ਹਰਪ੍ਰੀਤ ਕੌਰ ਬਬਲੀ , ਸੰਗਰੂਰ 4 ਫਰਵਰੀ 2023
ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਮੁਹੱਲਾ ਕਲੀਨਿਕ ਖੋਲ੍ਹ ਕੇ ਸਿਹਤ ਸਹੂਲਤਾਂ ਦੇਣ ਦੇ ਨਾਂਅ ‘ਤੇ ਡਰਾਮੇਬਾਜੀ ਕਰ ਰਹੀ ਹੈ | ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦਾ ਸਿਰਫ ਦਿਖਾਵਾ ਹੀ ਕੀਤਾ ਜਾ ਰਿਹਾ, ਜਦੋਂਕਿ ਅਸਲ ਵਿੱਚ ਪਹਿਲਾਂ ਤੋਂ ਚੱਲ ਰਹੇ ਸਿਹਤ ਕੇਂਦਰਾਂ ਤੇ ਹਸਪਤਾਲਾਂ ਦਾ ਨਾਂਅ ਬਦਲ ਕੇ ਕਲੀਨਿਕ ਰੱਖਣ ਤੱਕ ਹੀ ‘ਆਪ ਸਰਕਾਰ’ ਸੀਮਿਤ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਜਥੇਬੰਦਕ ਸਕੱਤਰ ਅਤੇ ਹਲਕਾ ਸੰਗਰੂਰ ਦੇ ਇੰਚਾਰਜ਼ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ ਨੇ ਪਾਰਟੀ ਦੇ ਸਥਾਨਕ ਦਫਤਰ ਤੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ | ਇਸ ਮੌਕੇ ਉਨ੍ਹਾਂ ਦੇ ਨਾਲ ਦਫਤਰ ਸਕੱਤਰ ਕੁਲਵੰਤ ਸਿੰਘ ਲੱਡੀ ਵੀ ਮੌਜੂਦ ਸਨ |
ਉਨ੍ਹਾਂ ਕਿਹਾ ਕਿ ਜੇਕਰ ਮੌਜੂਦਾ ਪੰਜਾਬ ਸਰਕਾਰ ਸਹੀ ਮਾਇਨੇ ਵਿੱਚ ਪੰਜਾਬ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣਾ ਚਾਹੁੰਦੀ ਹੈ ਤਾਂ ਪਹਿਲਾਂ ਤੋਂ ਚੱਲ ਰਹੇ ਸਿਹਤ ਕੇਂਦਰਾਂ ਅਤੇ ਹਸਪਤਾਲਾਂ ਵਿੱਚਲੀਆਂ ਹਰ ਪ੍ਰਕਾਰ ਦੀਆਂ ਘਾਟਾਂ ਨੂੰ ਦੂਰ ਕਰੇ | ਲੋੜੀਂਦੀ ਸਟਾਫ ਦੀ ਤੈਨਾਤੀ ਕੀਤੀ ਜਾਵੇ, ਤਾਂ ਜੋ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਰੋਜਾਨਾ ਖੱਜਲ ਖੁਆਰ ਹੋਣ ਵਾਲੇ ਲੋਕਾਂ ਨੂੰ ਰਾਹਤ ਮਿਲ ਸਕੇ | ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਚੱਲ ਰਹੀਆਂ ਸਰਕਾਰੀ ਸਿਹਤ ਸੰਸਥਾਵਾਂ ‘ਤੇ ਸਿਰਫ ਨਾਂਅ ਬਦਲ ਕੇ ਲਿਖਣ ਨਾਲ ਸਿਹਤ ਸਹੂਲਤਾਂ ਨਹੀਂ ਮਿਲਣੀਆਂ, ਸਗੋਂ ਉਨ੍ਹਾਂ ਵਿਚਲੀਆਂ ਘਾਟਾਂ ਨੂੰ ਦੂਰ ਕਰਕੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹਨ | ਉਨ੍ਹਾਂ ਕਿਹਾ ਕਿ ਮੁਹੱਲਾ ਕਲੀਨਿਕਾਂ ਰਾਹੀਂ ਸਿਹਤ ਸਹੂਲਤਾਂ ਦੇਣ ਦੀ ਆੜ ਵਿੱਚ ਆਮ ਆਦਮੀ ਪਾਰਟੀ ਸਿਰਫ ਪੈਸੇ ਦੀ ਬਰਬਾਦੀ ਕਰ ਰਹੀ ਹੈ, ਹੋਰ ਕੁਝ ਨਹੀਂ | ਉਨ੍ਹਾਂ ਪੰਜਾਬ ਦੀ ਖੁਸ਼ਹਾਲੀ ਤੇ ਤਰੱਕੀ ਲਈ ਸ਼੍ਰੋਮਣੀ ਅਕਾਲੀ ਦਲ (ਅ) ਨਾਲ ਜੁੜਣ ਦੀ ਅਪੀਲ ਵੀ ਕੀਤੀ |