ਹਰਿੰਦਰ ਨਿੱਕਾ , ਬਰਨਾਲਾ 20 ਅਪ੍ਰੈਲ 2023
ਜਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਦੀ ਅਗਵਾਈ ‘ਚ ਪੁਲਿਸ ਨੇ ਨਸ਼ਾ ਤਸਕਰਾਂ ਤੇ ਸ਼ਿਕੰਜਾ ਕਸਦਿਆਂ ਚੂਰਾ ਪੋਸਤ ਭੁੱਕੀ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਪੁਲਿਸ ਨੇ ਤਿੰਨ ਭੁੱਕੀ ਤਸਕਰਾਂ ਨੂੰ ਗਿਰਫਤਾਰ ਵੀ ਕਰ ਲਿਆ ਹੈ ਤੇ ਮਾਨਯੋਗ ਅਦਾਲਤ ਨੇ ਤਿੰਨੋਂ ਗਿਰਫਤਾਰ ਦੋਸ਼ੀਆਂ ਤੋਂ ਹੋਰ ਸਖਤੀ ਨਾਲ ਪੁੱਛਗਿੱਛ ਕਰਨ ਲਈ ਪੁਲਿਸ ਨੂੰ 4 ਦਿਨ ਦਾ ਪੁਲਿਸ ਰਿਮਾਂਡ ਵੀ ਦੇ ਦਿੱਤਾ। ਇਸ ਸਬੰਧੀ ਮੀਡੀਆ ਨੂੰ ਵਿਸਥਾਰ ਸਹਿਤ ਜਾਣਕਾਰੀ ਐਸ.ਐਸ.ਪੀ. ਸੰਦੀਪ ਮਲਿਕ ਅੱਜ ਖੁਦ ਪ੍ਰੈਸ ਕਾਨਫਰੰਸ ਰਾਹੀਂ ਦੇਣਗੇ। ਜਾਣਕਾਰੀ ਅਨੁਸਾਰ ਭੀਖੀ ਟੀ ਪੁਆਇੰਟ ਧਨੌਲਾ ਵਿਖੇ ਬਾ ਸਿਲਸਿਲਾ ਗਸ਼ਤ ਪੁਲਿਸ ਥਾਣਾ ਧਨੌਲਾ ਦੇ ਐਸ.ਐਚ.ੳ. SI ਲਖਵਿੰਦਰ ਸਿੰਘ ਦੀ ਟੀਮ ਨੂੰ ਮੁਖਬਰ ਤੋਂ 17 ਅਪ੍ਰੈਲ ਦੀ ਬਾਅਦ ਦੁਪਹਿਰ ਕਰੀਬ ਡੇਢ ਵਜੇ ਸੂਚਨਾ ਮਿਲੀ ਸੀ ਕਿ ਗੁਰਪਾਲ ਸਿੰਘ ਪੁੱਤਰ ਦਰਬਾਰਾ ਸਿੰਘ,ਜੱਗਾ ਸਿੰਘ ਪੁੱਤਰ ਜੀਤ ਸਿੰਘ ਦੋਵੇਂ ਵਾਸੀ ਅਸਪਾਲ ਕਲਾਂ ਅਤੇ ਹਰਜੋਤ ਸਿੰਘ ਮਨੀ ਪੁੱਤਰ ਜਸਵੀਰ ਸਿੰਘ ਵਾਸੀ ਅਸਪਾਲ ਖੁਰਦ ,ਬਾਹਰੋ ਸਸਤੇ ਭਾਅਵਿੱਚ ਭੁੱਕੀ ਚੂਰਾ ਪੋਸਤ ਲਿਆ ਕਿ ਵੇਚਣ ਦਾ ਗੈਰਕਾਨੂੰਨੀ ਧੰਦਾ ਕਰਦੇ ਹਨ, ਜੋ ਹੁਣ ਵੀ ਤਿੰਨੋਂ ਜਣੇ ਆਪਣੇ ਟਰਾਲਾ ਨੰਬਰ ਪੀ.ਬੀ. 13 ਬੀਡੀ-5297 ਵਿੱਚ ਭਾਰੀ ਮਾਤਰਾ ‘ਚ ਭੁੱਕੀ ਚੂਰਾ ਪੋਸਤ ਲੋਡ ਕਰਕੇ, ਸੰਗਰੂਰ ਵਾਲੀ ਸਾਈਡ ਤੋਂ ਧਨੌਲਾ ਵੱਲ ਨੂੰ ਮੇਨ ਰੋਡ ਸੰਗਰੂਰ-ਰਾਹੀਂ ਆ ਰਹੇ ਹਨ। ਇਹ ਦੋਸ਼ੀ, ਇਹ ਭੁੱਕੀ ਅਸਪਾਲ ਕਲਾਂ ਤੇ ਹੋਰ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵੇਚਣ ਦੀ ਤਾਕ ਵਿੱਚ ਹਨ। ਜੇਕਰ ਹੁਣੇ ਹੀ ਯੋਜਨਾਬੰਦੀ ਕਰਕੇ,ਆਸਪਾਸ ਇਲਕਿਆਂ ਵਿੱਚ ਨਾਕਾਬੰਦੀ ਕੀਤੀ ਜਾਵੇ ਤਾਂ ਦੋਸ਼ੀ ਫੜ੍ਹੇ ਜਾ ਸਕਦੇ ਹਨ। ਇਤਲਾਹ ਸੱਚੀ ਤੇ ਭਰੋਸੇਯੋਗ ਮੰਨਦੇ ਹੋਏ ਪੁਲਿਸ ਨੇ ਦਰਬਾਰਾ ਸਿੰਘ, ਹਰਜੋਤ ਸਿੰਘ ਮਨੀ ਅਤੇ ਜੱਗਾ ਸਿੰਘ ਦੇ ਖਿਲਾਫ 17 ਅਪ੍ਰੈਲ 2023 ਨੂੰ ਮੁਕੱਦਮਾਂ ਨੰਬਰ 59 , ਅਧੀਨ ਜੁਰਮ ਐਨਡੀਪੀਐਸ ਐਕਟ ਤਹਿਤ ਦਰਜ਼ ਕਰਕੇ,ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪਤਾ ਇਹ ਵੀ ਲੱਗਿਆ ਕਿ ਪੁਲਿਸ ਕੇਸ ਦਰਜ਼ ਕਰਨ ਉਪਰੰਤ ਕਾਫੀ ਮੁਸ਼ਕਤ ਤੋਂ ਬਾਅਦ ਦੋਸ਼ੀਆਂ ਨੂੰ ਗਿਰਫਤਾਰ ਵੀ ਕਰ ਲਿਆ, ਜਿੰਨ੍ਹਾਂ ਨੂੰ 18 ਅਪ੍ਰੈਲ ਦੀ ਦੇਰ ਸ਼ਾਮ ਹੀ ਪੁਲਿਸ ਨੇ ਜੇ.ਐਮ.ਆਈ.ਸੀ. ਸੁਖਮੀਤ ਕੌਰ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਵੀ ਕੀਤਾ ਗਿਆ ਸੀ । ਮਾਨਯੋਗ ਅਦਾਲਤ ਨੇ ਪੁਲਿਸ ਦੀ ਮੰਗ ਤੇ ਦੋਸ਼ੀਆਂ ਦਾ 4 ਦਿਨ ਲਈ ਪੁਲਿਸ ਰਿਮਾਂਡ ਵੀ ਦੇ ਦਿੱਤਾ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪੁਲਿਸ ਨੇ ਦੋਸ਼ੀਆਂ ਤੋਂ ਭੂੱਕੀ ਨਾਲ ਲੱਦਿਆ ਟਰਾਲਾ ਵੀ ਬਰਾਮਦ ਕਰ ਲਿਆ ਹੈ। ਟਰਾਲੇ ਵਿੱਚ ਕਿੰਨ੍ਹੀ ਭੁੱਕੀ ਬਰਾਮਦ ਹੋਈ ਤੇ ਦੌਰਾਨ ਏ ਪੁਲਿਸ ਰਿਮਾਂਡ ਹੋਰ ਕੀ ਪ੍ਰਾਪਤੀ ਹੋਈ ਅਤੇ ਹੋਰ ਕਿਹੜੇ ਦੋਸ਼ੀਆਂ ਨੂੰ ਕੇਸ ਵਿੱਚ ਨਾਮਜਦ ਕੀਤਾ ਗਿਆ ਹੈ, ਇਸ ਦੀ ਵਿਸਥਾਰ ਸਹਿਤ ਜਾਣਕਾਰੀ ਜਿਲ੍ਹਾ ਪੁਲਿਸ ਮੁਖੀ ਅੱਜ ਪ੍ਰੈਸ ਕਾਨਫਰੰਸ ਰਾਹੀਂ ਮੀਡੀਆ ਨੂੰ ਦੇਣਗੇ। ਵਰਨਯੋਗ ਹੈ ਕਿ ਲੰਘੀ ਕੱਲ੍ਹ ਵੀ, ਪੁਲਿਸ ਨੇ ਐਸ.ਪੀ.ਡੀ. ਰਮਨੀਸ਼ ਚੌਧਰੀ ਵੱਲੋਂ ਬਾਅਦ ਦੁਪਿਹਰ 1 ਵਜੇ ਪ੍ਰੈਸ ਕਾਨਫਰੰਸ ਕਰਨ ਸਬੰਧੀ, ਮੀਡੀਆ ਨੂੰ ਮੈਸਜ ਦਿੱਤਾ ਸੀ, ਜੋ ਸਿਰਫ 8 ਮਿੰਟ ਬਾਅਦ ਹੀ, ਕਿਸੇ ਪ੍ਰਬੰਧਕੀ ਕਾਰਣ ਕਰਕੇ, ਪ੍ਰੈਸ ਕਾਨਫਰੰਸ ਪੋਸਟਪੌਨ ਕਰ ਦੇਣ ਬਾਰੇ ਸੂਚਿਤ ਕਰ ਦਿੱਤਾ ਗਿਆ ਸੀ। ਪਤਾ ਲੱਗਿਆ ਹੈ ਕਿ ਉਹੀ ਪ੍ਰੈਸ ਕਾਨਫਰੰਸ ਅੱਜ ਸਾਢੇ ਗਿਆਰਾਂ ਵਜੇ ਰੱਖੀ ਗਈ ਹੈ। ਇਸ ਪ੍ਰੈਸ ਕਾਨਫਰੰਸ ਸਬੰਧੀ ਮੀਡੀਆ ਕਰਮੀਆਂ ਵਿੱਚ ਕਾਫੀ ਉਤਸਕਤਾ ਪਾਈ ਜਾ ਰਹੀ ਹੈ।