ਬਰਨਾਲਾ ਪੁਲਿਸ ਅਤੇ ਏਜੀਟੀਐਫ ਦਾ ਸਾਂਝਾ ਉਪਰੇਸ਼ਨ
ਹਰਿੰਦਰ ਨਿੱਕਾ ,ਬਰਨਾਲਾ 9 ਅਗਸਤ 2023
ਬਠਿੰਡਾ-ਚੰਡੀਗੜ੍ਹ ਰੋਡ ਤੇ ਸਥਿਤ ਸਟੈਂਡਰਡ ਚੌਂਕ ਬਰਨਾਲਾ ਨੇੜੇ GDS ਧਰਮਕੰਡਾ ਦੇ ਸਾਹਮਣੇ ਬਰਨਾਲਾ ਪੁਲਿਸ ਅਤੇ ਏਜੀਟੀਐਫ ਨੇ ਸਾਂਝਾ ਉਪਰੇਸ਼ਨ ਕਰਦਿਆਂ ਬੰਬੀਹਾ ਗੈਂਗ ਦੇ ਚਾਰ ਗੈਂਗਸਟਰਾਂ ਨੂੰ ਘੇਰ ਲਿਆ। ਦੋਵਾਂ ਧਿਰਾਂ ਦਰਮਿਆਨ ਤਾਂਬੜਤੋੜ ਫਾਇਰਿੰਗ ਹੋਈ। ਦੁਵੱਲੀ ਫਾਈਰਿੰਗ ‘ਚ ਬੰਬੀਹਾ ਗੈਂਗ ਦਾ ਖੂੰਖਾਰ ਮੁੱਚ ਸ਼ੂਟਰ ਗੈਂਗਸਟਰ ਸੁਖਜਿੰਦਰ @ ਸੁੱਖੀ ਖਾਨ ਲੌਂਗੋਵਾਲ ਪੁਲਿਸ ਦੀ ਗੋਲੀ ਨਾਲ ਜਖਮੀ ਹੋ ਗਿਆ। ਜਦੋਂਕਿ ਭੱਜਣ ਦੀ ਕੋਸ਼ਿਸ਼ ਕਰਦੇ ਬਾਕੀ ਤਿੰਨੋਂ ਗੈਂਗਸਟਰਾਂ ਹੁਸਨਪ੍ਰੀਤ ਸਿੰਘ ਗਿੱਲ, ਜਗਸੀਰ ਸਿੰਘ ਬਿੱਲਾ, ਯਾਦਵਿੰਦਰ ਸਿੰਘ ਲੁਡਣ ਨੂੰ ਵੀ ਪੁਲਿਸ ਨੇ ਗਿਰਫਤਾਰ ਕਰ ਲਿਆ। ਸਾਂਝੇ ਆਪ੍ਰੇਸ਼ਨ ਦੀ ਅਗਵਾਈ ਐਸ.ਪੀ.ਡੀ. ਜਮਨੀਸ਼ ਚੌਧਰੀ ਅਤੇ ਸੀਆਈਏ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਕੀਤੀ। ਇਸ ਸਬੰਧੀ ਐਸ.ਐਸ.ਪੀ. ਸ੍ਰੀ ਸੰਦੀਪ ਮਲਿਕ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਏ.ਜੀ.ਟੀ.ਐਫ. ਅਤੇ ਬਰਨਾਲਾ ਪੁਲਿਸ , ਸੀਕ੍ਰੇਟ ਇਨਫਰਮੇਸ਼ਨ ਦੇ ਅਧਾਰ ਤੇ ਬੰਬੀਹਾ ਗੈਂਗ ਦੇ ਮੇਨ ਸ਼ੂਟਰ ਸੁਖਜਿੰਦਰ @ ਸੁੱਖੀ ਖਾਨ ਦੀ ਅਗਵਾਈ ‘ਚ ਤਿੰਨ ਹੋਰ ਗੈਂਗਸਟਰਾਂ ਨੇ ਇੱਕ ਸਫੈਦ ਰੰਗ ਦੀ ਸਵਿਫਟ ਕਾਰ PB 22 X 5258 ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਖੋਹੀ ਸੀ। ਅੱਜ ਬਾਅਦ ਦੁਪਿਹਰ ਜਦੋਂ ਇਹ ਗੈਂਗਸਟਰ, ਖੋਹੀ ਹੋਈ ਕਾਰ ਤੇ ਸਵਾਰ ਹੋ ਕੇ, ਸਟੈਂਡਰਡ ਚੌਂਕ ਬਰਨਾਲਾ ਤੋਂ ਥੋੜ੍ਹਾ ਅੱਗੇ ਚੰਡੀਗੜ੍ਹ ਵੱਲ ਜਾ ਰਹੇ ਸਨ ਤਾਂ ਪਹਿਲਾਂ ਤੋਂ ਤਾਇਨਾਤ ਬਰਨਾਲਾ ਪੁਲਿਸ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰੰਤੂ ਗੈਂਗਸਟਰਾਂ ਨੇ ਰੁਕਣ ਦੀ ਬਜਾਏ ਪੁਲਿਸ ਪਾਰਟੀ ਉੱਤੇ ਫਾਇਰਿੰਗ ਕਰ ਦਿੱਤੀ। ਪੁਲਿਸ ਪਾਰਟੀ ਨੇ ਵੀ, ਫਾਈਰਿੰਗ ਸ਼ੁਰੂ ਕਰ ਦਿੱਤੀ। ਫਾਇਰੰਗ ਦੌਰਾਨ ਪੁਲਿਸ ਦੀ ਸਰਕਾਰੀ ਗੱਡੀ ਅਤੇ ਗੈਂਗਸਟਰਾਂ ਦੀ ਸਵਿਫਟ ਕਾਰ ‘ਚ ਵੀ ਗੋਲੀਆਂ ਲੱਗੀਆਂ । ਸ੍ਰੀ ਸੰਦੀਪ ਮਲਿਕ ਨੇ ਦੱਸਿਆ ਕਿ ਗੈਂਗਸਟਰ ਸੁੱਖੀ ਖਾਨ ਦੇ ਪੈਰ ਤੇ ਵੀ ਗੋਲੀ ਲੱਗੀ। ਖੁਦ ਨੁੰ ਘਿਰੇ ਦੇਖ ਕੇ, ਗੈਂਗਸਟਰ ਹੁਸਨ੍ਰਪੀਤ, ਜਗਸੀਰ ਸਿੰਘ ਅਤੇ ਯਾਦਵਿੰਦਰ ਸਿੰਘ ਨੇ ਬਚ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਬਰਨਾਲਾ ਦੇ ਸੀਆਈਏ ਸਟਾਫ ਦੀ ਪੁਲਿਸ ਪਾਰਟੀ ਨੇ ਅਸਫਲ ਕਰ ਦਿੱਤਾ। ਪੁਲਿਸ ਨੇ ਜਖਮੀ ਗੈਂਗਸਟਰ ਸੁੱਖੀ ਖਾਨ ਨੂੰ ਇਲਾਜ ਲਈ ਹਸਪਤਾਲ ਦਾਖਿਲ ਕਰਵਾਇਆ । ਜਦੋਂਕਿ ਬਾਕੀ ਤਿੰਨ ਗੈਂਗਸਟਰਾਂ ਨੂੰ ਗਿਰਫਤਾਰ ਕਰਕੇ, ਉਨਾਂ ਤੋਂ ਸਖਤੀ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਐਸਐਸਪੀ ਮਲਿਕ ਨੇ ਦੱਸਿਆ ਕਿ ਗੈਂਗਸਟਰਾਂ ਦੇ ਕਬਜੇ ਵਿੱਚੋਂ ਤਿੰਨ ਪਿਸਤੌਲ ਅਤੇ 20 ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ।