ਗਗਨ ਹਰਗੁਣ ,ਸੰਗਰੂਰ, 8 ਜੁਲਾਈ 2023
ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਅੱਜ ਹਲਕੇ ਅਧੀਨ ਆਉਂਦੇ ਪਿੰਡ ਭਿੰਡਰਾਂ ਵਿਖੇ ਮੀਂਹ ਦੇ ਪਾਣੀ ਦੇ ਠਹਿਰਾਅ ਕਰਕੇ ਖਰਾਬ ਹੋਈਆਂ ਫਸਲਾਂ ਦਾ ਜਾਇਜਾ ਲਿਆ ਗਿਆ | ਇਸ ਦੌਰਾਨ ਐਮ.ਪੀ. ਸ. ਮਾਨ ਨੇ ਪੀੜਿਤ ਕਿਸਾਨਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦੁਆਇਆ ਅਤੇ ਖੇਤਾਂ ਵਿੱਚ ਜਮਾਂ ਹੋਣ ਵਾਲੇ ਮੀਂਹ ਦੇ ਵਾਧੂ ਪਾਣੀ ਦੀ ਨਿਕਾਸੀ ਲਈ ਪਾਈਪਲਾਈਨ ਪਾਉਣ ਵਾਸਤੇ 02 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਵੀ ਕੀਤਾ | ਐਮ.ਪੀ. ਸੰਗਰੂਰ ਨੇ ਮੌਕੇ ‘ਤੇ ਹੀ ਸਬੰਧਤ ਵਿਭਾਗ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਫੋਨ ਕਰਕੇ ਸਥਿਤੀ ਤੋਂ ਜਾਣੂ ਵੀ ਕਰਵਾਇਆ, ਜਿਨ੍ਹਾਂ ਸ. ਮਾਨ ਨੂੰ ਦੱਸਿਆ ਕਿ ਜਲਦੀ ਹੀ ਉਹ ਖੇਤਾਂ ਵਿੱਚੋਂ ਪਾਣੀ ਕੱਢਵਾ ਦੇਣਗੇ |
ਇੱਥੇ ਵਰਨਣਯੋਗ ਹੈ ਕਿ ਬੀਤੇ ਦਿਨੀਂ ਪਏ ਮੀਂਹ ਕਰਕੇ ਭਿੰਡਰਾਂ ਦੇ ਸਰਕਾਰੀ ਸਕੂਲ ਕੋਲ ਪਾਣੀ ਦੀ ਤਾਬ ਲੱਗ ਗਈ ਸੀ, ਜਿਸ ਕਾਰਨ ਫਸਲਾਂ ਵਿੱਚੋਂ ਮੀਂਹ ਦੇ ਵਾਧੂ ਪਾਣੀ ਦੀ ਨਿਕਾਸੀ ਨਹੀਂ ਹੋਈ ਅਤੇ ਕਰੀਬ 800-900 ਵਿੱਘੇ ਫਸਲ ਵਾਧੂ ਪਾਣੀ ਦੀ ਮਾਰ ਹੇਠਾਂ ਆਉਣ ਕਰਕੇ ਖਰਾਬ ਹੋ ਗਈ ਸੀ, ਜਿਸਦੀ ਸੂਚਨਾ ਮਿਲਦਿਆਂ ਹੀ ਅੱਜ ਐਮ.ਪੀ. ਸੰਗਰੂਰ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਮੀਂਹ ਕਾਰਨ ਖਰਾਬ ਹੋਈਆਂ ਫਸਲਾਂ ਵਾਲੇ ਖੇਤਾਂ ਦਾ ਦੌਰਾ ਕੀਤਾ ਅਤੇ ਖੇਤਾਂ ਵਿੱਚੋਂ ਵਾਧੂ ਪਾਣੀ ਦੀ ਨਿਕਾਸੀ ਲਈ ਪਾਈਪਲਾਈਨ ਲਈ 02 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ |
ਇਸ ਮੌਕੇ ਹਾਜਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸ. ਮਾਨ ਨੇ ਕਿਹਾ ਕਿ ਕਿਸਾਨ ਸਾਢੇ ਸੂਬੇ, ਸਾਡੇ ਦੇਸ਼ ਦੇ ਅੰਨਦਾਤਾ ਹਨ | ਜਦੋਂ ਸਾਡੇ ਦੇਸ਼ ਦੇ ਅੰਨਦਾਤਾ ਮੁਸ਼ਕਿਲ ਵਿੱਚ ਹੋਣ ਤਾਂ ਉਨ੍ਹਾਂ ਦੀ ਸਹਾਇਤਾ ਲਈ ਅੱਗੇ ਆਉਣਾ ਸਭ ਦਾ ਫਰਜ ਬਣਦਾ ਹੈ | ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦੁਆ ਇਆ ਕਿ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹਾ ਹੈ | ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ | ਜਲਦੀ ਹੀ ਖੇਤਾਂ ਵਿੱਚੋਂ ਵਾਧੂ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕਰ ਦਿੱਤਾ ਜਾਵੇਗਾ | ਸ. ਮਾਨ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਐਮ.ਪੀ. ਚੁਣ ਕੇ ਜੋ ਭਰੋਸਾ ਪ੍ਰਗਟਾਇਆ ਹੈ, ਉਹ ਉਸ ਭਰੋਸੇ ਨੂੰ ਕਦੇ ਵੀ ਟੁੱਟਣ ਨਹੀਂ ਦੇਣਗੇ ਅਤੇ ਹਲਕੇ ਦੇ ਬਿਹਤਰੀ ਲਈ ਹਮੇਸ਼ਾ ਵਚਨਬੱਧ ਰਹਿਣਗੇ | ਇਸ ਮੌਕੇ ਉਨ੍ਹਾਂ ਦੇ ਨਾਲ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ, ਨਰਿੰਦਰ ਸਿੰਘ ਕਾਲਾਬੂਲਾ ਧੂਰੀ, ਹਰਿੰਦਰ ਸਿੰਘ ਔਲਖ, ਅਰਸ਼ਦੀਪ ਸਿੰਘ, ਐਡਵੋਕੇਟ ਜਗਮੀਤ ਸਿੰਘ, ਜਸਪ੍ਰੀਤ ਸਿੰਘ ਬਾਲੀਆਂ ਮੀਡੀਆ ਇੰਚਾਰਜ ਹਲਕਾ ਸੰਗਰੂਰ, ਰਣਜੀਤ ਸਿੰਘ ਬਾਲੀਆਂ, ਨਿਰਭੋਪ੍ਰੀਤ ਸਿੰਘ ਜੈਤੋ, ਸਤਨਾਮ ਸਿੰਘ ਰੱਤੋਕੇ, ਹਰਬੰਸ ਸਿੰਘ ਇਕਾਈ ਪ੍ਰਧਾਨ, ਮਨਜੀਤ ਸਿੰਘ ਸਰਪੰਚ, ਜਗਜੀਤ ਸਿੰਘ, ਜਥੇਦਾਰ ਨਿਰਭੈ ਸਿੰਘ, ਹਰਿੰਦਰ ਸਿੰਘ, ਸੇਬੀ ਸਿੰਘ ਭਿੰਡਰਾਂ, ਨਰਿੰਦਰ ਸਿੰਘ, ਗਗਨਦੀਪ ਸਿੰਘ ਭਿੰਡਰਾਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜਰ ਸਨ¨