ਬੀ.ਟੀ.ਐਨ. ਫਾਜਿ਼ਲਕਾ, 22 ਮਾਰਚ 2023
ਪ੍ਰਧਾਨ ਮੰਤਰੀ ਮਤਸਯ ਪਾਲਣ ਯੋਜਨਾ ਤਹਿਤ ਫਾਜਿ਼ਲਕਾ ਜਿ਼ਲ੍ਹੇ ਵਿਚ ਝੀਂਗਾ ਅਤੇ ਮੱਛੀ ਪਾਲਣ ਨੂੰ ਉਤਸਾਹਿਤ ਕਰਨ ਲਈ ਅਗਲੇ ਦੋ ਵਿੱਤੀ ਵਰਿਆਂ ਲਈ ਕਾਰਜਯੋਜਨਾ ਨੂੰ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਦੀ ਪ੍ਰਧਾਨਗੀ ਵਾਲੀ ਕਮੇਟੀ ਵੱਲੋਂ ਪ੍ਰਵਾਨ ਕੀਤਾ ਗਿਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਫਾf਼ਜਲਕਾ ਜਿ਼ਲ੍ਹਾ ਜਿੱਥੇ ਧਰਤੀ ਹੇਠਲਾ ਪਾਣੀ ਖਾਰਾ ਹੈ ਵਿਚ ਝੀਂਗਾ ਪਾਲਣ ਦੀਆਂ ਅਪਾਰ ਸੰਭਾਵਨਾਵਾਂ ਹਨ ਅਤੇ ਵੱਡੀ ਗਿਣਤੀ ਵਿਚ ਕਿਸਾਨ ਝੀਂਗਾ ਪਾਲਣ ਕਰ ਵੀ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦੇ ਇਕ ਹੈਕਟੇਅਰ ਦੇ ਯੁਨਿਟ ਦੀ ਲਾਗਤ 14 ਲੱਖ ਰੁਪਏ ਹੈ ਜਿਸ ਵਿਚੋਂ ਜਨਰਲ ਸ਼ੇ੍ਰਣੀ ਲਈ 40 ਫੀਸਦੀ ਅਤੇ ਔਰਤਾਂ, ਐਸ ਸੀ ਐਸ ਟੀ ਲਈ 60 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਤੋਂ ਬਿਨ੍ਹਾਂ ਮਿੱਠੇ ਪਾਣੀ ਦੀ ਮੱਛੀ ਦੀ ਕਾਸਤ ਵੀ ਕੀਤੀ ਜਾ ਸਕਦੀ ਹੈ ਜਿਸ ਲਈ ਵੀ ਸਬਸਿਡੀ ਉਪਲਬੱਧ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿ਼ਲ੍ਹੇ ਵਿਚ ਮੱਛੀ ਪਾਲਣ ਨੂੰ ਪ੍ਰਫੁਲਿਤ ਕਰਨ ਲਈ ਇਹ ਕਾਰਜ ਯੋਜਨਾ ਤਿਆਰ ਕੀਤੀ ਗਈ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੱਛੀ ਪਾਲਣ ਅਤੇ ਝੀਂਗਾ ਪਾਲਣ ਦਾ ਕਿੱਤਾ ਕਰਨ ਲਈ ਅਗਵਾਈ ਲੈਣ ਅਤੇ ਸਬਸਿਡੀ ਦਾ ਲਾਭ ਲੈਣ ਲਈ ਮੱਛੀ ਪਾਲਣ ਵਿਭਾਗ ਨਾਲ ਰਾਬਤਾ ਕਰਨ।
ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਮੱਛੀ ਦੀ ਮਾਰਕਟਿੰਗ ਲਈ ਆਇਸ ਬਾਕਸ ਸਮੇਤ ਮੋਟਰ ਸਾਇਕਲ, ਇੰਸੂਲੇਟਡ ਵਾਹਨ, ਸਟੋਰ ਆਦਿ ਲਈ ਵੀ ਸਬਸਿਡੀ ਦਿੱਤੀ ਜਾ ਰਹੀ ਹੈ।
ਇਸ ਮੌਕੇ ਵਿਭਾਗ ਦੇ ਸਹਾਇਕ ਡਾਇਰੈਕਟਰ ਦਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਕਿਸਾਨ ਮੱਛੀ ਪਾਲਣ ਵਿਚ ਰੂਚੀ ਵਿਖਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇੱਛੁਕ ਕਿਸਾਨਾਂ ਦੇ ਪਹਿਲਾਂ ਮਿੱਟੀ ਤੇ ਪਾਣੀ ਦੇ ਨਮੂਨੇ ਦੀ ਜਾਂਚ ਕਰਵਾਈ ਜਾਂਦੀ ਹੈ ਅਤੇ ਜ਼ੇਕਰ ਇਹ ਮੱਛੀ ਪਾਲਣ ਦੇ ਯੋਗ ਹੋਵੇ ਤਾਂ ਫਿਰ ਮਾਲ ਰਿਕਾਰਡ ਲੈ ਕੇ ਅਗਲਾ ਕੇਸ ਤਿਆਰ ਕੀਤਾ ਜਾਂਦਾ ਹੈ ਅਤੇ ਕਿਸਾਨਾਂ ਨੂੰ ਸਿਖਲਾਈ ਵੀ ਦਿੱਤੀ ਜਾਂਦੀ ਹੈ। ਇਸ ਮੌਕੇ ਮੱਛੀ ਅਫ਼ਸਰ ਕੋਕਮ ਕੌਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।