝੀ ਕਾਰਵਾਈ ਕਰਕੇ ਕਾਬੂ ਕੀਤੇ ਚਾਰੋਂ ਗੈਂਗਸਟਰ ਕਾਫੀ ਸਮੇਂ ਤੋਂ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਰਾਡਾਰ ਤੇ ਚੱਲ ਰਹੇ ਸਨ। ਲੰਘੀ ਰਾਤ ਤੋਂ ਹੀ ਏ.ਜੀ.ਟੀ.ਐਫ. ਦੀ ਟੀਮ ਨੇ ਚਾਰੋਂ ਗੈਂਗਸਟਰਾਂ ਤੇ ਬਾਜ਼ ਅੱਖ ਰੱਖੀ ਹੋਈ ਸੀ। ਜਿਵੇਂ ਹੀ, ਉਹ ਬਰਨਾਲਾ ਦੀ ਜੂਹ ਵਿੱਚ ਦਾਖਿਲ ਹੋਏ, ਉਦੋਂ ਹੀ ਏ.ਜੀ.ਟੀ.ਐਫ. ਦੀ ਟੀਮ ਨੇ ਬਰਨਾਲਾ ਪੁਲਿਸ ਨੂੰ ਚੌਕੰਨਾ ਕਰ ਦਿੱਤਾ ਤੇ ਸੀਆਈਏ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਟੀਮ ਨੇ, ਉਨਾਂ ਨਾਲ ਮੁਕਾਬਲਾ ਕਰਕੇ, ਦਬੋਚ ਲਿਆ। ਏ.ਜੀ.ਟੀ.ਐਫ. ਦੇ ਉਪਰੇਸ਼ਨ ਸਬੰਧੀ ਗੱਲਬਾਤ ਕਰਦਿਆਂ ਏ.ਜੀ.ਟੀ.ਐਫ. ਦੇ ਏ.ਆਈ.ਜੀ. ਸੰਦੀਪ ਗੋਇਲ ਨੇ ਦੱਸਿਆ ਕਿ ਲੁੱਟਾਂ ਖੋਹਾਂ ਕਰਨ , ਫਿਰੌਤੀਆਂ ਮੰਗਣ ਅਤੇ ਅਸਲਾ ਐਕਟ ਦੇ ਜ਼ੁਰਮਾਂ ਵਿੱਚ ਸ਼ਾਮਿਲ ਬੰਬੀਹਾ ਗੈਂਗ ਦੇ ਸ਼ਾਰਪ ਸ਼ੂਟਰ ਸੁਖਜਿੰਦਰ ਖਾਨ @ ਸੁੱਖੀ ਪੁੱਤਰ ਰਾਜੂ ਖਾਨ ਵਾਸੀ ਲੌਂਗੋਵਾਲ, ਯਾਦਵਿੰਦਰ ਸਿੰਘ ਲੁੱਡਣ ਪੁੱਤਰ ਸੁਰਿੰਦਰਪਾਲ ਸਿੰਘ ਵਾਸੀ ਬੂਰਾ ਪੱਤੀ, ਮੁਲਾਂਪੁਰ ਦਾਖਾ, ਜਗਸੀਰ ਸਿੰਘ ਬਿੱਲਾ ਪੁੱਤਰ ਨਾਹਰ ਸਿੰਘ ਵਾਸੀ ਜੈਦ ਪੱਤੀ ਲੌਂਗੋਵਾਲ ਅਤੇ ਹੁਸਨਪ੍ਰੀਤ ਸਿੰਘ ਗਿੱਲ ਵਾਸੀ ਲੌਂਗੋਵਾਲ ਦੀ ਚੰਡੀਗੜ੍ਹ ਅਤੇ ਮੁਹਾਲੀ ਪੁਲਿਸ ਨੂੰ ਕਾਫੀ ਲੰਬੇ ਸਮੇਂ ਤੋਂ ਭਾਲ ਸੀ। ਏ.ਜੀ.ਟੀ.ਐਫ. ਟੀਮ ਵੀ ਆਪਣੇ ਸੋਰਸਾਂ ਰਾਹੀਂ, ਉਕਤ ਗੈਂਗਸਟਰਾਂ ਉੱਤੇ ਪੈਨੀ ਨਜ਼ਰ ਰੱਖ ਰਹੀ ਸੀ। ਸ੍ਰੀ ਸੰਦੀਪ ਗੋਇਲ ਨੇ ਦੱਸਿਆ ਕਿ ਲੰਘੀ ਕੱਲ੍ਹ, ਏ.ਜੀ.ਟੀ.ਐਫ. ਟੀਮ ਨੂੰ ਇੱਨ੍ਹਾਂ ਗੈਂਗਸਟਰਾਂ ਦੇ ਬਾਰੇ ਕਾਫੀ ਪੁਖਤਾ ਜਾਣਕਾਰੀ ਹਾਸਿਲ ਹੋਈ ਸੀ। ਇਸੇ ਦੌਰਾਨ, ਸੁੱਖੀ ਖਾਨ ਹੋਰਾਂ ਨੇ ਜਗਰਾਉਂ ਖੇਤਰ ‘ਚੋਂ ਇੱਕ ਸਫੈਦ ਰੰਗ ਦੀ ਸਵਿਫਟ ਕਾਰ ਖੋਹ ਲਈ ਸੀ। ਇਸ ਖੋਹੀ ਹੋਈ ਕਾਰ ਦਾ ਇਸਤੇਮਾਲ ਕਰਕੇ, ਇਹ ਪੰਜਾਬ ਅੰਦਰ ਕੋਈ ਵੱਡੀ ਵਾਰਦਾਤ ਕਰਨ ਦੀ ਯੋਜਨਾ ਬਣਾ ਰਹੇ ਸਨ। ਗੈਂਗਸਟਰਾਂ ਦਾ ਪਿੱਛਾ ਕਰ ਹੀ, ਟੀਮ ਨਾਲ, ਸਾਡੇ ਅਧਿਕਾਰੀਆਂ ਦਾ ਪਲ ਪਲ ਰਾਬਤਾ ਬਣਿਆ ਹੋਇਆ ਸੀ। ਆਖਿਰ ਜਦੋਂ, ਗੈਂਗਸਟਰ ਬਰਨਾਲਾ ਦੀ ਜੂਹ ਅੰਦਰ ਦਾਖਿਲ ਹੋਏ ਤਾਂ ਬਰਨਾਲਾ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ ਗਈ। ਸ੍ਰੀ ਗੋਇਲ ਨੇ ਕਿਹਾ ਕਿ ਐਸ.ਐਸ.ਪੀ. ਬਰਨਾਲਾ ਸ੍ਰੀ ਸੰਦੀਪ ਮਲਿਕ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਐਸਪੀ ਡੀ ਰਮਨੀਸ਼ ਚੌਧਰੀ ਅਤੇ ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਟੀਮ ਨੇ ਚੰਗਾ ਤਾਲਮੇਲ ਕਾਇਮ ਕਰਕੇ, ਗੈਂਗਸਟਰ ਸੁੱਖੀ ਖਾਨ ਹੋਰਾਂ ਨੂੰ ਘੇਰਾ ਪਾ ਲਿਆ। ਜਦੋਂ ਘੇਰਾ ਤੰਗ ਹੁੰਦਾ ਵੇਖਿਆ ਤਾਂ ਗੈਂਗਸਟਰਾਂ ਨੇ ਪੁਲਿਸ ਟੀਮ ਤੇ ਗੋਲੀ ਚਲਾ ਕੇ, ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਤਾਂਕਿ ਪੁਲਿਸ ਜਦੋਂ ਤੱਕ ਮੋਰਚਾ ਸੰਭਾਲੇਗੀ, ਉਦੋਂ ਤੱਕ ਉਹ ਬਚ ਕੇ ਨਿਕਲਣ ਵਿੱਚ ਕਾਮਯਾਬ ਹੋ ਜਾਣਗੇ। ਪਰੰਤੂ ਬਰਨਾਲ ਪੁਲਿਸ ਦੀ ਮੁਸਤੈਦੀ ਨੇ ਗੈਂਗਸਟਰਾਂ ਦੇ ਮਨਸੂਬਿਆਂ ਤੇ ਪਾਣੀ ਫੇਰ ਦਿੱਤਾ। ਮੁਕਾਬਲੇ ਦੌਰਾਨ, ਪੁਲਿਸ ਨੇ ਚਾਰੋਂ ਗੈਂਗਸਟਰਾਂ ਨੂੰ ਫੜ੍ਹ ਲਿਆ। ਏ.ਆਈ.ਜੀ. ਸ੍ਰੀ ਸੰਦੀਪ ਗੋਇਲ ਨੇ ਆਪ੍ਰੇਸ਼ਨ ਦੀ ਸਫਲਤਾ ਲਈ, ਬਰਨਾਲਾ ਪੁਲਿਸ ਅਤੇ ਏਜੀਟੀਐਫ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ। ਉਨਾਂ ਕਿਹਾ ਕਿ ਚਾਰੋਂ ਗੈਂਗਸਟਰਾਂ ਨੂੰ ਬਿਨਾਂ ਪੁਲਿਸ ਫੋਰਸ ਦਾ ਕੋਈ ਨੁਕਸਾਨ ਕਰਵਾਏ ਜਿੰਦਾ ਫੜ੍ਹ ਲੈਣਾ, ਕੋਈ ਛੋਟੀ ਗੱਲ ਨਹੀਂ, ਹੁਣ ਗੈਂਗਸਟਰਾਂ ਤੋਂ ਪੁੱਛਗਿੱਛ ਦੇ ਅਧਾਰ ਤੇ, ਗੈਂਗ ਦੇ ਹੋਰ ਮੈਂਬਰਾਂ ਅਤੇ ਉਨਾਂ ਦੇ ਨਾਪਾਕ ਮੰਸੂਬਿਆਂ ਬਾਰੇ ਅਹਿਮ ਸੁਰਾਗ ਮਿਲ ਸਕਦੇ ਹਨ। ਵਰਨਣਯੋਗ ਹੈ ਕਿ ਚਾਰੋਂ ਖੂੰਖਾਰ ਗੈਂਗਸਟਰਾਂ ਨੂੰ ਪੁਲਿਸ ਨੇ ਅੱਜ ਸਟੈਂਡਰਡ ਚੋਂਕ ਹੰਡਿਆਇਆ(ਬਰਨਾਲਾ) ਦੇ ਨੇੜੇ ਚੰਡੀਗੜ੍ਹ ਰੋਡ ਤੇ ਸਥਿਤ GDS ਧਰਮਕੰਡਾ ਦੇ ਸਾਹਮਣਿਉਂ ਕਾਬੂ ਕਰ ਲਿਆ ਹੈ।