ਬਰਨਾਲਾ ਕਲੱਬ ਨੇ ਸਰਕਾਰੀ ਹੁਕਮਾਂ ਦੀਆਂ ਉਡਾਈਆਂ ਧੱਜੀਆਂ , ਮੁਲਾਜਮਾਂ ਨੂੰ ਅੱਧੀ ਤਨਖ਼ਾਹ ਦੇ ਕੇ ਬੁੱਤਾ ਸਾਰਿਆ…
ਹਰਿੰਦਰ ਨਿੱਕਾ ਬਰਨਾਲਾ 16 ਮਈ 2020
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਸਰਪ੍ਰਸਤੀ ਅਧੀਨ ਚੱਲ ਰਹੀ ਸ਼ਹਿਰ ਦੀ ਸਭ ਤੋ ਅਮੀਰ ਅਤੇ ਪ੍ਰਸਿੱਧ ਸੰਸਥਾ ਬਰਨਾਲਾ ਕਲੱਬ ਨੇ ਆਪਣੇ ਗਰੀਬ ਕਰਮਚਾਰੀਆਂ ਦੀਆਂ ਤਨਖਾਹਾਂ ਦੇਣ ਲਈ ਹੱਥ ਘੁੱਟ ਲਿਆ ਹੈ। ਕਲੱਬ ਦੇ ਅਜਹਿੇ ਫੈਸਲੇ ਨੇ ਸਰਕਾਰ ਦੁਆਰਾ ਕਰਮਚਾਰੀਆਂ ਨੂੰ ਲੌਕਡਾਉਨ ਦੇ ਸਮੇਂ ਤਨਖਾਹਾਂ ਦੇਣ ਲਈ ਜਾਰੀ ਕੀਤੇ ਹੁਕਮਾਂ ਦੀਆਂ ਸਰਕਾਰੀ ਸ੍ਰਪਰਸਤੀ ਹੇਠ ਚੱਲ ਰਹੀ ਸੰਸਥਾ ਬਰਨਾਲਾ ਕਲੱਬ ਨੇ ਹੀ ਧੱਜੀਆਂ ਉਡਾ ਦਿੱਤੀਆਂ ਹਨ।
ਸ਼ਹਿਰ ਦੇ ਧੁਰ ਅੰਦਰ ਕਰੀਬ ਢਾਈ ਏਕੜ ਦੇ ਸਰਕਾਰੀ ਰਕਬੇ ਵਿੱਚ ਕਰੋੜਾਂ ਰੁਪੱਈਆਂ ਦੀ ਲਾਗਤ ਨਾਲ ਬਣੇ ਬਰਨਾਲਾ ਕਲੱਬ ਦੇ ਕੁੱਲ 20 ਕਰਮਚਾਰੀ ਹਨ। ਜਿੰਨ੍ਹਾਂ ਵਿੱਚ ਸਫਾਈ ਸੇਵਕ ਅਤੇ ਹੋਰ ਦਰਜਾ ਚਾਰ ਕਰਮਚਾਰੀਆਂ ਦਾ ਗੁਜਾਰਾ ਕਲੱਬ ਵਿੱਚੋਂ ਮਿਲਦੀ ਤਨਖ਼ਾਹ ਤੇ ਹੀ ਟਿਕਿਆ ਹੋਇਆ ਹੈ। ਕਲੱਬ ਦੇ ਸਮੂਹ ਕਰਮਚਾਰੀਆਂ ਨੂੰ ਕਰੀਬ ਪੌਣੇ 2 ਲੱਖ ਰੁਪਏ ਦੀ ਤਨਖ਼ਾਹ ਹਰ ਮਹੀਨੇ ਇਸ ਕਲੱਬ ਵੱਲੋਂ ਦਿੱਤੀ ਜਾਂਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਰਨਾਲਾ ਕਲੱਬ ਦੇ ਇੱਕ ਹਜ਼ਾਰ ਦੇ ਕਰੀਬ ਮੈਂਬਰ ਹਨ, ਜਿੰਨ੍ਹਾਂ ਤੋਂ ਸਲਾਨਾ ਕਰੀਬ 1 ਕਰੋੜ ਰੁਪਏ ਦੇ ਲੱਗਭੱਗ ਇਕੱਤਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕਲੱਬ ਦੇ ਮੈਂਬਰ ਬਣਨ ਦੀ ਫੀਸ ਵੀ 80 ਹਜ਼ਾਰ ਰੁਪੈ ਹੈ। ਸ਼ਹਿਰ ਦੇ ਮੰਨੇ ਪ੍ਰਮੰਨੇ ਅਮੀਰ ਵੀ ਇਸ ਕਲੱਬ ਦੇ ਮੈਂਬਰ ਹਨ। ਕਲੱਬ ਦੇ ਗਰੀਬ ਮੁਲਾਜਮਾਂ ਨੂੰ ਘੱਟ ਤਨਖ਼ਾਹ ਦੇਣ ਦੀ ਭਿਣਕ ਪੈਂਦਿਆਂ ਹੀ ਕਲੱਬ ਦੇ ਕੁਝ ਮੈਂਬਰਾਂ ਨੇ ਇਸ ਦਾ ਕਾਫ਼ੀ ਬੁਰਾ ਵੀ ਮਨਾਇਆ ਹੈ ਅਤੇ ਤਨਖ਼ਾਹ ਕਟੌਤੀ ਨੂੰ ਗਰੀਬ ਮੁਲਾਜਮਾਂ ਨਾਲ ਸਰਾਸਰ ਧੱਕਾ ਕਰਾਰ ਦਿੱਤਾ ਹੈ।
ਵਿੱਤੀ ਸੰਕਟ ਵਿੱਚ ਘਿਰੀ ਅਮੀਰ ਸੰਸਥਾ ?
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਰੀਬ ਇੱਕ ਕਰੋੜ ਰੁਪਏ ਦੇ ਸਲਾਨਾ ਬਜਟ ਵਾਲੀ ਇਹ ਸੰਸਥਾ ਇੰਨ੍ਹੀ ਦਿਨੀਂ ਵਿੱਤੀ ਸੰਕਟ ਨਾਲ ਜੂਝ ਰਹੀ ਹੈ। ਪ੍ਰੰਤੂ ਕਰੋੜਾਂ ਰੁਪੈ ਦੇ ਸਲਾਨਾ ਬਜਟ ਵਾਲੇ ਬਰਨਾਲਾ ਕਲੱਬ ਦੇ ਵਿੱਤੀ ਸੰਕਟ ਵਿੱਚ ਘਿਰੇ ਹੋਣ ਦੀਆਂ ਗੱਲਾਂ ਕਿਸੇ ਵੀ ਵਿਅਕਤੀ ਨੂੰ ਹਜ਼ਮ ਨਹੀਂ ਆ ਰਹੀਆਂ। ਸ਼ਹਿਰ ਦੇ ਨਾਮਵਰ ਲੋਕਾਂ ਦਾ ਮੰਨਣਾ ਹੈ ਕਿ ਕਰੋੜਾਂ ਰੁਪੈ ਦੇ ਸਲਾਨਾ ਬਜਟ ਵਾਲੇ ਇਸ ਕਲੱਬ ਦਾ ਸਿਰਫ਼ 50 ਦਿਨਾਂ ਵਿੱਚ ਹੀ ਆਰਿਥਕ ਤੌਰ ਤੇ ਕਮਜੋਰ ਹੋ ਜਾਣਾ ਕਈ ਗੰਭੀਰ ਸਵਾਲਾਂ ਨੂੰ ਜਨਮ ਦਿੰਦਾ ਹੈ, ਕਿਉਂਕਿ ਇਸ ਸੰਸਥਾ ਵੱਲੋਂ ਸਮੇਂ ਸਮੇਂ ‘ਤੇ ਸਰਕਾਰੀ ਅਤੇ ਕਲੱਬ ਵਿੱਚ ਪਹੁੰਚੇ ਰਾਜਸੀ ਮਹਿਮਾਨਾਂ ਨੂੰ ਮਹਿੰਗੇ ਤੋਹਫ਼ੇ ਵੀ ਦਿੱਤੇ ਜਾਂਦੇ ਰਹੇ ਹਨ। ਇੰਨਾਂ ਹੀ ਨਹੀਂ ਕਲੱਬ ਕਮੇਟੀ ਵੱਲੋਂ ਸਮੇਂ ਸਮੇਂ ਤੇ ਕੀਤੇ ਜਾਂਦੇ ਸਮਾਗਮਾਂ ‘ਤੇ ਇੱਕ ਇੱਕ ਰਾਤ ਵਿੱਚ ਲੱਖਾਂ ਰੁਪਿਆ ਪਾਣੀ ਦੀ ਤਰ੍ਹਾਂ ਵਹਾਇਆ ਜਾਂਦਾ ਰਿਹਾ ਹੈ।
800 ਮੈਂਬਰਾਂ ਨੇ ਨਹੀਂ ਦਿੱਤੀ ਸਲਾਨਾ ਫ਼ੀਸ: ਕਲੱਬ ਸਕੱਤਰ ਲੂਬੀ
ਕਲੱਬ ਦੇ ਮੁਲਾਜਮਾਂ ਨੂੰ ਸਰਕਾਰੀ ਹਦਾਇਤਾਂ ਨੂੰ ਨਜ਼ਰਅੰਦਾਜ਼ ਕਰਕੇ ਕੀਤੀ ਤਨਖ਼ਾਹ ਕਟੌਤੀ ਸੰਬੰਧੀ ਪੁੱਛੇ ਜਾਣ ਦੇ ਜੁਆਬ ਵਿੱਚ ਬਰਨਾਲਾ ਕਲੱਬ ਦੇ ਜਨਰਲ ਸਕੱਤਰ ਰਜੀਵ ਲੂਬੀ ਨੇ ਕਲੱਬ ਦੇ ਵਿੱਤੀ ਸੰਕਟ ਦਾ ਰੋਣਾ ਰੋਂਦਿਆਂ ਕਿਹਾ ਕਿ ਕਲੱਬ ਦੇ ਕਰੀਬ ਇੱਕ ਹਜ਼ਾਰ ਮੈਂਬਰਾਂ ਵਿੱਚੋਂ ਅੱਠ ਸੌ ਦੇ ਲੱਗਭੱਗ ਮੈਂਬਰਾਂ ਨੇ ਆਪਣੀ ਸਲਾਨਾ ਫੀਸ 5500 ਰੁਪਏ ਵੀ ਹਾਲੇ ਤੱਕ ਅਦਾ ਨਹੀਂ ਕੀਤੇ। ਲੌਕਡਾਊਨ ਕਾਰਣ ਕਲੱਬ ਬੰਦ ਰਹਿਣ ਦੀ ਵਜ੍ਹਾ ਨਾਲ ਕਲੱਬ ਦੀ ਆਮਦਨੀ ‘ਤੇ ਵੱਡਾ ਅਸਰ ਪਿਆ ਹੈ। ਇਸ ਲਈ ਕਲੱਬ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਲਾਜਮਾਂ ਦੀ ਤਨਖ਼ਾਹ ਦੀ ਕਟੌਤੀ ਨਹੀਂ ਕੀਤੀ ਗਈ , ਪਰ ਕਲੱਬ ਕੋਲ ਫੰਡਾਂ ਦੀ ਘਾਟ ਕਾਰਣ ਉਨ੍ਹਾਂ ਨੂੰ ਅੱਧੀ ਤਨਖ਼ਾਹ ਹੀ ਦਿੱਤੀ ਜਾ ਸਕੀ ਹੈ।
ਮੈਨੂੰ ਤਨਖ਼ਾਹ ਕਟੌਤੀ ਬਾਰੇ ਕੋਈ ਜਾਣਕਾਰੀ ਨਹੀਂ: ਡੀ. ਸੀ. ਫੂਲਕਾ
ਜ਼ਿਲ੍ਹੇ ਦੇ ਡਿਪਟੀ ਕਮੀਸ਼ਨਰ ਅਤੇ ਬਰਨਾਲਾ ਕਲੱਬ ਦੇ ਪ੍ਰਧਾਨ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਲੱਬ ਦੇ ਮੁਲਾਜਮਾਂ ਦੀ ਤਨਖ਼ਾਹ ਕਟੌਤੀ ਬਾਰੇ ਅਗਿਆਨਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਮੇਰੇ ਧਿਆਨ ਵਿੱਚ ਅਜਿਹਾ ਕੋਈ ਮਾਮਲਾ ਅਜੇ ਤੱਕ ਨਹੀਂ ਆਇਆ ਹੈ। ਮੈਂ ਇਸ ਸੰਬੰਧੀ ਜਾਣਕਾਰੀ ਹਾਸਿਲ ਕਰਾਂਗਾ। ਉਨ੍ਹਾਂ ਕਿਹਾ ਕਿ ਮੁਲਾਜਮਾਂ ਦੀ ਤਨਖ਼ਾਹ ਕਟੌਤੀ ਕਿਸੇ ਵੀ ਤਰ੍ਹਾਂ ਜਾਇਜ ਨਹੀਂ ਹੈ।