5 ਲੁਟੇਰਿਆਂ ਦੀ ਸ਼ਨਾਖਤ, ਗਿਰਫਤਾਰੀ ਦੇ ਯਤਨ ਤੇਜ਼
ਹਰਿੰਦਰ ਨਿੱਕਾ , ਬਰਨਾਲਾ 14 ਦਸੰਬਰ 2022
ਜਿਲ੍ਹਾ ਪੁਲਿਸ ਦੀ ਸੀ.ਆਈ.ਏ. ਟੀਮ ਨੇ ਸ਼ਹਿਣਾ ਇਲਾਕੇ ‘ਚ ਡਾਕੇ ਦੀ ਯੋਜਨਾ ਫੇਲ ਕਰ ਦਿੱਤੀ। ਪੁਲਿਸ ਨੇ ਡਾਕੇ ਦੀ ਯੋਜਨਾ ਬਣਾ ਰਹੇ, ਵੱਖ ਵੱਖ ਖੇਤਰਾਂ ਦੇ ਰਹਿਣ ਵਾਲੇ ਪੰਜ ਲੁਟੇਰਿਆਂ ਖਿਲਾਫ ਕੇਸ ਦਰਜ਼ ਕਰਕੇ,ਉਨ੍ਹਾਂ ਦੀ ਤਲਾਸ਼ ਵੀ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਆਈ.ਏ. ਦੇ ਇੰਚਾਰਜ , ਇੰਸਪੈਕਟਰ ਬਲਜੀਤ ਸਿੰਘ ਆਪਣੀ ਟੀਮ ਸਣੇ ਸ਼ਹਿਣਾ ਇਲਾਕੇ ਅੰਦਰ ਅਪਰਾਧੀਆਂ ਕਿਸਮ ਦੇ ਵਿਅਕਤੀਆਂ ਦੀ ਪੈੜ ਲੱਭਣ ਲਈ, ਸਪੈਸ਼ਲ ਨਾਕਾਬੰਦੀ ਕਰਕੇ, ਚੈਕਿੰਗ ਲਈ ਨਹਿਰ ਦੇ ਪੁਲ ਮੁੱਖ ਸੜਕ ਬਰਨਾਲਾ ਤੋਂ ਭਦੌੜ ਬਾ-ਹੱਦ ਸ਼ਹਿਣਾ ਮੌਜੂਦ ਸੀ। ਜਿੱਥੇ ਉਨਾਂ ਨੂੰ ਸ਼ਹਿਣ ਪੁਲਿਸ ਦੀ ਪਾਰਟੀ ਮਿਲ ਗਈ। ਉਦੋਂ ਇੱਕ ਮੁਖਬਰ ਖਾਸ ਨੇ, ਸੀ.ਆਈ.ਏ. ਇੰਚਾਰਜ ਬਲਜੀਤ ਸਿੰਘ ਨੂੰ ਇਤਲਾਹ ਦਿੱਤੀ ਕਿ ਫਲਾਂ-ਫਲਾਂ ਵਿਅਕਤੀਆਂ ਨੇ ਮਿਲ ਕੇ ਇੱਕ ਲੁਟੇਰਾ ਗੈਂਬ ਬਣਾਇਆ ਹੋਇਆ ਹੈ। ਇਹ ਗੈਂਗ ਦੇ ਮੈਂਬਰ ਅੱਜ ਲਿੰਕ ਸੜਕ ਸ਼ਹਿਣਾ ਤੋਂ ਨੈਣੇਵਾਲ ਨਜ਼ਦੀਕ ਬੇ.ਅਬਾਦ ਇੱਟਾਂ ਦੇ ਭੱਠੇ ਤੇ ਆਪਣੇ ਇੱਕ ਮੋਟਰ ਸਾਂਹਕਲ ਪਲਟੀਨਾ ਰੰਗ ਕਾਲਾ ,ਇੱਕ ਛੋਟਾ ਹਾਥੀ (ਟੈਂਪੂ) ਰੰਗ ਚਿੱਟਾ ਕ੍ਰੀਮ ਲਈ ਖੜ੍ਹੇ ਹਨ। ਇਹ ਸਾਰੇ ਜਣੇ ਸ਼ਰਾਬ ਦੇ ਠੇਕੇ, ਪੈਟਰੋਲ ਪੰਪ ਅਤੇ ਰਾਹਗੀਰਾਂ ਨੂੰ ਲੁੱਟਣ ਦੀਆਂ ਗੱਲਾਂ ਕਰ ਰਹੇ ਹਨ ਤੇ ਯੋਜਨਾ ਬਣਾ ਰਹੇ ਹਨ । ਮੁਖਬਰ ਅਨੁਸਾਰ ਜੇਕਰ ਹੁਣੇ ਬੇ-ਆਬਾਦ ਇੱਟਾਂ ਦਾ ਭੱਠੇ ਬਾਹੱਦ ਸ਼ਹਿਣਾ ਪਰ ਰੇਡ ਕੀਤਾ ਜਾਵੇ ਤਾਂ ਇਹ ਪੰਜ ਲੁਟੇਰੇ ਨਜਾਇਜ਼ ਅਸਲੇ, ਮਾਰੂ ਹਥਿਆਰਾ ਸਮੇਤ ਰੰਗੇ ਹੱਥੀ ਕਾਬੂ ਆ ਸਕਦੇ ਹਨ। ਇਤਲਾਹ ਸੱਚੀ ਤੇ ਭਰੋਸੇਯੋਗ ਹੋਣ ਕਰਕੇ ਜਿਲ੍ਹਾ ਬਰਨਾਲਾ ਦੇ ਪਿੰਡ ਠੁੱਲੇਵਾਲ ਤੇ ਕਰਮਗੜ੍ਹ, ਸ਼੍ਰੀ ਮੁਕਤਸਰ ਸਾਹਿਬ, ਹਾਲੀਮਵਾਲਾ ਹਾਲ ਸ਼੍ਰੀ ਮੁਕਤਸਰ ਸਾਹਿਬ ਅਤੇ ਮੋਗਾ ਜਿਲ੍ਹੇ ਦੇ ਪਿੰਡ ਪੱਤੋ ਹੀਰਾ ਸਿੰਘ ਦੇ ਰਹਿਣ ਵਾਲੇ ਨੌਜਵਾਨਾਂ ਦੀ ਸ਼ਨਾਖਤ ਦੇ ਅਧਾਰ ਤੇ ਨਾਮਜ਼ਦ ਕਰਕੇ ਦੋਸ਼ੀਆਂ ਖਿਲਾਫ ਥਾਣਾ ਸ਼ਹਿਣਾ ਵਿਖੇ ਅਧੀਨ ਜ਼ੁਰਮ 399/402 ਆਈਪੀਸੀ ਅਤੇ ਅਸਲਾ ਐਕਟ ਤਹਿਤ ਕੇਸ ਦਰਜ਼ ਕੀਤਾ ਗਿਆ ਹੈ। ਪੁਲਿਸ ਨੇ ਜੰਗੀ ਪੱਧਰ ਤੇ ਦੋਸ਼ੀਆਂ ਦੀ ਤਲਾਸ਼ ਤੇਜ਼ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਦੀ ਗਿਰਫਤਾਰੀ ਦੀ ਸੰਭਾਵਨਾ ਹੈ।