EO ਬਿਨਾਂ ਸੱਖਣਾ ਹੋਇਆ ਮੰਤਰੀ ਦਾ ਜਿਲ੍ਹਾ, ਲੋਕਾਂ ਦੀ ਖੱਜਲਖੁਆਰੀ ਵਧੀ
4 ਨਗਰ ਕੌਂਸਲਾਂ ਤੇ 1 ਨਗਰ ਪੰਚਾਇਤ ਨੂੰ ਮਿਲਿਆ ਸਿਰਫ 1 ਈ.ੳ. ਤੇ ਉਹ ਵੀ ਚਲਾ ਗਿਆ ਛੁੱਟੀ
ਹਰਿੰਦਰ ਨਿੱਕਾ , ਬਰਨਾਲਾ 13 ਦਸੰਬਰ 2022
ਹੁਣ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਜਿਲ੍ਹਾ ਕਾਰਜ ਸਾਧਕ ਅਫਸਰ ਤੋਂ ਬਿਨਾਂ ਸੱਖਣਾ ਹੋ ਗਿਆ ਹੈ। ਪਹਿਲਾਂ ਵੀ ਕਾਫੀ ਸਮੇਂ ਤੋਂ ਜਿਲ੍ਹੇ ਦੀਆਂ ਚਾਰ ਨਗਰ ਕੌਂਸਲਾਂ ਤੇ ਇੱਕ ਨਗਰ ਪੰਚਾਇਤ ਵਿੱਚ ਸਿਰਫ ਇੱਕ ਹੀ ਈ.ੳ. ਸੁਨੀਲ ਦੱਤ ਵਰਮਾ ਹੀ ਸਨ। ਜਿਹੜੇ ਹੁਣ ਖੁਦ ਦਸ ਦਿਨ ਦੀ ਲੰਬੀ ਛੁੱਟੀ ਤੇ ਚਲੇ ਗਏ ਹਨ। ਜਦੋਂਕਿ ਨਗਰ ਕੌਂਸਲ ਭਦੌੜ ਲਈ, ਪਹਿਲਾਂ ਹੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਬਾਲ ਕ੍ਰਿਸ਼ਨ ਨੂੰ ਐਡੀਸ਼ਨਲ ਚਾਰਜ ਦੇ ਕੇ, ਆਰਜ਼ੀ ਤੌਰ ਤੇ ਹੀ ਪ੍ਰਬੰਧ ਚਲਾਇਆ ਜਾ ਰਿਹਾ ਹੈ। ਉਹ ਵੀ ਬਹੁਤਾ ਸਮਾਂ ਸੰਗਰੂਰ ਨਗਰ ਕੌਂਸਲ ਨੂੰ ਹੀ ਦੇ ਰਹੇ ਹਨ, ਤੇ ਨਗਰ ਕੌਂਸਲ ਭਦੌੜ ਦਾ ਕੰਮ ਸੰਗਰੂਰ ਤੋਂ ਹੀ ਚੱਲ ਰਿਹਾ ਹੈ। ਪਰੰਤੂ ਸੂਬਾ ਸਰਕਾਰ ਦੀ ਗੈਰ ਜਿੰਮੇਵਾਰੀ ਦਾ ਆਲਮ ਹੀ ਨਿਰਾਲਾ ਹੈ, ਈ.ੳ. ਸੁਨੀਲ ਦੱਤ ਵਰਮਾ ਦੀ ਛੁੱਟੀ ਦੇ ਸਮੇਂ ਦੌਰਾਨ ਖਬਰ ਲਿਖੇ ਜਾਣ ਤੱਕ ਕਿਸੇ ਹੋਰ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਐਡੀਸ਼ਨਲ ਚਾਰਜ ਹੀ ਨਹੀਂ ਦਿੱਤਾ ਗਿਆ। ਜਿਸ ਕਾਰਨ ਜਿਲ੍ਹੇ ਅੰਦਰ ਨਗਰ ਕੌਂਸਲ ਬਰਨਾਲਾ, ਨਗਰ ਕੌਂਸਲ ਤਪਾ, ਨਗਰ ਕੌਂਸਲ ਧਨੌਲਾ ਅਤੇ ਨਗਰ ਪੰਚਾਇਤ ਹੰਡਿਆਇਆ ਦਾ ਪ੍ਰਬੰਧ ਹੁਣ ਈ.ੳ. ਦੀ ਅਣਹੋਂਦ ਵਿੱਚ ਰੱਬ ਆਸਰੇ ਹੀ ਰਹਿ ਗਿਆ ਹੈ।
ਇੱਕ ਕਾਣੀ ਸੀ ਤੇ ਦੂਜਾ ਪੈ ਗਿਆ ਕੱਜ਼
ਨਗਰ ਕੌਂਸਲ ਬਰਨਾਲਾ ਦੇ ਕਾਰਜ ਸਾਧਕ ਅਫਸਰ ਸੁਨੀਲ ਦੱਤ ਵਰਮਾ ਕੋਲ ਤਿੰਨ ਹੋਰ ਨਗਰ ਕੌਂਸਲਾਂ/ ਨਗਰ ਪੰਚਾਇਤ ਦਾ ਵਾਧੂ ਚਾਰਜ਼ ਹੋਣ ਕਾਰਣ, ਪਹਿਲਾਂ ਹੀ ਸਾਰੀਆਂ ਕੌਂਸਲਾਂ ਦੇ ਬਾਸ਼ਿੰਦਿਆਂ ਨੂੰ ਕੰਮਾਂ ਵਿੱਚ ਦੇਰੀ ਹੋਣ ਕਾਰਣ, ਖੱਜਲ ਖੁਆਰ ਹੋਣਾ ਪੈਂਦਾ ਸੀ। ਪਰੰਤੂ ਹੁਣ ਉਨ੍ਹਾਂ ਦੇ ਛੁੱਟੀ ਤੇ ਚਲੇ ਜਾਣ ਕਾਰਣ , ਲੋਕਾਂ ਦੀ ਖੱਜਲਖੁਆਰੀ ਵਿੱਚ ਚੋਖਾ ਵਾਧਾ ਹੋ ਗਿਆ ਹੈ।
ਸਾਰੇ ਕੰਮਾਂ ਤੇ ਲੱਗ ਗਈ ਰੋਕ !
ਵਰਨਣਯੋਗ ਹੈ ਕਿ ਜਿਲ੍ਹੇ ਦੀਆਂ ਸਾਰੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਹੰਡਿਆਇਆ ਦੀ ਹੱਦ ‘ਚ ਰਹਿੰਦੇ ਸ਼ਹਿਰੀਆਂ ਦੇ ਲੱਗਭੱਗ ਸਾਰੇ ਹੀ ਕੰਮ ਕਰੀਬ ਇੱਕ ਹਫਤਾ ਪੈਂਡਿੰਗ ਰਹਿਣ ਦੇ ਆਸਾਰ ਬਣ ਗਏ ਹਨ। ਇੱਨ੍ਹਾਂ ਸ਼ਹਿਰੀ ਇਕਾਈਆਂ ਦੇ ਲੋਕਾਂ ਨੂੰ ਅਕਸਰ ਹੀ, ਜਨਮ / ਮੌਤ ਦੇ ਸਰਟੀਫਿਕੇਟਾਂ, ਜਮੀਨਾਂ ਜਾਇਦਾਦਾਂ ਦੀ ਖਰੀਦ ਵੇਚ ਲਈ ਐਨ.ੳ.ਸੀ. , ਇਮਾਰਤਾਂ ਦੇ ਨਕਸ਼ੇ ਪਾਸ ਕਰਵਾਉਣ, ਕੱਚੇ ਘਰਾਂ ਲਈ ਰਾਸ਼ੀ ਰਿਲੀਜ਼ ਕਰਵਾਉਣ, ਪੈਨਸ਼ਨਾਂ ਦੇ ਕੇਸਾਂ ਅਤੇ ਆਰ.ਟੀ.ਆਈ. ਲੈਣ ਲਈ ਨਗਰ ਕੌਂਸਲਾਂ ਵਿੱਚ ਜਾਣਾ ਪੈਂਦਾ ਹੈ। ਇਹ ਸਾਰੇ ਹੀ ਕੰਮ ਕਾਰਜ਼ ਸਾਧਕ ਅਫਸਰ ਦੇ ਇਰਦ ਗਿਰਦ ਘੁੰਮਦੇ ਹਨ। ਕਾਰਜ ਸਾਧਕ ਅਫਸਰ ਬੇਸ਼ੱਕ 12 ਤੋਂ 18 ਦਸੰਬਰ ਤੱਕ ਛੁੱਟੀ ਤੇ ਚਲੇ ਗਏ ਹਨ, ਪਰੰਤੂ ਉਹ ਲੰਘੇ ਵੀਰਵਾਰ ਤੋਂ ਬਾਅਦ ਹੀ ਆਪਣੇ ਹੋਰ ਦਫਤਰੀ ਰੁਝੇਵਿਆਂ ਕਾਰਣ, ਉਹ ਨਗਰ ਕੌਂਸਲ ਬਰਨਾਲਾ ਵਿੱਚ ਨਹੀਂ ਪਹੁੰਚੇ। ਯਾਨੀ ਲੋਕਾਂ ਦੇ ਕੰਮ ਉਸੇ ਦਿਨ ਤੋਂ ਪੈਂਡਿੰਗ ਚੱਲ ਰਹੇ ਹਨ। ਤੇਜਿੰਦਰ ਸਿੰਘ ਹੰਡਿਆਇਆ ਅਤੇ ਚੇਤਨ ਕੁਮਾਰ ਬਰਨਾਲਾ ਨੇ ਕਿਹਾ ਕਿ ਉਹ ਆਰ.ਟੀ.ਆਈ. ਐਕਟ ਤਹਿਤ ਸੂਚਨਾ ਪ੍ਰਾਪਤ ਕਰਨ ਲਈ, ਦੁਰਖਾਸਤ ਦੇਣ ਕ੍ਰਮਾਨੁਸਾਰ ਹੰਡਿਆਇਆ ਤੇ ਬਰਨਾਲਾ ਦਫਤਰ ਗਏ ਸਨ। ਪਰੰਤੂ ਦਫਤਰੀ ਸਟਾਫ ਤੋਂ ਇੱਕੋ ਜੁਆਬ ਸੁਣਨ ਲਈ ਮਿਲਿਆ ਕਿ ਈ.ੳ. ਸਾਬ੍ਹ ਦੇ ਦੁਰਖਾਸਤ ਮਾਰਕ ਕਰਨ ਤੋਂ ਬਿਨਾਂ ਉਹ ਦੁਰਖਾਸਤ ਦਾ ਨੰਬਰ ਨਹੀਂ ਦੇ ਸਕਦੇ। ਮਤਲਬ, ਜਿੰਨੀਂ ਦੇਰ ਤੱਕ ਦੁਰਖਾਸਤ ਮਾਰਕ ਨਹੀਂ ਹੁੰਦੀ, ਉਨ੍ਹੀਂ ਦੇਰ ਤੱਕ ਆਰ.ਟੀ.ਆਈ. ਦੇਣ ਦੀ ਪ੍ਰਕਿਰਿਆ ਸ਼ੁਰੂ ਹੀ ਨਹੀਂ ਹੋਵੇਗੀ। ਠੀਕਰੀਵਾਲਾ ਰੋਡ ਖੇਤਰ ਦੇ ਰਹਿਣ ਵਾਲੇ ਬਜੁਰਗ ਬਚਿੱਤਰ ਸਿੰਘ ਨੇ ਕਿਹਾ ਕਿ ਉਹ ਐਨ.ੳ.ਸੀ. ਲੈਣ ਲਈ, ਲੰਘੇ ਵੀਰਵਾਰ ਤੋਂ ਹੀ ਚੱਕਰ ਕੱਟ ਰਹੇ ਹਨ। ਪਰੰਤੂ ਦਫਤਰ ਵਿੱਚ ਬੈਠੇ ਮੁਲਾਜਮ ਦੋ ਟੁੱਕ ਜੁਆਬ ਦੇ ਰਹੇ ਹਨ ਕਿ ਜਿੰਨ੍ਹੀ ਦੇਰ ਤੱਕ ਕਾਰਜ਼ ਸਾਧਕ ਅਫਸਰ ਨਹੀਂ ਬੈਠਦੇ, ਐਨ.ੳ.ਸੀ. ਜ਼ਾਰੀ ਨਹੀਂ ਹੋ ਸਕਦਾ। ਬਜੁਰਗ ਨਛੱਤਰ ਕੌਰ, ਪ੍ਰੇਮ ਲਤਾ ਅਤੇ ਬੀਰਬਲ ਦਾਸ ਨੇ ਕਿਹਾ ਕਿ ਅਸੀਂ ਪੈਨਸ਼ਨਾਂ ਦੇ ਫਾਰਮ ਲੈ ਕੇ ਦਫਤਰ ਵਿੱਚ ਘੁੰਮ ਰਹੇ ਹਾਂ। ਪਰ, ਮੁਲਾਜਮ ਕਹਿ ਰਹੇ ਹਨ, ਕਿ ਈ.ੳ. ਤੋਂ ਬਿਨਾਂ ਕੋਈ ਕੰਮ ਸੰਭਵ ਹੀ ਨਹੀਂ ਹੈ। ਨਗਰ ਕੌਂਸਲ ਬਰਨਾਲਾ ‘ਚ ਖੜ੍ਹੇ ਸ਼ੰਜੀਵ ਕੁਮਾਰ ਨੇ ਇੱਕ ਮੁਲਾਜ਼ਮ ਵੱਲੋਂ ਈ.ੳ. ਦੇ ਨਾ ਹੋਣ ਦੀ ਗੱਲ ਸੁਣਦਿਆਂ ਵਿਅੰਗ ਕੀਤਾ ਕਿ ਹੁਣ ਈ.ੳ. ਅਸੀਂ ਤਾਂ ਨਹੀਂ ਲਾਉਣਾ, ਫਿਰ ਜੇ ਈ.ੳ. ਛੁੱਟੀ ਚਲਾ ਗਿਆ ਤਾਂ ਕਿਸੇ ਹੋਰ ਨੂੰ ਚਾਰਜ ਦੇ ਦਿਉ, ਕੰਮ ਤਾਂ ਚਲਦਾ ਰਹੇ। ਉੱਧਰ ਐਡੀਸ਼ਨਲ ਡਿਪਟੀ ਕਮਿਸ਼ਨਰ ਜਰਨਲ, ਵਾਧੂ ਚਾਰਜ ਯੂ.ਡੀ. ਲਵਜੀਤ ਕੌਰ ਕਲਸੀ ਨੇ ਮੀਡੀਆ ਦੇ ਸੁਆਲ ਦਾ ਜੁਆਬ ਦਿੰਦਿਆਂ ਕਿਹਾ ਕਿ ਛੇਤੀ ਹੀ, ਬਰਨਾਲਾ, ਤਪਾ, ਧਨੌਲਾ ਅਤੇ ਹੰਡਿਆਇਆ ਲਈ, ਈ.ੳ. ਦਾ ਆਰਜੀ ਚਾਰਜ ਭਦੌੜ ਦੇ ਆਰਜ਼ੀ ਈ.ੳ. ਨੂੰ ਦਿਵਾਇਆ ਜਾਵੇਗਾ। ਤਾਂਕਿ ਲੋਕਾਂ ਨੁੰ ਹੋ ਰਹੀ, ਖੱਜਲਖੁਆਰੀ ਨੂੰ ਠੱਲ੍ਹ ਪੈ ਸਕੇ।