ਬਦਲੀ ਹੋਣ ਤੋਂ ਦੋ ਹਫ਼ਤਿਆਂ ਬਾਅਦ ਵੀ ਜੇ.ਈ. ਸਾਬ੍ਹ ਨਿਭਾਅ ਰਿਹਾ ਨਗਰ ਕੌਂਸਲ ਬਰਨਾਲਾ ‘ਚ “ਸੇਵਾਵਾਂ”
ਬਦਲੀ ਰੱਦ ਕਰਵਾਉਣ ‘ਤੇ ਲੱਗ ਗਏ 50 ਲੱਖੀ ਘਪਲੇ ‘ਚ ਸ਼ਾਮਿਲ ਆਗੂ
ਜਗਸੀਰ ਸਿੰਘ ਚਹਿਲ, ਬਰਨਾਲਾ 20 ਜੁਲਾਈ 2023
ਸ਼ਹਿਰ ‘ਚੋਂ ਲੰਘਦੇ ਗੰਦੇ ਨਾਲੇ ਦੀ ਸਫਾਈ ਦਾ ਠੇਕਾ ਕੁੱਝ ਵਰ੍ਹਿਆਂ ‘ਚ ਹੀ 5 ਲੱਖ ਰੁਪਏ ਤੋਂ 25 ‘ਤੇ 25 ਲੱਖ ਤੋਂ ਹੁਣ ਇਸ ਵਾਰ ਵਧਾ ਕੇ, 50 ਲੱਖ ਰੁਪਏ ਵਿੱਚ ਦੇਣ ਲਈ ਮੋਹਰੀ ਭੂਮਿਕਾ ਨਿਭਾਉਣ ਵਾਲੇ J.E. ਦੀ ਬਦਲੀ ਤੋਂ ਦੋ ਹਫਤਿਆਂ ਬਾਅਦ ਵੀ, ਉਸ ਨੂੰ ਸੱਤਾਧਾਰੀਆਂ ਦੀ ਕਥਿਤ ਤੌਰ ਤੇ ਤਾਣੀ ਛਤਰੀ ਕਾਰਣ, ਰਿਲੀਵ ਹੀ ਨਹੀਂ ਕੀਤਾ ਗਿਆ । ਨਗਰ ਕੌਂਸਲ ਬਰਨਾਲਾ ਦੇ ਕਾਰਜ਼ ਸਾਧਕ ਅਫ਼ਸਰ ਸ੍ਰੀ ਵਿਸ਼ਾਲਦੀਪ ਦਾ ਕਹਿਣਾ ਹੈ ਕਿ ਕੁੱਝ ਵਿਭਾਗੀ ਕਾਰਣ ਕਰਕੇ ਜੇ ਈ ਸਾਬ੍ਹ ਨੂੰ ਰਿਲੀਵ ਨਹੀਂ ਕੀਤਾ ਜਾ ਸਕਿਆ,ਜਲਦੀ ਹੀ ਉਨ੍ਹਾਂ ਨੂੰ ਰਿਲੀਵ ਕੀਤਾ ਜਾਵੇਗਾ । ਦੂਜੇ ਪਾਸੇ ਗੰਦੇ ਨਾਲੇ ‘ਚੋਂ ਆ ਰਹੀ ਵੱਡੇ ਘਪਲੇ ਦੀ ਬੋਅ ਬਾਰੇ ਮੂੰਹ ਖੋਹਲਣ ਤੋਂ ਸੱਤਾਧਾਰੀ ਇਮਾਨਦਾਰ ਧਿਰ ਦੇ ਆਗੂ ਚੁੱਪ ਵੱਟੀ ਬੈਠੇ ਹਨ । ਜਦੋਂਕਿ ਸ਼ਹਿਰੀਆਂ , ਨੂੰ ਗੰਦੇ ਨਾਲੇ ਦੀ ਸਫਾਈ ਦੇ ਨਾਂ ਉੱਤੇ ਹੋਏ ਵੱਡੇ ਘਪਲੇ ਬਾਰੇ , ਸੱਤਾਧਾਰੀ ਧਿਰ ਦੀ ਚੁੱਪ ਟੁੱਟਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਗੰਦੇ ਨਾਲੇ ਚੋਂ ਕੱਢੀ ਗਾਰ ਨੂੰ ਨਾਲੇ ਤੋਂ ਛੇ ਕਿਲੋਮੀਟਰ ਦੂਰ ਲੈ ਜਾਣ ਦੇ ਦਿੱਤੇ ਠੇਕੇ ਦੇ ਬਾਵਜੂਦ , ਲੱਖਾਂ ਰੁਪਏ ਹਜ਼ਮ ਕਰਨ ਲਈ ਕੀਤੀ ਜਾ ਰਹੀ ਲਿੱਪਾ-ਪੋਚੀ ਦਾ ਸੱਚ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੀ ਜੁਬਾਨ ‘ਚੋਂ ਇੱਕੋ ਸ਼ਬਦ ਸੁਣਨ ਨੂੰ ਮਿਲਦੈ, ਬਈ ਅੱਛਿਆ ! ਇਹਨੂੰ 6 ਕਿਲੋਮੀਟਰ ਕਹਿੰਦੇ ਨੇ ,,,।
ਪਤਾ ਇਹ ਵੀ ਲੱਗਿਆ ਹੈ ਕਿ ਗੰਦੇ ਨਾਲ ਦੀ ਸਫ਼ਾਈ ਦਾ ਐਸਟੀਮੇਟ ਤਿਆਰ ਕਰਨ ਵਾਲੇ ਨਗਰ ਕੌਂਸਲ ਦੇ ਜੇ ਈ ਦੀ ਬਦਲੀ ਦਾ ਹੁਕਮ ਰੱਦ ਕਰਵਾਉਣ ਲਈ ਸਰਕਾਰੀ ਧਿਰ ਦੇ ਕੁੱਝ ਆਗੂਆਂ ਵਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਭਾਂਵੇਂ ਉਕਤ ਜੇ ਈ ਦੀ ਥਾਂ ਤੇ ਤਾਇਨਾਤ ਨਵੇਂ ਜੇ ਈ ਮਹੇਸ਼ ਕੁਮਾਰ ਨੇ ਨਗਰ ਕੌਂਸਲ ਦਫਤਰ ਵਿੱਚ ਜੁਆਇੰਨ ਵੀ ਕਰ ਲਿਆ ਹੈ। ਪਰੰਤੂ ਸੱਤਾਧਾਰੀਆਂ ਦਾ ਸਾਥ ਹੋਣ ਕਰਕੇ, ਸਰਕਾਰ ਦੇ ਹੁਕਮਾਂ ਤੋਂ ਨਾਬਰ ਜੇ. ਈ ਨੇ ਹਾਲੇ ਤੱਕ ਨਗਰ ਕੌਂਸਲ ਬਰਨਾਲਾ ਤੋਂ ਚਾਰਜ ਨਹੀਂ ਛੱਡਿਆ । ਲੋਕ ਚਰਚਾ ਮੁਤਾਬਿਕ ਬਿਨਾਂ ਖੋਲ (ਢੱਕਣਾਂ ) ਤੋਂ ਹੀ ਗੰਦੇ ਨਾਲੇ ਦੇ ਮੈਨਹੋਲਾਂ ਤੋਂ ਹੀ ਇਸ ਦੀ ਸਫ਼ਾਈ ਦਾ 50 ਲੱਖ ਦਾ ਟੈਂਡਰ ਲਗਵਾਉਣ ਵਾਲੇ ਉਕਤ ਜੇ ਈ ਦੇ ਮੋਢਿਆਂ ਤੇ ਸਰਕਾਰੀ ਧਿਰ ਦੇ ਬਹੁਚਰਚਿਤ ਆਗੂਆਂ ਅਤੇ ਕੁੱਝ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਥਾਪੜਾ ਦੱਸਿਆ ਜਾ ਰਿਹਾ ਹੈ। ਸ਼ਹਿਰ ਦੇ ਇਸ ਵੱਡੇ ਸਫਾਈ ਘਪਲੇ ‘ਚੋਂ ਜੇਬਾਂ ਗਰਮ ਕਰਨ ਵਾਲੇ ਲੀਡਰ ਆਪਣੇ ਚਹੇਤੇ ਜੇ.ਈ. ਨੂੰ ਹਰ ਹੀਲੇ ਨਗਰ ਕੌਂਸਲ ਬਰਨਾਲਾ ਵਿਖੇ ਹੀ ਰੱਖਣ ਲਈ ਅੜੇ ਹੋਏ ਹਨ। ਚੱਲ ਰਹੀ ਜ਼ੋਰ ਅਜਮਾਇਸ਼ ਅਨੁਸਾਰ ਭਿਣਕ ਪਈ ਹੈ ਕਿ ਚਾਲੂ ਹਫ਼ਤੇ ਦੇ ਅੰਦਰ-ਅੰਦਰ ਹੀ ਕਮਾਊ ਪੁੱਤ ਦੀ ਬਦਲੀ ਰੱਦ ਕਰਵਾਈ ਜਾ ਸਕਦੀ ਹੈ।
ਵਰਣਨਯੋਗ ਹੈ ਕਿ ਸਥਾਨਕ ਨਹਿਰੂ ਚੌਂਕ ਤੋਂ ਲੈ ਕੇ ਲਸਾੜਾ ਡਰੇਨ ਤੱਕ ਬਣੇ ਗੰਦੇ ਨਾਲੇ ਦੀ ਸਫ਼ਾਈ ਦਾ 50 ਲੱਖ ਰੁਪਏ ਦਾ ਟੈਂਡਰ ਮਲੋਟ ਦੀ ਇੱਕ ਕੋਆਪਰੇਟਿਵ ਸੁਸਾਇਟੀ ਨੂੰ ਦਿੱਤਾ ਹੋਇਆ ਹੈ । ਇਸੇ ਨਾਲੇ ਦੀ ਸਫ਼ਾਈ ਲਈ ਕਰੀਬ ਦੋ ਸਾਲ ਪਹਿਲਾਂ 25 ਲੱਖ ਰੁਪਏ ਦਾ ਟੈਂਡਰ ਲਗਾਇਆ ਗਿਆ ਸੀ। ਪਰ ਦੋ ਸਾਲ ਬਾਅਦ ਇਸੇ ਨਾਲੇ ਦੀ ਸਫ਼ਾਈ ਦੀ ਰਕਮ ਵਧ ਕੇ ਭਾਂਵੇਂ 50 ਲੱਖ ਰੁਪਏ ਭਾਵ ਦੁੱਗਣੀ ਤਾਂ ਹੋ ਗਈ । ਪਰ ਵਰਕ ਆਰਡਰ ਜ਼ਾਰੀ ਹੋਣ ਤੋਂ ਲਗਭਗ ਡੇਢ ਹਫ਼ਤੇ ਬਾਅਦ ਵੀ ਨਾਲੇ ਦੀ ਸਫ਼ਾਈ ਦਾ ਕੰਮ ਅਧੂਰਾ ਹੀ ਪਿਆ ਹੈ। ਗੰਦੇ ਨਾਲੇ ਚੋਂ ਕੱਢਿਆ ਜਾਣ ਵਾਲਾ ਮਲਬਾ ਸਹਿਰ ਤੋਂ 6 ਕਿਲੋਮੀਟਰ ਦੂਰ ਸੁੱਟਣ ਲਈ 11 ਲੱਖ 27 ਹਜ਼ਾਰ ਰੁਪਏ ਦਾ ਖ਼ਰਚ ਟੈਂਡਰ ਵਿੱਚ ਦਿਖਾਇਆ ਗਿਆ ਹੈ । ਇਸ ਮਲਬੇ ਨੂੰ ਟਰਾਲੀਆਂ ਵਿੱਚ ਭਰਨ ਅਤੇ ਲਾਹੁਣ ਲਈ 1 ਲੱਖ 2 ਹਜ਼ਾਰ ਰੁਪਏ ਦਾ ਬਜਟ ਵੱਖਰਾ ਰੱਖਿਆ ਗਿਆ ਹੈ । ਪਰੰਤੂ ਸਫਾਈ ਠੇਕੇਦਾਰ ਵੱਲੋਂ’ ਨੱਕ ਨਾਲੋਂ ਪੂੰਝ ਕੇ, ਗੱਲਾਂ ਨਾਲ ਲਾਉਣਾ ‘ ਪੰਜਾਬੀ ਦੀ ਕਹਾਵਤ ਅਨੁਸਾਰ ਠੇਕੇਦਾਰ ਵਲੋਂ ਓਪਨ ਨਾਲੇ ਚੋਂ ਕੱਢਿਆ ਮਲਬਾ 6 ਕਿਲੋਮੀਟਰ ਦੀ ਬਿਜਾਏ ਮਹਿਜ਼ ਕੁੱਝ ਮੀਟਰ ਦੀ ਦੂਰੀ ਤੇ ਹੀ ਮਾਰਕੀਟ ਕਮੇਟੀ ਦੀ ਜਗ੍ਹਾ ਤੇ ਸੁੱਟਿਆ ਜਾ ਰਿਹਾ ਹੈ। ਮਾਰਕੀਟ ਕਮੇਟੀ ਬਰਨਾਲਾ ਦੇ ਸਕੱਤਰ ਵੱਲੋਂ ਮਾਰਕੀਟ ਕਮੇਟੀ ਦੀ ਗੰਦੇ ਨਾਲੇ ਨਾਲ ਲੱਗਦੀ ਜਗ੍ਹਾ ਵਿੱਚ ਨਾਲੇ ਦੀ ਗਾਰ ਸੁੱਟਣ ਸਬੰਧੀ ਬਕਾਇਦਾ ਕਾਰਜ ਸਾਧਕ ਅਫਸਰ ਨਗਰ ਕੌਂਸਲ ਬਰਨਾਲਾ ਨੂੰ ਬਕਾਇਦਾ ਨੋਟਿਸ ਵੀ ਕੱਢਿਆ ਜਾ ਚੁੱਕਾ ਹੈ। ਪਰ ਇਸ ਸਭ ਦੇ ਬਾਵਜੂਦ ਵੀ ਪ੍ਰਸ਼ਾਸਨ ਅਧਿਕਾਰੀਆਂ ਵਲੋਂ ਠੇਕੇਦਾਰ ਦੀਆਂ ਮਨਮਾਨੀਆਂ ਖਿਲਾਫ਼ ਕੋਈ ਕਾਰਵਾਈ ਕਰਨ ਦੀ ਬਜਾਏ ਇਸ ਪੂਰੇ ਘਪਲੇ ਤੇ ਕਥਿਤ ਤੌਰ ਤੇ ਪਰਦਾ ਪਾਉਣ ਦੀ ਕੋਸ਼ਿਸ਼ ਜ਼ਾਰੀ ਹੈ।