ਦੋਸ਼ੀਆਂ ‘ਚੋਂ ਇੱਕ ਖਿਲਾਫ ਪਹਿਲਾਂ ਵੀ ਦਰਜ਼ ਨੇ ਨਸ਼ਾ ਤਸਕਰੀ ਦੇ 2 ਪਰਚੇ
ਰਘਵੀਰ ਹੈਪੀ , ਬਰਨਾਲਾ 20 ਅਪ੍ਰੈਲ 2023
ਭੁੱਕੀ ਚੂਰਾ ਪੋਸਤ ਦੀ ਵੱਡੀ ਖੇਪ ਫੜ੍ਹਨ ਵਾਲੇ ਪੁਲਿਸ ਅਧਿਕਾਰੀਆਂ ਦੀ ਪਿੱਠ ਥਪਥਪਾਉਂਦਿਆਂ ਸੰਦੀਪ ਕੁਮਾਰ ਮਲਿਕ IPS, ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਨੇ ਆਯੋਜਿਤ ਪ੍ਰੈਸ ਕਾਨਫਰੰਸ ‘ਚ ਮੀਡੀਆ ਨੂੰ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਜੀ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਬਰਨਾਲਾ ਪੁਲਿਸ ਵੱਲੋਂ ਨਸ਼ਿਆਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਰਮਨੀਸ਼ ਕੁਮਾਰ ਚੌਧਰੀ, PPS ਕਪਤਾਨ ਪੁਲਿਸ (ਡੀ) ਬਰਨਾਲਾ ਅਤੇ ਸ੍ਰੀ ਸਤਵੀਰ ਸਿੰਘ, PPS ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਬਰਨਾਲਾ ਦੀ ਯੋਗ ਰਹਿਨੁਮਾਈ ਹੇਠ ਥਾਣੇਦਾਰ ਲਖਵਿੰਦਰ ਸਿੰਘ, ਮੁੱਖ ਅਫਸਰ ਥਾਣਾ ਧਨੌਲਾ ਦੀ ਟੀਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ । ਜਦੋਂ ਮਿਤੀ 17-04-2023 ਨੂੰ ਬਰਨਾਲਾ-ਸੰਗਰੂਰ ਮੁੱਖ ਸੜਕ ਤੇ ਸਥਿਤ ਪੁਲ ਹਰੀਗੜ, ਤੋਂ ਇੱਕ ਟਰਾਲੇ ਵਿੱਚ ਲੱਦ ਕੇ ਲਿਜਾਈ ਜਾ ਰਹੀ 1200 ਕਿੱਲੋ (12 ਕੁਇੰਟਲ) ਭੁੱਕੀ ਚੂਰਾ ਪੋਸਤ ਅਤੇ 1.50 ਲੱਖ ਰੁਪਏ ਡਰੱਗ ਮਨੀ ਸਮੇਤ 3 ਨਸ਼ਾ ਤਸਕਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸ੍ਰੀ ਮਲਿਕ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਗੁਰਪਾਲ ਸਿੰਘ ਪੁੱਤਰ ਦਰਬਾਰਾ ਸਿੰਘ,ਜੱਗਾ ਸਿੰਘ ਪੁੱਤਰ ਜੀਤ ਸਿੰਘ ਦੋਵੇਂ ਵਾਸੀ ਅਸਪਾਲ ਕਲਾਂ ਅਤੇ ਹਰਜੋਤ ਸਿੰਘ ਮਨੀ ਪੁੱਤਰ ਜਸਵੀਰ ਸਿੰਘ ਵਾਸੀ ਅਸਪਾਲ ਖੁਰਦ , ਖ਼ਿਲਾਫ਼ ਮੁਕੱਦਮਾ 59 ਮਿਤੀ 17-4-2023 ਅ/ਧ 15,25/61/85 ND&PS act ਥਾਣਾ ਧਨੌਲਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਐਸ.ਐਸ.ਪੀ. ਮਲਿਕ ਨੇ ਦੱਸਿਆ ਕਿ ਗਿਰਫਤਾਰ ਦੋਸ਼ੀ ਗੁਰਪਾਲ ਸਿੰਘ ਅਪਰਾਧਿਕ ਕਿਸਮ ਦਾ ਵਿਅਕਤੀ ਹੈ, ਇਸ ਦੇ ਖਿਲਾਫ ਪਹਿਲਾਂ ਵੀ ਥਾਣਾ ਧਨੌਲਾ ਅਤੇ ਪਠਾਨਕੋਟ ਵਿਖੇ ਨਸ਼ਾ ਤਸਕਰੀ ਦੇ ਦੋ ਅਤੇ ਥਾਣਾ ਧਨੌਲਾ ਵਿਖੇ ਹੀ ਲੜਾਈ ਝਗੜੇ ਸਬੰਧੀ ਇੱਕ ਕੇਸ ਵੱਖਰਾ ਵੀ ਦਰਜ਼ ਹੈ। ਐਸ.ਐਸ.ਪੀ. ਸੰਦੀਪ ਮਲਿਕ ਨੇ ਕਿਹਾ ਕਿ ਪੁਲਿਸ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ, ਉਨਾਂ ਕਿਹਾ ਕਿ ਕਿਸੇ ਵੀ ਅਪਰਾਧੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।