ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਸਿਹਤ ਵਿਗੜੀ,,,ਹਸਪਤਾਲ ਭੇਜਿਆ

Advertisement
Spread information

ਅਸ਼ੋਕ ਵਰਮਾ ,ਬਠਿੰਡਾ, 11 ਜੁਲਾਈ 2023

     ਪੰਜਾਬ ਦੇ ਪ੍ਰਸਿੱਧ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਦੋਸ਼ੀ ਵਜੋਂ ਨਾਮਜ਼ਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਡੇਂਗੂ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਰੈਂਸ ਬਿਸ਼ਨੋਈ ਇਨ੍ਹਾਂ ਦਿਨਾਂ ਦੌਰਾਨ
ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ। ਵੇਰਵਿਆਂ ਅਨੁਸਾਰ ਦੇਰ ਰਾਤ ਤਬੀਅਤ ਵਿਗੜਨ ਤੋਂ ਉਸ ਨੂੰ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਪੁਲਿਸ ਉਸ ਨੂੰ ਭਾਰੀ ਸੁਰੱਖਿਆ ਦੇ ਘੇਰੇ ਹੇਠ ਲੈ ਕੇ ਗਈ ਸੀ। ਹਸਪਤਾਲ ਵਿੱਚ ਕੁੱਝ ਚੁਣਿੰਦਾ ਮਾਹਿਰ ਡਾਕਟਰਾਂ ਦੀ ਇੱਕ ਵਿਸ਼ੇਸ਼ ਟੀਮ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।
               ਦੱਸਿਆ ਜਾਂਦਾ ਹੈ ਕਿ ਫਿਲਹਾਲ ਉਸ ਨੂੰ ਵੱਖਰੇ ਕਮਰੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਹਸਪਤਾਲ ਦੇ ਮਾਹਿਰਾਂ ਵੱਲੋਂ ਵੀ ਇਲਾਜ ਦੌਰਾਨ ਪੂਰੀ ਚੌਕਸੀ ਵਰਤੀ ਜਾ ਰਹੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਲਾਰੈਂਸ ਨੂੰ ਪਿਛਲੇ ਕੁਝ ਦਿਨਾਂ ਤੋਂ ਬੁਖਾਰ ਸੀ ਜੋ ਕਿ ਯਤਨ ਕਰਨ ਦੇ ਬਾਵਜੂਦ ਕਾਬੂ ਵਿਚ ਨਹੀਂ ਆ ਰਿਹਾ ਸੀ। ਸੋਮਵਾਰ ਰਾਤ ਨੂੰ ਲਾਰੈਂਸ ਬਿਸ਼ਨੋਈ ਦੀ ਅਚਾਨਕ  ਦੀ ਸਿਹਤ ਵਿਗੜ ਗਈ ਜਿਸ ਤੋਂ ਬਾਅਦ ਜੇਲ ਹਸਪਤਾਲ ਫਰੀਦਕੋਟ ਮੈਡੀਕਲ ਕਾਲਜ ਹਸਪਤਾਲ ਰੈਫਰ ਕਰ ਦਿੱਤਾ ਗਿਆ।  ਇਸ ਮੌਕੇ  ਉਸ ਦੇ ਕੁੱਝ ਟੈਸਟ ਕਰਵਾਏ ਜਿਸ ਤੋਂ ਬਾਅਦ ਉਸ ਨੂੰ ਵੱਖਰੇ ਕਮਰੇ ਵਿੱਚ ਸ਼ਿਫਟ ਕਰ ਦਿੱਤਾ ਸੀ।
            ਖੂਨ ਦੇ ਨਮੂਨੇ  ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗਾ ਹੈ ਕਿ ਲਾਰੈਂਸ ਨੂੰ ਡੇਂਗੂ ਹੈ। ਪੁਲਿਸ ਨੇ  ਲਾਰੈਂਸ ਦੇ ਆਲੇ-ਦੁਆਲੇ ਸੁਰੱਖਿਆ ਸਖਤ ਕਰ ਦਿੱਤੀ ਹੈ। ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ ਅਤੇ ਅਧਿਕਾਰੀ ਕੋਈ ਖ਼ਤਰਾ ਨਹੀਂ ਲੈਣਾ ਚਾਹੁੰਦੇ ਹਨ ‌। ਇਸ ਕਰਕੇ ਸਿਰਫ਼ ਚੁਣੇ ਹੋਏ ਲੋਕਾਂ ਨੂੰ ਹੀ ਉਸ ਦੇ ਆਲੇ-ਦੁਆਲੇ ਆਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਲਾਰੈਂਸ ਬਿਸ਼ਨੋਈ ਦੀ ਸਿਹਤ ਬਾਰੇ ਫਰੀਦਕੋਟ ਮੈਡੀਕਲ ਕਾਲਜ ਦੇ ਅਧਿਕਾਰੀਆਂ ਜਾਂ ਜੇਲ੍ਹ ਪ੍ਰਸ਼ਾਸਨ ਦਾ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ ਹੈ।
   
ਦਿੱਲੀ ਤੋਂ ਬਠਿੰਡਾ ਕੀਤਾ ਸੀ ਸਿਫ਼ਟ
 ਲਾਰੈਂਸ ਬਿਸ਼ਨੋਈ ਨੂੰ ਪਿਛਲੇ ਮਹੀਨੇ ਦਿੱਲੀ ਤੋਂ ਬਠਿੰਡਾ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਸੀ। ਐਨਆਈਏ ਅਤੇ ਫਿਰ ਗੁਜਰਾਤ ਪੁਲਿਸ ਉਸ ਨੂੰ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ ਸੀ। ਦਿੱਲੀ ਵਿਚ ਰਹਿੰਦਿਆਂ ਹੀ ਉਸ ਨੂੰ ਕਤਲ ਕਰ ਦੇਣ ਸਬੰਧੀ ਧਮਕੀ ਦੇ ਤੱਥ ਸਾਹਮਣੇ ਆਏ ਸਨ  ਜਿਸ ਤੋਂ ਬਾਅਦ ਦਿੱਲੀ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਮੁੜ ਪੰਜਾਬ ਦੀ ਬਠਿੰਡਾ ਜੇਲ੍ਹ ਭੇਜਣ ਲਈ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ। ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਪਿਛਲੇ ਮਹੀਨੇ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ ਸੀ।
 ਸਿੱਧੂ ਮੂਸੇ ਵਾਲਾ ਕਤਲ ਵਿੱਚ ਹੱਥ
      ਲਾਰੈਂਸ ਬਿਸ਼ਨੋਈ ਪੰਜਾਬ ਦੇ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਮੁਲਜ਼ਮ ਹੈ। ਪੁਲਿਸ ਪੜਤਾਲ ਵਿੱਚ ਸਾਹਮਣੇ ਆਇਆ ਹੈ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਵਿਉਂਤਬੰਦੀ ਲਾਰੈਂਸ ਦੇ ਇਸ਼ਾਰੇ ‘ਤੇ ਹੀ ਕੀਤੀ ਗਈ ਸੀ। ਇਸ ਕਤਲ ਨੂੰ ਅੰਜਾਮ ਦੇਣ ਲਈ ਵਿਦੇਸ਼ ਬੈਠੇ ਗੋਲਡੀ ਬਰਾੜ ਅਤੇ ਜੇਲ੍ਹ ਵਿੱਚ ਬੰਦ ਜੱਗੂ ਭਗਵਾਨਪੁਰੀਆ ਨੇ ਉਨ੍ਹਾਂ ਦਾ ਸਾਥ ਦਿੱਤਾ ਸੀ। ਲਾਰੈਂਸ ਬਿਸ਼ਨੋਈ ਖ਼ਿਲਾਫ਼ ਕਤਲ ਅਤੇ ਜ਼ਬਰੀ ਵਸੂਲੀ ਦੇ ਕਰੀਬ ਦੋ ਦਰਜਨ ਮੁਕੱਦਮੇ ਦਰਜ ਹਨ। ਪਿੱਛੇ ਜਿਹੇ ਇੱਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਤੋਂ ਬਾਅਦ ਵੀ ਲਾਰੈਂਸ ਬਿਸ਼ਨੋਈ ਵੱਡੀ ਪੱਧਰ ਤੇ ਚਰਚਾ ਦਾ ਵਿਸ਼ਾ ਬਣਿਆ ਸੀ।
Advertisement
Advertisement
Advertisement
Advertisement
Advertisement
error: Content is protected !!