ਹੁਣ ਤੱਕ 1.20 ਲੱਖ ਤੋਂ ਵਧੇਰੇ ਪ੍ਰਵਾਸੀਆਂ ਨੂੰ ਭੇਜਿਆ ਜਾ ਚੁੱਕੈ ਉਨ੍ਹਾਂ ਦੇ ਸੂਬਿਆਂ ਨੂੰ
ਪ੍ਰਵਾਸੀ ਮਜ਼ਦੂਰਾਂ ਦੀ ਆਪਣੇ ਸੂਬਿਆਂ ਨੂੰ ਸੁਰੱਖਿਅਤ ਵਾਪਸੀ ਲਈ ਹਰ ਸੰਭਵ ਯਤਨ ਜਾਰੀ ਰਹਿਣਗੇ-ਡਿਪਟੀ ਕਮਿਸ਼ਨਰ
ਦਵਿੰਦਰ ਡੀ.ਕੇ. ਲੁਧਿਆਣਾ 20 ਮਈ2020
ਪ੍ਰਵਾਸੀ ਲੋਕਾਂ ਨੂੰ ਉਨ੍ਹਾਂ ਦੇ ਸੂਬਿਆਂ ਵਿੱਚ ਛੱਡਣ ਲਈ ਜ਼ਿਲ੍ਹਾ ਲੁਧਿਆਣਾ ਤੋਂ 100ਵੀਂ ਰੇਲ ਅੱਜ ਸਥਾਨਕ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ। ਇਨ੍ਹਾਂ ਰੇਲਾਂ ਰਾਹੀਂ ਹੁਣ ਤੱਕ ਜ਼ਿਲ੍ਹਾ ਲੁਧਿਆਣਾ ਤੋਂ 1.20 ਲੱਖ ਤੋਂ ਵਧੇਰੇ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਸੂਬਿਆਂ ਲਈ ਭੇਜਿਆ ਜਾ ਚੁੱਕਾ ਹੈ। ਪ੍ਰਵਾਸੀਆਂ ਨੂੰ ਲਿਜਾਣ ਲਈ ਪਹਿਲੀ ਰੇਲ 5 ਮਈ, 2020 ਨੂੰ ਲੁਧਿਆਣਾ ਤੋਂ ਰਵਾਨਾ ਹੋਈ ਸੀ। ਅੱਜ ਦੇਰ ਰਾਤ ਹਰਦੋਈ ਲਈ 100ਵੀਂ ਰੇਲ ਰਵਾਨਾ ਹੋਈ, ਜਿਸ ਨੂੰ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਅਗਰਵਾਲ, ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਕੰਵਲ ਪ੍ਰੀਤ ਕੌਰ ਬਰਾੜ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਦੱਸਣਯੋਗ ਹੈ ਕਿ ਲੁਧਿਆਣਾ ਤੋਂ ਇਲਾਵਾ ਜਲੰਧਰ, ਪਟਿਆਲਾ, ਅਜੀਤਗੜ੍ਹ (ਮੋਹਾਲੀ), ਸ੍ਰੀ ਅੰਮ੍ਰਿਤਸਰ ਸਾਹਿਬ, ਫਿਰੋਜ਼ਪੁਰ, ਸਰਹਿੰਦ ਅਤੇ ਬਠਿੰਡਾ ਤੋਂ ਵੀ ਰੋਜਾਨਾ ਰੇਲਾਂ ਰਵਾਨਾ ਹੋ ਰਹੀਆਂ ਹਨ। ਹਰੇਕ ਰੇਲ ਵਿੱਚ 1200 ਯਾਤਰੀ ਭੇਜੇ ਜਾ ਰਹੇ ਹਨ। ਲੁਧਿਆਣਾ ਤੋਂ ਹੁਣ ਤੱਕ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਮਨੀਪੁਰ, ਝਾਰਖੰਡ ਅਤੇ ਹੋਰ ਸੂਬਿਆਂ ਲਈ ਰੇਲਾਂ ਰਵਾਨਾ ਹੋਈਆਂ ਹਨ।
ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਤੋਂ 7.5 ਲੱਖ ਤੋਂ ਵਧੇਰੇ ਪ੍ਰਵਾਸੀ ਲੋਕਾਂ ਵੱਲੋਂ ਆਪਣੇ ਸੂਬੇ ਨੂੰ ਜਾਣ ਲਈ ਆਨਲਾਈਨ ਅਪਲਾਈ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਹੁਣ ਜਿਆਦਾਤਰ ਲੋਕ ਲੁਧਿਆਣਾ ਤੋਂ ਜਾਣਾ ਨਹੀਂ ਚਾਹੁੰਦੇ ਕਿਉਂਕਿ ਸ਼ਹਿਰ ਵਿੱਚ ਸਨਅਤਾਂ ਮੁੜ ਤੋਂ ਚੱਲ ਪਈਆਂ ਹਨ ਅਤੇ ਲੋਕਾਂ ਨੂੰ ਮੁੜ ਰੋਜ਼ਗਾਰ ਨਾਲ ਜੁੜਨ ਦਾ ਮੌਕਾ ਮਿਲ ਗਿਆ ਹੈ।
ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਅਗਲੇ ਦਿਨਾਂ ਦੌਰਾਨ ਰੇਲਾਂ ਦੀ ਗਿਣਤੀ ਹੋਰ ਵਧਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਬੱਸਾਂ ਰਾਹੀਂ ਭੇਜਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਪ੍ਰਵਾਸੀਆਂ ਦਾ ਰੇਲ ਕਿਰਾਇਆ, ਭੋਜਨ, ਪਾਣੀ, ਰੇਲਵੇ ਸਟੇਸ਼ਨ ਤੱਕ ਪਹੁੰਚਾਉਣ ਦਾ ਸਾਰਾ ਖਰਚਾ ਉਠਾਇਆ ਜਾ ਰਿਹਾ ਹੈ। ਹਰੇਕ ਯਾਤਰੀ ਦੀ ਸਕਰੀਨਿੰਗ ਕਰਨ ਉਪਰੰਤ ਉਨ੍ਹਾਂ ਨੂੰ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ। ਅਗਲੇ ਦਿਨਾਂ ਦੌਰਾਨ ਜਿਆਦਾ ਤੋਂ ਜਿਆਦਾ ਪ੍ਰਵਾਸੀ ਲੋਕਾਂ ਨੂੰ ਭੇਜਣ ਲਈ ਹੋਰ ਰੇਲਾਂ ਚਲਾਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਇਸ ਕੰਮ ਵਿੱਚ ਬਹੁਤ ਪਾਰਦਰਸ਼ਤਾ ਰੱਖੀ ਜਾ ਰਹੀ ਹੈ। ਯਾਤਰੀਆਂ ਨੂੰ ਦਿੱਤੀ ਜਾਂਦੀ ਮੈਡੀਕਲ ਸਲਿੱਪ ‘ਤੇ ਬਾਰਕੋਡ ਲਗਾਇਆ ਜਾ ਰਿਹਾ ਹੈ। ਯਾਤਰੀਆਂ ਦੀ ਜਦੋਂ ਗੁਰੂ ਨਾਨਕ ਸਟੇਡੀਅਮ ਵਿਖੇ ਸਕਰੀਨਿੰਗ ਹੁੰਦੀ ਹੈ ਅਤੇ ਟਿਕਟ ਜਾਰੀ ਕੀਤੀ ਜਾਂਦੀ ਹੈ ਤਾਂ ਉਸ ਦਾ ਬਾਰਕੋਡ ਸਕੈਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਪੁਰਨੀਆ, ਸੀਤਾਮੜੀ, ਆਜ਼ਮਗੜ੍ਹ, ਗੋਰਖ਼ਪੁਰ, ਬਸਤੀ, ਉਨਾਓ, ਗੌਂਡਾ, ਜੌਨਪੁਰ, ਹਰਦੋਈ ਅਤੇ ਅਕਬਰਪੁਰ ਲਈ ਰੇਲਾਂ ਰਵਾਨਾ ਹੋਈਆਂ। ਸ੍ਰੀ ਅਗਰਵਾਲ ਨੇ ਇਨ੍ਹਾਂ ਰੇਲਾਂ ਦੀ ਰਵਾਨਗੀ ਲਈ ਵੱਖ-ਵੱਖ ਵਿਭਾਗਾਂ ਅਤੇ ਅਧਿਕਾਰੀਆਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਹੁਣ ਤੱਕ 5214 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚੋਂ 4831 ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ ਅਤੇ 383 ਦੇ ਨਤੀਜੇ ਉਡੀਕੇ ਜਾ ਰਹੇ ਹਨ ਅਤੇ 4578 ਰਿਪੋਰਟਾਂ ਨੈਗੇਟਿਵ ਆਈਆਂ ਹਨ। ਜ਼ਿਲ੍ਹਾ ਲੁਧਿਆਣਾ ਵਿੱਚ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 176 ਅਤੇ ਹੋਰ ਜ਼ਿਲਿ੍ਹਆਂ ਦੀ ਗਿਣਤੀ 77 ਹੋ ਗਈ ਹੈ। ਅੱੱਜ ਤੱਕ ਜ਼ਿਲ੍ਹਾ ਲੁਧਿਆਣਾ ਵਿੱਚ ਸਿਹਤਯਾਬ ਹੋਏ ਮਰੀਜ਼ਾਂ ਦੀ ਗਿਣਤੀ 130 ਹੋ ਗਈ ਹੈ। ਜਦਕਿ ਮੌਤਾਂ ਦੀ ਗਿਣਤੀ 12 ਹੋ ਗਈ ਹੈ, ਜਿਨ੍ਹਾਂ ਵਿੱਚੋਂ 7 ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ ਹਨ।