ਰਾਜੇਸ਼ ਗੋਤਮ , ਪਟਿਆਲਾ, 22 ਮਾਰਚ 2023
ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਗੋਭੀ ਸਰ੍ਹੋਂ ‘ਤੇ ਪਿੰਡ ਕੁੱਥਾਖੇੜੀ ਵਿਖੇ ਖੇਤ ਦਿਵਸ ਮਨਾਇਆ ਗਿਆ, ਜਿਸ ‘ਚ 70 ਦੇ ਕਰੀਬ ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਇੰਚਾਰਜ ਕੇ.ਵੀ.ਕੇ. ਡਾ.. ਗੁਰਉਪਦੇਸ਼ ਕੌਰ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਗੋਭੀ ਸਰ੍ਹੋਂ ਦੇ ਤੇਲ ਦੀ ਖੁਰਾਕੀ ਮਹੱਤਤਾ ਅਤੇ ਸੁਚੱਜੇ ਢੰਗ ਨਾਲ ਸਾਂਭਣ ਲਈ ਪ੍ਰੇਰਿਤ ਕੀਤਾ ਅਤੇ ਕੇ.ਵੀ.ਕੇ., ਪਟਿਆਲਾ ਵਿਖੇ ਲਗਾਏ ਜਾਣ ਵਾਲੇ ਵੱਖ-ਵੱਖ ਕਿੱਤਾ-ਮੁਖੀ ਸਿਖਲਾਈ ਬਾਰੇ ਜਾਣਕਾਰੀ ਦਿੱਤੀ।
ਸਹਿਯੋਗੀ ਪ੍ਰੋਫੈਸਰ (ਬਾਗਬਾਨੀ) ਡਾ. ਰਚਨਾ ਸਿੰਗਲਾ ਨੇ ਫਲਦਾਰ ਬੂਟਿਆਂ ਦੀ ਕਾਸ਼ਤ ਬਾਰੇ ਅਤੇ ਪਰਾਲੀ ਦੀ ਸੁਚੱਜੀ ਵਰਤੋਂ ਬਾਰੇ ਦੱਸਿਆ। ਇਸ ਦੇ ਨਾਲ ਹੀ ਪਰਾਲੀ ਸਾੜਨ ਨਾਲ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਅਤੇ ਮਿੱਟੀ ਵਿਚੋਂ ਹੋਰ ਖੁਰਾਕੀ ਤੱਤ ਨਸ਼ਟ ਹੋਣ ਬਾਰੇ ਜਾਗਰੂਕ ਕੀਤਾ। ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ)ਡਾ. ਹਰਦੀਪ ਸਿੰਘ ਸਭੀਖੀ ਨੇ ਗੋਭੀ ਸਰ੍ਹੋਂ ਨੂੰ ਹੋ ਰਹੇ ਨੁਕਸਾਨ ਅਤੇ ਮੌਸਮ ਅਨੁਸਾਰ ਫ਼ਸਲ ਵਿਚ ਆਉਣ ਵਾਲੀਆਂ ਬਿਮਾਰੀਆਂ ਅਤੇ ਕੀੜਿਆਂ ਦੀ ਰੋਕਥਾਮ ਬਾਰੇ ਜਾਗਰੂਕ ਕੀਤਾ।
ਇਸ ਮੌਕੇ ਪਿੰਡ ਕੁੱਥਾਖੇੜੀ ਅਤੇ ਨੇੜਲੇ ਪਿੰਡਾਂ ਤੋਂ ਆਏ ਉੱਦਮੀ ਕਿਸਾਨਾਂ ਨਾਲ ਤੇਲ ਬੀਜ ਫ਼ਸਲਾਂ ਦੇ ਪ੍ਰਬੰਧਨ ਲਈ ਵਿਚਾਰ-ਵਟਾਂਦਰਾ ਕੀਤਾ। ਅਗਾਂਹਵਧੂ ਕਿਸਾਨ ਅਜੀਤ ਸਿੰਘ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਰੌਣੀ, ਪਟਿਆਲਾ ਦਾ ਇਸ ਪਿੰਡ ਵਿਖੇ ਖੇਤੀਬਾੜੀ ਦਾ ਕੈਂਪ ਲਾਉਣ ਦਾ ਧੰਨਵਾਦ ਕੀਤਾ। ਅਗਾਂਹਵਧੂ ਕਿਸਾਨ ਗੁਰਮੇਲ ਸਿੰਘ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਰੌਣੀ ਨੂੰ ਬੇਨਤੀ ਕੀਤੀ ਕਿ ਇਸ ਤਰ੍ਹਾਂ ਦੇ ਖੇਤੀਬਾੜੀ ਵਾਲੇ ਪ੍ਰੋਗਰਾਮ ਇਸ ਪਿੰਡ ਵਿਚ ਲਗਾਏ ਜਾਣ ਤਾਂ ਜੋ ਕਿਸਾਨਾਂ ਨੂੰ ਲਾਹੇਵੰਦ ਜਾਣਕਾਰੀ ਮਿਲ ਸਕੇ। ਡਾ. ਗੁਰਉਪਦੇਸ਼ ਕੌਰ ਨੇ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ।