ਬੱਚਿਆਂ ਵਲੋ ਕਰਵਾਏ ਗਏ ਪੋਸਟਰ ਮੇਕਿੰਗ ਮੁਕਾਬਲੇ
ਬਿੱਟੂ ਜਲਾਲਾਬਾਦੀ , ਫਾਜ਼ਿਲਕਾ, 4 ਫਰਵਰੀ 2023
ਸਿਹਤ ਬਲਾਕ ਡੱਬਵਾਲਾ ਕਲਾਂ ਵੱਲੋਂ ਕੌਮੀ ਕੈਂਸਰ ਜਾਗਰੂਕਤਾ ਦਿਵਸ ਮੌਕੇ ਸਿਵਲ ਸਰਜਨ ਫਾਜ਼ਿਲਕਾ ਡਾ ਸਤੀਸ਼ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਪੰਕਜ ਚੌਹਾਨ ਦੀ ਅਗਵਾਈ ਵਿੱਚ ਆਪਣੇ ਅਧੀਨ ਪਿੰਡਾਂ ਵਿੱਚ ਕੈਂਸਰ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਸੀਨੀਅਰ ਮੈਡੀਕਲ ਅਫ਼ਸਰ ਡਾ. ਪੰਕਜ ਚੌਹਾਨ ਨੇ ਮੂੰਹ ਦੇ ਕੈਂਸਰ ਬਾਰੇ ਦੱਸਦੇ ਹੋਏ ਕਿਹਾ ਕਿ ਘਰਾਂ ਦੇ ਨੇੜੇ ਮੁਫ਼ਤ ਜਾਂਚ ਲਈ ਸਿਹਤ ਤੰਦਰੁਸਤੀ ਕੇਂਦਰਾਂ ਵਿੱਚ ਗੈਰ-ਸੰਚਾਰੀ ਬੀਮਾਰੀਆਂ ਖਾਸ ਤੌਰ ‘ਤੇ ਕੈਂਸਰ ਦੀ ਜਾਗਰੂਕਤਾ ਕਰਨ ਦੇ ਨਾਲ-ਨਾਲ ਇਹਨਾਂ ਬੀਮਾਰੀਆਂ ਦੀ ਮੁੱਢਲੇ ਪੜਾਵਾਂ ‘ਤੇ ਜਾਂਚ ਕਰਕੇ ਜ਼ਰੂਰੀ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ। ਸੰਤੁਲਿਤ ਭੋਜਨ, ਰੋਜ਼ਾਨਾ ਕਸਰਤ ਕਰਨ ਅਤੇ ਤੰਬਾਕੂ, ਸ਼ਰਾਬ ਤੋਂ ਪਰਹੇਜ਼ ਕਰਨੀ ਚਾਹੀਦੀ ਹੈ। ਸਮੂਦਾਇਕ ਸਿਹਤ ਕੇਂਦਰ ਡੱਬਵਾਲਾ ਕਲਾਂ ਵਲੋ ਸੀਨੀਅਰ ਸੈਕੰਡਰੀ ਸਕੂਲ ਮੁਹੰਮਦ ਪੀਰਾ ਵਿਖੇ ਬਲਾਕ ਪੱਧਰੀ ਜਾਗਰੂਕਤਾ ਸੈਮੀਨਾਰ ਵਿੱਚ ਬਲਾਕ ਐਜੂਕੇਟਰ ਦਿਵੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਰੀਰ ਵਿੱਚ ਗਿਲਟੀ, ਲਗਾਤਾਰ ਖੰਘ ਅਤੇ ਆਵਾਜ਼ ਵਿਚ ਭਾਰੀਪਣ, ਮੂੰਹ ਵਿੱਚ ਨਾਂ ਠੀਕ ਹੋਣ ਵਾਲੇ ਛਾਲੇ ਅਤੇ ਮਹਾਂਮਾਰੀ ਤੋਂ ਇਲਾਵਾ ਖੂਨ ਪੈਣਾ ਆਦਿ ਕੈਂਸਰ ਦੇ ਲੱਛਣ ਹਨ। ਉਨ੍ਹਾਂ ਕਿਹਾ ਕਿ ਇਹ ਲੱਛਣ ਹੋਣ ਤੇ ਹਸਪਤਾਲ ਵਿੱਚ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ। ਪੰਜਾਬ ਸਰਕਾਰ ਵੱਲੋਂ ਸਾਰੇ ਮੈਡੀਕਲ ਕਾਲਜਾਂ ਅਤੇ ਸੂਚੀ ਬੱਧ ਹਸਪਤਾਲਾਂ ਵਿੱਚ ਕੈਂਸਰ ਦੀ ਬੀਮਾਰੀ ਦੇ ਇਲਾਜ ਲਈ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਤਹਿਤ ਡੇਢ ਲੱਖ ਤੱਕ ਦਾ ਨਗਦੀ ਰਹਿਤ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸਰਬੱਤ ਸਿਹਤ ਬੀਮਾ ਯੋਜਨਾ ਮਲਟੀ-ਸਪੈਸ਼ਲਿਸਟ ਹਸਪਤਾਲਾਂ ਵਿੱਚ ਕੈਂਸਰ ਮਰੀਜਾਂ ਨੂੰ ਨਕਦੀ ਰਹਿਤ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਲਈ ਮਦਦਗਾਰ ਸਾਬਿਤ ਹੋ ਰਹੀ ਹੈ। ਇਸ ਮੌਕੇ ਸਟਾਫ ਵੱਲੋਂ ਵੱਖ ਵੱਖ ਸਿਹਤ ਕੇਂਦਰਾਂ ਵਿੱਚ ਲੋਕਾਂ ਨੂੰ ਪ੍ਰਚਾਰ ਸਮੱਗਰੀ ਰਾਹੀਂ ਜਾਗਰੂਕ ਕੀਤਾ ਗਿਆ। ਪੋਸਟਰ ਮੇਕਿੰਗ ਮੁਕਾਬਲੇ ਵਿਚ ਭਾਗ ਲੈਣ ਵਾਲੇ ਬਚਿਆ ਨੂੰ ਸੰਸਥਾ ਵਲੋ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਸਕੂਲ ਪ੍ਰਿੰਸੀਪਲ ਸਮਰਿਧੀ ਕਟਾਰੀਆ ਤੇ ਵਿਗਿਆਨ ਅਧਿਆਪਕ ਹੁਕੁਮ ਚੰਦ ਸ਼ਾਮਿਲ ਸੀ।