ਉਹਨੇ ਇਕੱਲੀ ਨੇ ਨੌਕਰੀ ਛੱਡ ਕੇ ਬਣਾ ਦਿੱਤੇ 5 ਅਫਸਰ

Advertisement
Spread information

ਮਿਹਨਤ,ਲਗਨ,ਤੇ ਤਿਆਗ, ਖਿੜਿਆ ਅਫਸਰਾਂ ਦਾ ਬਾਗ,,,

ਹਰਿੰਦਰ ਨਿੱਕਾ , ਬਰਨਾਲਾ 23 ਮਈ 2023

    ਧੀ ਪੜ੍ਹ ਗਈ ਤੇ ਪੜ੍ਹ ਪਰਿਵਾਰ ਗਿਆ, ਅਗਾਂਹਵਧੂ ਵਿਚਾਰਾਂ ਦੇ ਧਾਰਨੀ ਸਿਆਣਿਆਂ ਦੁਆਰਾ ਤੱਤ ਕੱਢ ਕੇ ਕਹੀ ਇਸ ਗੱਲ ਨੂੰ ਭਦੌੜ ਕਸਬੇ ਦੇ ਰਹਿਣ ਵਾਲੇ ਮਾਸਟਰ ਸੋਮਨਾਥ ਗੁਪਤਾ ਦੇ ਘਰ ਮਾਤਾ ਪੁਸ਼ਪਾ ਦੇਵੀ ਦੀ ਕੁੱਖੋਂ ਜਨਮੀ ਹੋਣਹਾਰ ਧੀ ਮਧੂਮਿਤਾ ਗੋਇਲ ਨੇ ਆਪਣੀ ਫੁਲਵਾੜੀ ਨੂੰ ਸਖਤ ਮਿਹਨਤ ਅਤੇ ਤਿਆਗ ਦੀ ਭਾਵਨਾ ਨਾਲ ਸਿੰਝ ਕੇ ਸਮੇਂ ਦੀ ਸਰਦਲ ਤੇ ਅਜਿਹਾ ਸੱਚ ਸਾਬਿਤ ਕਰ ਦਿਖਾਇਆ ਕਿ ਹੋਰਨਾਂ ਲੋਕਾਂ ਲਈ ਮਿਸਾਲ ਪੈਦਾ ਕਰ ਦਿੱਤੀ। ਮਧੂਮਿਤਾ ਗੋਇਲ ਅਤੇ ਹਰਿਆਣਾ ਰਾਜ ਦੇ ਐਡੀਸ਼ਨਲ ਜਿਲ੍ਹਾ ਤੇ ਸ਼ੈਸ਼ਨ ਜੱਜ ਰਜਿੰਦਰ ਪਾਲ ਗੋਇਲ ਦੀ ਧੀ ਕ੍ਰਿਤਿਕਾ ਗੋਇਲ ਨੇ ਯੂ.ਪੀ.ਐਸ.ਸੀ. ਦੀ ਵੱਕਾਰੀ ਪ੍ਰੀਖਿਆ ਦੇ ਅੱਜ ਐਲਾਨੇ ਨਤੀਜ਼ੇ ਵਿੱਚ ਦੇਸ਼ ਭਰ ਵਿੱਚੋਂ 14 ਵਾਂ ਸਥਾਨ ਪ੍ਰਾਪਤ ਕਰਕੇ,ਟੌਪ 20 ਵਿੱਚ ਸ਼ਾਮਿਲ ਹੋ ਕੇ ਆਪਣਾ ਤੇ ਆਪਣੇ ਪਰਿਵਾਰ ਤੋਂ ਇਲਾਵਾ ਬਰਨਾਲਾ ਜਿਲ੍ਹੇ ਤੇ ਪੰਜਾਬ ਦਾ ਨਾਂ ਵੀ ਰੌਸ਼ਨ ਕੀਤਾ ਹੈ। ਭਦੌੜ ਦੇ ਰਹਿਣ ਵਾਲੇ ਡਾਕਟਰ ਵਿਪਨ ਗੁਪਤਾ ਦੀ ਭਾਣਜੀ ਕ੍ਰਿਤਿਕਾ ਗੋਇਲ ਪਰਿਵਾਰ ਦੀ ਪਹਿਲੀ ਤੇ ਇਕੱਲੀ ਆਈ.ਏ.ਐਸ. ਅਫਸਰ ਹੀ ਨਹੀਂ, ਪਰਿਵਾਰ ਦੇ 4 ਹੋਰ ਮੈਂਬਰ ਵੀ ਆਈ.ਏ.ਐਸ. ਅਤੇ ਆਈ.ਪੀ.ਐਸ.ਬਣਕੇ,ਆਪੋ ਆਪਣੇ ਵਿਭਾਗਾਂ ਵਿੱਚ ਬੁਲੰਦੀਆਂ ਛੋਹ ਚੁੱਕੇ ਹਨ। ਜਿਨ੍ਹਾਂ ਉੱਪਰ ਬਰਨਾਲਾ ਜਿਲ੍ਹੇ ਦੇ ਲੋਕਾਂ ਨੂੰ ਫਖਰ ਵੀ ਹੈ।

Advertisement
ਕ੍ਰਿਤਿਕਾ ਗੋਇਲ IAS

ਵਿੱਦਿਆ ਦੀ ਇੱਕੋ ਕਿਰਨ,ਅਫਸਰਾਂ ਦਾ ਕਾਫਿਲਾ ਬਣ ਗਈ

   ਸਿਰਫ ਨਾਮ ਦੇ ਨਹੀਂ, ਸੱਚਮੁੱਚ ਆਪਣੀ ਸੇਵਾ ਦੇ ਵੱਡਮੁੱਲੇ ਯੋਗਦਾਨ ਉਪਰੰਤ ਇਲਾਕੇ ਅੰਦਰ ਸਮਾਜ ਸੇਵਾ ਦੇ ਖੇਤਰ ‘ਚ ਆਪਣੀ ਵਿਲੱਖਣ ਮਿਸਾਲ ਆਪ ਬਣ ਚੁੱਕੇ ਕੈਮਿਸਟ ਐਸੋਸੀਏਸ਼ਨ ਦੇ ਜਿਲ੍ਹਾ ਜਰਨਲ ਸਕੱਤਰ ਡਾਕਟਰ ਵਿਪਨ ਕੁਮਾਰ ਗੁਪਤਾ ਨਾਲ ਉਨ੍ਹਾਂ ਦੀ ਭਾਣਜੀ ਦੀ ਲਾਮਿਸਾਲ ਉਪਲੱਬਧੀ ਤੋਂ ਬਾਅਦ ਵਿਸ਼ੇਸ਼ ਗੱਲਬਾਤ ਹੋਈ। ਵਿਪਨ ਗੁਪਤਾ ਨੇ ਦੱਸਿਆ ਕਿ ਸਾਡੇ ਪਿਤਾ ਸੋਮਨਾਥ ਗੁਪਤਾ ਸਿੱਖਿਆ ਮਹਿਕਮੇ ਵਿੱਚੋਂ ਅਧਿਆਪਕ ਰਿਟਾਇਰ ਹੋਏ ਸਨ । ਉਹ ਪੇਸ਼ੇ ਵਜੋਂ ਹੀ ਅਧਿਆਪਕ ਨਹੀਂ ਸਨ, ਵਿੱਦਿਆ, ਉਨਾਂ ਦਾ ਜਨੂੰਨ ਸੀ, ਉਹ ਹਰ ਕਿਸੇ ਨੂੰ ਜਿਆਦਾ ਤੋਂ ਜਿਆਦਾ ਪੜ੍ਹਨ ਲਈ ਪ੍ਰੇਰਦੇ ਰਹਿੰਦੇ ਸਨ ਅਤੇ ਪਰਿਵਾਰ ਨੂੰ ਉਨ੍ਹਾਂ ਨੇ ਵਿੱਦਿਆ ਦੀ ਹੀ ਗੁੜਤੀ ਦਿੱਤੀ ਸੀ। ਜਿਸ ਦਾ ਅਸਰ ਇਹ ਹੋਇਆ, ਕਿ ਉਨ੍ਹਾਂ ਵੱਲੋਂ ਪਰਿਵਾਰ ਵਿੱਚ ਲਾਇਆ ਵਿੱਦਿਆ ਦਾ ਪੌਦਾ, ਹੁਣ ਦਰੱਖਤ ਹੀ ਨਹੀਂ, ਬਲਕਿ ਅਫਸਰਾਂ ਦਾ ਲਹਿਲਹਾਉੱਦਾ ਬਾਗ ਬਣ ਗਿਆ ਹੈ।                                               

      ਪਰਿਵਾਰਿਕ ਬਗੀਚੀ ‘ਚ ਉੱਗਿਆ ਪਹਿਲਾ ਫੁੱਲ ਰਜਿੰਦਰ ਪਾਲ ਗੋਇਲ ਹੁਣ ਹਰਿਆਣਾ ਦੇ ਸੋਨੀਪਤ ਜਿਲ੍ਹੇ ‘ਚ ਨਿਆਂ ਦੇ ਮੰਦਿਰ ਵਿੱਚ ਬਤੌਰ ਜਿਲ੍ਹਾ ਤੇ ਸ਼ੈਸ਼ਨ ਜੱਜ ਆਪਣੀ ਮਹਿਕ ਖਿੰਡਾ ਰਿਹਾ ਹੈ । ਵਿਪਨ ਗੁਪਤਾ ਨੇ ਗੱਲ ਅੱਗੇ ਤੋਰਦਿਆਂ ਦੱਸਿਆ ਕਿ ਸਾਡੇ ਪਿਤਾ ਜੀ ਦੀ ਪਾਰਖੂ ਅੱਖ ਨੇ ਪਿੰਡ ਸੰਘੇੜਾ ਦੇ ਜੰਮਪਲ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚੋਂ ਕਾਨੂੰਨ ਦੀ ਪੜ੍ਹਾਈ ਵਿੱਚ ਅੱਵਲ ਰਹਿਣ ਵਾਲੇ ਐਡਵੋਕੇਟ ਰਜਿੰਦਰਪਾਲ ਗੋਇਲ ਨਾਲ ਆਪਣੀ ਕੇਂਦਰੀ ਵਿੱਦਿਆਲਿਆ ਏਅਰਫੋਰਸ ਸਟੇਸ਼ਨ ਠੀਕਰੀਵਾਲ ਵਿਖੇ ਪੜ੍ਹਾ ਰਹੀ ਹਿੰਦੀ ਅਧਿਆਪਕ ਬੇਟੀ ਮਧੂਮਿਤਾ ਗੋਇਲ ਦੀ ਸ਼ਾਦੀ ਸਾਲ 1991 ਵਿੱਚ ਕੀਤੀ । ਸਾਡੇ ਪਿਤਾ ਜੀ ਨੇ, ਆਪਣੇ ਜਵਾਈ ਰਜਿੰਦਰ ਪਾਲ ਗੋਇਲ ਨੂੰ ਸ਼ਾਦੀ ਉਪਰੰਤ ਵੀ ਜੁਡੀਸ਼ਿਅਲ ਸਰਵਿਸਜ ਦੀ ਤਿਆਰੀ ਕਰਨ ਲਈ ਹੀ ਪ੍ਰੇਰਿਆ । ਸਾਲ 1995 ਵਿੱਚ ਐਡਵੋਕੇਟ ਰਜਿੰਦਰ ਪਾਲ ਗੋਇਲ ਜੇ.ਐਮ.ਆਈ.ਸੀ(ਜੱਜ) ਬਣ ਗਏ। ਫਿਰ ਤਾਂ ਚੱਲ ਸੋ ਚੱਲ, ਪਰਿਵਾਰ ਦਾ ਰੁਝਾਨ ਅਫਸਰ ਬਣਨ ਵੱਲ ਖਿੱਚਿਆ ਗਿਆ। ਮਧੂਮਿਤਾ ਦੀ ਕੁੱਖੋਂ ਦੋ ਬੱਚਿਆ ਗੌਤਮ ਅਤੇ ਕ੍ਰਿਤਿਕਾ ਨੇ ਜਨਮ ਲਿਆ। ਬੱਚੇ ,ਵੱਡੇ ਹੋਏ ਤਾਂ ਮਧੂਮਿਤਾ ਨੂੰ ਮਹਿਸੂਸ ਹੋਇਆ ਕਿ ਕਿੱਧਰੇ ਉਸ ਦੀ ਅਧਿਆਪਕ ਵਜੋਂ ਨੌਕਰੀ, ਬੱਚਿਆਂ ਦੀ ਪੜਾਈ ਵਿੱਚ ਅੜਿੱਕਾ ਨਾ ਬਣ ਜਾਵੇ। ਇਹ ਸੋਚ ਕੇ, ਮਧੂਮਿਤਾ ਨੇ ਆਪਣੀ ਨੌਕਰੀ ਨੂੰ ਬੱਚਿਆਂ ਦੇ ਰੌਸ਼ਨ ਭਵਿੱਖ ਤੋਂ ਦੀ ਵਾਰ ਦਿੱਤਾ।

ਗੌਤਮ ਗੋਇਲ IPS

ਕਿਹਾ ! ਲੈ ਧੀਏ ,ਹੁਣ 4 ਬੱਚਿਆਂ ਦਾ ਭਵਿੱਖ ਤੇਰੇ ਹਵਾਲੇ

    ਵਿਪਨ ਗੁਪਤਾ ਨੇ ਦੱਸਿਆ ਕਿ ਜਦੋਂ ਮੇਰਾ ਬਹਿਨੌਈ ਰਜਿੰਦਰਪਾਲ ਗੋਇਲ ਸ਼ਾਦੀ ਤੋਂ ਚਾਰ ਵਰ੍ਹਿਆਂ ਬਾਅਦ ਜੱਜ ਬਣ ਗਿਆ ਸੀ ਤਾਂ ਫਿਰ ਸਾਡੇ ਪਿਤਾ ਅਤੇ ਮਾਤਾ ਨੇ ਮੇਰੀ ਭੈਣ ਮਧੂਮਿਤਾ ਨੂੰ ਦੋ ਟੁੱਕ ਕਹਿ ਦਿੱਤਾ, ਲੈ ਧੀਏ , ਹੁਣ ਅਸੀਂ ਤਾਂ ਪਰਿਵਾਰ ਵਿੱਚ ਜੱਜ਼ ਬਣਾ ਕਿ ਆਪਣਾ ਫਰਜ ਨਿਭਾ ਦਿੱਤਾ, ਹੁਣ ਤੇਰੇ ਹਵਾਲੇ ਤੇਰੇ ਅਤੇ ਤੇਰੇ ਭਰਾ ਵਿਪਨ ਦੇ ਚੋਹਾਂ ਬੱਚਿਆਂ ਦਾ ਭਵਿੱਖ ਫੜ੍ਹਾ ਦਿੱਤਾ ਹੈ ।

ਡਾਕਟਰ ਨਿਤਿਸ਼ ਗੁਪਤਾ

    ਮਾਪਿਆਂ ਵੱਲੋਂ ਕਹੀ, ਇਸ ਗੱਲ ਨੂੰ ਪੱਲ੍ਹੇ ਬੰਨ੍ਹਦਿਆਂ ਮਧੂਮਿਤਾ ਨੇ ਖੁਦ ਵੀ ਵਿਆਹ ਤੋਂ ਬਾਅਦ ਲਾਅ ਕੀਤਾ ਅਤੇ ਚਾਰਾਂ ਬੱਚਿਆਂ ਲਈ ਚੰਗੀ ਪਰਵਰਿਸ਼ ਤੋਂ ਇਲਾਵਾ ਘਰ ਅੰਦਰ ਪੜ੍ਹਾਈ ਦਾ ਮਾਹੌਲ ਵੀ ਸਿਰਜਿਆ । ਨਤੀਜਾ ਇਹ ਨਿੱਕਲਿਆ ਕਿ ਮਧੂਮਿਤਾ ਦਾ ਬੇਟਾ ਗੌਤਮ ਗੋਇਲ ਅਤੇ ਮੇਰੀ ਬੇਟੀ ਖੁਸ਼ਬੂ ਗੁਪਤਾ ਨੇ 2016 ਵਿੱਚ ਆਪਣੀ ਅਫਸਰ ਬਣਨ ਦੀ ਉਡਾਨ ਨੂੰ ਖੰਭ ਲਾਉਂਦਿਆਂ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਲਈ ਤਿਆਰੀ ਸ਼ੁਰੂ ਕਰ ਦਿੱਤੀ। ਦੋਵਾਂ ਨੇ ਹੀ ਬਾਜੀ ਰਾਉ ਦਿੱਲੀ ਵਾਲਿਆਂ ਤੋਂ ਕੋਚਿੰਗ ਲਈ। ਪਰੰਤੂ ਦੋਵਾਂ ਦਾ ਮਨ ਹੀ, ਉੱਥੋਂ ਦੀ ਕੋਚਿੰਗ ਤੋਂ ਉਚਾਟ ਹੋ ਗਿਆ। ਦੋਵਾਂ ਨੇ ਘਰ ਅੰਦਰ ਰਹਿ ਕੇ ਹੀ, ਤਿਆਰੀ ਵਿੱਢ ਦਿੱਤੀ। ਦੋਵਾਂ ਦੀ ਦੂਜੀ ਕੋਸ਼ਿਸ਼ ਸਫਲ ਹੋ ਗਈ। ਮੇਰੀ ਬੇਟੀ ਖੁਸ਼ਬੂ ਗੁਪਤਾ ਅਤੇ ਭਾਣਜਾ ਗੌਤਮ ਗੋਇਲ ਕ੍ਰਮਾਨੁਸਾਰ ਆਈ.ਏ.ਐਸ. ਤੇ ਆਈ.ਪੀ.ਐਸ. ਬਣ ਗਏ। ਉਨਾਂ ਦੱਸਿਆ ਕਿ ਖੁਸ਼ਬੂ ਗੁਪਤਾ ਦੀ ਸ਼ਾਦੀ ਵੀ ਉਸ ਦੇ ਬੈਚਮੇਟ ਆਈ.ਏ.ਐਸ. ਅਫਸਰ ਦੀਪਕ ਤਿਵਾੜੀ ਨਾਲ ਕਰ ਦਿੱਤੀ। ਇਹ ਦੋਵੇਂ ਹੀ ਤਿਲੰਗਾਨਾ ਸੂਬੇ ਦੇ ਹੈਦਰਾਬਾਦ ਵਿਖੇ ਬਤੌਰ ਏ.ਡੀ.ਸੀ. ਡਿਊਟੀ ਨਿਭਾ ਰਹੇ ਹਨ।

ਫਿਰ ਛੋਟੇ ਬੱਚਿਆਂ ਨੂੰ ਪਈ ਨਹੀਂ ਕੋਚਿੰਗ ਦੀ ਲੋੜ

      ਵਿਪਨ ਗੁਪਤਾ ਨੇ ਦੱਸਿਆ ਕਿ ਜਦੋਂ ਪਰਿਵਾਰ ਦੇ ਤਿੰਨ ਬੱਚੇ ਗੌਤਮ ਗੋਇਲ ,ਖੁੂਸ਼ਬੂ ਗੁਪਤਾ ਤੇ ਦੀਪਕ ਤਿਵਾੜੀ ਵੱਡੇ ਅਹੁਦਿਆਂ ਤੇ ਪਹੁੰਚ ਗਏ। ਤਾਂ ਫਿਰ ਮੇਰੇ ਛੋਟੇ ਬੇਟੇ ਡਾਕਟਰ ਨਿਤਿਸ਼ ਗੁਪਤਾ ਅਤੇ ਭਾਣਜੀ ਕ੍ਰਿਤਿਕਾ ਗੋਇਲ ਦੇ ਮਨ ਅੰਦਰ ਵੀ, ਯੂ.ਪੀ.ਐਸ.ਸੀ. ਦੀ ਤਿਆਰੀ ਵੱਲ ਹੋਰ ਵਧੇਰੇ ਦਿਲਚਸਪੀ ਪੈਦਾ ਹੋ ਗਈ। ਇੱਨ੍ਹਾਂ ਦੋਵਾਂ ਨੂੰ ਕਿਸੇ ਇੰਸਟੀਚਿਊਟ ਤੋਂ ਵੱਖਰੀ ਕੋਚਿੰਗ ਦੀ ਜਰੂਰਤ ਮਹਿਸੂਸ ਹੀ ਨਹੀਂ ਹੋਈ, ਕਿਉਂਕਿ ਇੱਨਾਂ ਨੂੰ ਪਰਿਵਾਰ ਦੇ 4 ਬੱਚਿਆਂ ਦੇ ਤਜੁਰਬੇ ਤੋਂ ਹੀ ਕੋਚਿੰਗ ਮਿਲਦੀ ਰਹੀ। ਡਾਕਟਰ ਨਿਤਿਸ਼ ਗੁਪਤਾ ਨੇ ਯੂ.ਪੀ.ਐਸ.ਸੀ. ਦੀ ਗਰੇਡ ਵਨ ਦੀ ਪ੍ਰੀਖਿਆ ਸਾਲ 2021 ਵਿੱਚ ਪਾਸ ਕਰ ਲਈ ਤੇ ਉਹ ਇੰਡੀਅਨ ਡਿਫੈਂਸ ਸਰਵਿਸਜ ਵਿੱਚ ਚੀਫ ਐਗਜੀਕਿਊਟਿਵ ਅਫਸਰ ,ਯਾਨੀ ਸੌਖੇ ਸ਼ਬਦਾਂ ‘ਚ ਕੰਨਟੋਨਮੈਂਟ ਖੇਤਰ ਦੇ ਡਿਪਟੀ ਕਮਿਸ਼ਨਰ ਵਜੋਂ ਸੇਵਾ ਨਿਭਾ ਰਿਹਾ ਹੈ। ‘ਤੇ ਹੁਣ ਸਾਲ 2023 ਬੈਚ ਦੇ ਆਏ ਨਤੀਜਿਆਂ ਵਿੱਚ ਭਾਣਜੀ ਕ੍ਰਿਤਿਕਾ ਗੋਇਲ ਵੀ ਦੇਸ਼ ਭਰ ਵਿੱਚੋਂ 14 ਵਾਂ ਰੈਂਕ ਹਾਸਿਲ ਕਰਕੇ,ਆਈ.ਏ.ਐਸ. ਬਣ ਗਈ ਹੈ ।

ਘਰਾਂ ਵਿੱਚ ਵਿੱਦਿਆ ਦਾ ਮਾਹੌਲ ਸਿਰਜਣ ਦੀ ਅਹਿਮ ਲੋੜ

   ਤਰਕਸ਼ੀਲ ਵਿਚਾਰਾਂ ਵਾਲੇ ਅਤੇ ਮਨੁੱਖਤਾ ਨੂੰ ਪ੍ਰਣਾਏ ਡਾਕਟਰ ਵਿਪਨ ਗੁਪਤਾ ਅਤੇ ਉਨਾਂ ਦੀ ਪਤਨੀ ਮੰਜੂ ਬਾਲਾ ਨੇ ਆਪਣੇ ਬੱਚਿਆਂ ਦੇ ਉੱਚੇ ਅਹੁਦਿਆਂ ਤੱਕ ਪਹੁੰਚਣ ਦੀ ਯਾਤਰਾ ਬਾਰੇ ਜਿਕਰ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਪੜ੍ਹਾਈ ਲਈ,ਮਜਬੂਰ ਕਰਨ ਦੀ ਬਜਾਏ ,ਆਪਣੇ ਘਰਾਂ ਵਿੱਚ ਬੱਚਿਆਂ ਲਈ ਪੜ੍ਹਾਈ ਦਾ ਮਾਹੌਲ ਸਿਰਜਣ ਦੀ ਅਹਿਮ ਲੋੜ ਹੈ। ਜਦੋਂ ਪੜ੍ਹਾਈ ਦਾ ਮਾਹੌਲ ਸਿਰਜਿਆ ਗਿਆ ਤਾਂ ਨਤੀਜੇ ਆਪਣੇ ਆਪ ਹੀ ਸਾਰਥਕ ਆਉਣਗੇ। ਵਿਪਨ ਗੁਪਤਾ ਨੇ ਆਪਣੇ ਪਰਿਵਾਰ ਦੇ ਬੱਚਿਆਂ ਵੱਲੋਂ ਪੁੱਟੀਆਂ ਵੱਡੀਆਂ ਪੁਲਾਘਾਂ ਦਾ ਸਿਹਰਾ, ਆਪਣੇ ਪਿਤਾ ਸੋਮਨਾਥ,ਮਾਤਾ ਪੁਸ਼ਪਾ ਦੇਵੀ, ਭੈਣ ਮਧੂਮਿਤਾ ਗੋਇਲ, ਬਹਿਨੋਈ ਐਡੀਸ਼ਨਲ ਜਿਲ੍ਹਾ ਤੇ ਸ਼ੈਸ਼ਨ ਜੱਜ ਰਜਿੰਦਰਪਾਲ ਗੋਇਲ , ਪਤਨੀ ਮੰਜੂ ਬਾਲਾ ਅਤੇ ਬੱਚਿਆਂ ਵੱਲੋਂ ਕੀਤੇ ਅਣਥੱਕ ਤੇ ਅਣਖਿਝ ਯਤਨਾਂ ਸਿਰ ਬੰਨ੍ਹਿਆਂ।

Advertisement
Advertisement
Advertisement
Advertisement
Advertisement
error: Content is protected !!