ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 21 ਜੁਲਾਈ 2023
ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਪਿੰਡਾਂ ਵਿਚ ਪ੍ਰਗਤੀ ਅਧੀਨ ਤੇ ਨਵੇਂ ਸ਼ੁਰੂ ਕੀਤੇ ਜਾਣ ਵਾਲੇ ਵਿਕਾਸ ਪ੍ਰੋਜੈਕਟਾਂ ਨੂੰ ਲੈ ਕੇ ਸਮੂਹ ਬੀ.ਡੀ.ਓ.ਜ ਤੇ ਮਗਨਰੇਗਾ ਸਟਾਫ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵੱਧ ਤੋਂ ਵੱਧ ਪ੍ਰੋਜੈਕਟਾਂ ਦੀ ਸਿਰਜਣਾ ਕੀਤੀ ਜਾਵੇ ਅਤੇ ਤੈਅ ਸਮੇਂ ਅੰਦਰ ਪ੍ਰੋਜ਼ੈਕਟਾਂ ਨੂੰ ਮੁਕੰਮਲ ਕਰਨ ਦਾ ਅਹਿਦ ਕੀਤਾ ਜਾਵੇ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀ ਅਮਿਤ ਕੁਮਾਰ ਪੰਚਾਲ ਮੌਜੂਦ ਸਨ।
ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ੍ਹ ਅੰਦਰ 75 ਪਿੰਡਾਂ ਵਿਚ ਅਮ੍ਰਿਤ ਸਰੋਵਰ ਬਣਾਏ ਜਾਣੇ ਹਨ ਜਿਸ ਵਿਚੋਂ 40 ਪੂਰੇ ਹੋ ਚੁੱਕੇ ਹਨ ਅਤੇ ਬਾਕੀ ਰਹਿੰਦੇ ਅਮ੍ਰਿਤ ਸਰੋਵਰਾਂ ਨੂੰ 10 ਅਗਸਤ ਤੱਕ ਪੂਰਾ ਕਰਨ ਦੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਪਿੰਡਾਂ ਅੰਦਰ ਵੱਧ ਤੋਂ ਵੱਧ ਪਲਾਂਟੇਸ਼ਨ ਕਰਵਾਈ ਜਾਵੇ ਤਾਂ ਜ਼ੋ ਵਾਤਾਵਰਣ ਤਾਂ ਹਰਿਆ—ਭਰਿਆ ਨਜਰ ਆਵੇਗਾ ਹੀ ਬਲਕਿ ਗਰਮੀ ਦੀ ਤਪਸ਼ ਵੀ ਘੱਟੇਗੀ। ਉਨ੍ਹਾਂ ਕਿਹਾ ਕਿ ਪੌਦੇ ਲਗਾਉਣ ਨਾਲ ਕੰਮ ਖਤਮ ਨਹੀਂ ਹੁੰਦਾ ਸਗੋਂ ਇਸਦੀ ਦੇਖਭਾਲ ਕਰਨੀ ਬਹੁਤ ਲਾਜਮੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਕਾਸ ਪ੍ਰੋਜੈਕਟਾਂ ਵਿਚ ਖੇਡ ਮਦਾਨ, ਵਾਟਰ ਹਾਰਵੈਸਟਿੰਗ, ਸੋਕਪਿਟ ਆਦਿ ਵੱਧ ਤੋਂ ਵੱਧ ਵਿਕਾਸ ਪ੍ਰੋਜੈਕਟ ਉਲੀਕੇ ਜਾਣ ਜਿਸ ਨਾਲ ਪਿੰਡ ਮਾਡਰਨ ਪਿੰਡ ਵਜੋਂ ਉਭਰ ਕੇ ਸਾਹਮਣੇ ਆਉਣ।ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਢੁਕਵੀਆਂ ਥਾਵਾਂ *ਤੇ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਜਿਸ ਨਾਲ ਪਿੰਡ ਹਰੇ—ਭਰੇ ਦਿਖਾਈ ਦੇਣ। ਉਨ੍ਹਾਂ ਕਿਹਾ ਕਿ ਬੂਟੇ ਲਗਾਉਣ ਨਾਲ ਸ਼ੁੱਧ ਹਵਾ ਦਾ ਪ੍ਰਸਾਰ ਹੁੰਦਾ ਹੈ ਤੇ ਆਲਾ—ਦੁਆਲਾ ਬਿਮਾਰੀਆਂ ਮੁਕਤ ਬਣਦਾ ਹੈ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਕਿ ਜ਼ੋ ਵੀ ਪ੍ਰੋਜੈਕਟ ਚੱਲ ਰਹੇ ਹਨ ਜਾਂ ਸ਼ੁਰੂ ਕੀਤੇ ਜਾਣੇ ਹਨ, ਤੈਅ ਸਮੇਂ ਅੰਦਰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੀ ਵਿਕਾਸ ਕੰਮਾਂ ਨੂੰ ਕੀਤਾ ਜਾਵੇ ਤੇ ਫੀਲਡ ਵਿਚ ਸਮੇਂ—ਸਮੇਂ *ਤੇ ਜਾ ਕੇ ਵਿਕਾਸ ਪ੍ਰੋਜੇਕਟਾਂ ਦਾ ਸਰਵੇਖਣ ਵੀ ਕੀਤਾ ਜਾਵੇ।
ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਸੰਜੀਵ ਕੁਮਾਰ, ਬਲਾਕ ਵਿਕਾਸ ਪੰਚਾਇਤ ਅਫਸਰ ਪਿਆਰ ਸਿੰਘ ਤੇ ਗਗਨਦੀਪ ਕੌਰ ਤੋਂ ਇਲਾਵਾ ਮਗਨਰੇਗਾ ਦਾ ਸਮੂਹ ਸਟਾਫ ਮੌਜੂਦ ਸੀ।