ਪੁਨਰ-ਮਿਲਣੀ ਸਮਾਗਮ-25 ਵਰ੍ਹੇ ਪਹਿਲਾਂ SD ਕਾਲਜ ‘ਚ ਬਿਤਾਏ ਪਲ ਯਾਦ ਕਰ ਭਾਵੁਕ ਹੋਏ ਵਿਦਿਆਰਥੀ

Advertisement
Spread information

ਰਘਵੀਰ ਹੈਪੀ , ਬਰਨਾਲਾ, 2 ਅਪ੍ਰੈਲ 2023

ਐੱਸ ਡੀ ਕਾਲਜ ਦੇ 1993-98 ਬੈੱਚ ਦੇ ਕਾਮਰਸ ਵਿਦਿਆਰਥੀਆਂ ਵੱਲੋਂ ਕਾਲਜ ਕੈਂਪਸ ਅੰਦਰ ਇਕ ਸਿਲਵਰ ਜੁਬਲੀ ਪੁਨਰ-ਮਿਲਣੀ  ਸਮਾਗਮ ਦਾ ਆਯੋਜਨ ਕੀਤਾ ਗਿਆ। ਆਪਣੇ ਪਰਿਵਾਰਾਂ ਨਾਲ ਪਹੁੰਚੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਬਹੁਤ ਸ਼ਿੱਦਤ ਨਾਲ ਕਾਲਜ ਵਿਚ ਬਿਤਾਏ ਪੁਰਾਣੇ ਦਿਨਾਂ ਨੂੰ ਯਾਦ ਕੀਤਾ। ਕਾਲਜ ਦੀ ਐੱਨਸੀਸੀ ਟੁਕੜੀ ਇਹਨਾਂ ਵਿਦਿਆਰਥੀਆਂ ਨੂੰ ਗਾਰਡ ਆਫ਼ ਆਨਰ ਦੇ ਕੇ ਕਾਲਜ ਹਾਲ ਤੱਕ ਲੈ ਕੇ ਗਈ। ਸੀ.ਏ. ਰਾਹੁਲ ਦੇਵ ਗਰਗ, ਗਗਨ ਚੀਮਾ, ਰਾਕੇਸ਼ ਕੁਮਾਰ ਕੇਸੀ, ਵਿਪਨ ਗੁਪਤਾ, ਵਿਨੈ ਸਿੰਗਲਾ, ਰੀਤੂ, ਬਿੰਦੀਆ ਅਤੇ ਸਪਨਾ ਦੀ ਅਗਵਾਈ ਵਿਚ ਹੋਏ , ਇਸ ਪੁਨਰ ਮਿਲਣੀ ਸਮਾਗਮ ਵਿਚ ਸਾਬਕਾ ਵਿਦਿਆਰਥੀਆਂ ਨੇ ਬੇਹੱਦ ਭਾਵੁਕ ਅੰਦਾਜ਼ ‘ਚ ਆਪਣੇ ਅਧਿਆਪਕਾਂ ਅਤੇ ਸਾਥੀਆਂ ਨਾਲ ਬਿਤਾਏ ਦਿਨਾਂ ਦਾ ਜ਼ਿਕਰ ਕਰਦਿਆਂ ਹਰ ਤਰਾਂ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਨੂੰ ਸਾਂਝਾ ਕੀਤਾ। ਵਿਦਿਆਰਥੀਆਂ ਨੇ ਸਮੁੱਚੇ ਕੈਂਪਸ ਦਾ ਦੌਰਾ ਵੀ ਕੀਤਾ ਅਤੇ ਆਪਣੇ ਪੁਰਾਣੇ ਕਲਾਸ ਰੂਮ ਵੇਖ ਕੇ ਉਹਨਾਂ ਨੂੰ ਖਾਸ ਤੌਰ ‘ਤੇ ਖੁਸ਼ੀ ਹੋਈ , ਜਿੱਥੇ ਉਨ੍ਹਾਂ  ਆਪਣੇ ਪਰਿਵਾਰ ਅਤੇ ਸਹਿਪਾਠੀਆਂ ਨਾਲ ਮਿਲਕੇ ਯਾਦਗਾਰੀ ਤਸਵੀਰਾਂ ਵੀ ਖਿਚਵਾਈਆਂ।                                       ਐੱਸ ਡੀ ਕਾਲਜ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਉਪ ਪ੍ਰਧਾਨ ਸ੍ਰੀ ਨਰੇਸ਼ ਸਿੰਗਲਾ, ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ, ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ, ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ ਅਤੇ ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਇਸ ਮੌਕੇ ਹਾਜ਼ਰ ਹੋ ਕੇ ਆਪਣੇ ਪੁਰਾਣੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦਿਆਂ ਖੁਸ਼ੀ ਪ੍ਰਗਟ ਕੀਤੀ ਕਿ ਉਸ ਬੈੱਚ ਦੇ ਸਾਰੇ ਵਿਦਿਆਰਥੀ ਕਾਲਜ ਤੋਂ ਵਿੱਦਿਆ ਹਾਸਲ ਕਰਨ ਤੋਂ ਬਾਅਦ ਆਪਣੇ ਆਪਣੇ ਖੇਤਰ ਵਿਚ ਬਹੁਤ ਕਾਮਯਾਬੀ ਨਾਲ ਵਿਚਰ ਰਹੇ ਹਨ। ਵਿਭਾਗ ਦੇ ਮੁਖੀ ਪ੍ਰੋ. ਅਮਰੀਸ਼ ਕੁਮਾਰ, ਪ੍ਰੋ. ਰੇਣੂ ਧਰਨੀ ਅਤੇ ਪ੍ਰੋ. ਨਿਰਮਲ ਗੁਪਤਾ ਨੇ ਕਿਹਾ ਕਿ ਇੱਥੋਂ ਦੇ ਸਾਰੇ ਵਿਦਿਆਰਥੀ ਐੱਸ ਡੀ ਪਰਿਵਾਰ ਦਾ ਹਿੱਸਾ ਹਨ ਅਤੇ ਸੰਸਥਾ ਨੂੰ ਹਮੇਸ਼ਾ ਆਪਣੇ ਵਿਦਿਆਰਥੀਆਂ ‘ਤੇ ਮਾਣ ਰਿਹਾ ਹੈ। ਇਸ ਮੌਕੇ ਸ੍ਰੀਮਤੀ ਸਰੋਜ ਸ਼ਰਮਾ, ਸ੍ਰੀਮਤੀ ਸੀਮਾ ਬਾਂਸਲ, ਪ੍ਰੋ. ਬਲਵਿੰਦਰ ਸ਼ਰਮਾ, ਕਾਮਰਸ ਵਿਭਾਗ ‘ਚ ਰਿਟਾਇਰ ਹੋਏ ਪ੍ਰੋ. ਮਨਮੋਹਨ ਸਿੰਘ ਅਤੇ ਸਾਹਿਤਕਾਰ ਸ੍ਰੀ ਓਮ ਪ੍ਰਕਾਸ਼ ਗਾਸੋ ਵੀ ਮੌਜੂਦ ਸਨ। ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਅਤੇ ਹਾਜ਼ਰ ਸਨਮਾਨਿਤ ਸ਼ਖਸੀਅਤਾਂ ਨੂੰ ਯਾਗਾਰੀ ਚਿੰਨ ਵੀ ਭੇਂਟ ਕੀਤੇ।

Advertisement
Advertisement
Advertisement
Advertisement
Advertisement
Advertisement
error: Content is protected !!